ਦਾਣਾ ਮੰਡੀ ਹੁਸ਼ਿਆਰਪੁਰ ਨੂੰ ਮਾਡਲ ਮੰਡੀ ਵਜੋਂ ਕੀਤਾ ਜਾਵੇਗਾ ਵਿਕਸਿਤ - ਆਸ਼ਿਕਾ ਜੈਨ
- ਡਿਪਟੀ ਕਮਿਸ਼ਨਰ ਨੇ ਚੇਅਰਮੈਨ ਮਾਰਕੀਟ ਕਮੇਟੀ ਸਮੇਤ ਕੀਤਾ ਦਾਣਾ ਮੰਡੀ ਦਾ ਦੌਰਾ
- ਮੰਡੀ ‘ਚ ਬੁਨਿਆਦੀ ਪ੍ਰਬੰਧ ਸੁਧਾਰਨ ਲਈ ਦਿੱਤੇ ਨਿਰਦੇਸ਼
- ਕਿਹਾ, ਨਗਰ ਨਿਗਮ ਦੇ ਸਹਿਯੋਗ ਨਾਲ ਖੇਤੀਬਾੜੀ ਰਹਿੰਦ-ਖੂੰਹਦ ਦੇ ਪ੍ਰਬੰਧਨ 'ਤੇ ਕੀਤਾ ਜਾਵੇਗਾ ਕੰਮ
- ਅੰਦਰੂਨੀ ਸੜਕਾਂ ਦੀ ਮੁਰੰਮਤ ਅਤੇ ਸੀਵਰੇਜ ਸਿਸਟਮ ‘ਚ ਵੀ ਕੀਤਾ ਜਾਵੇਗਾ ਸੁਧਾਰ
ਹੁਸ਼ਿਆਰਪੁਰ, 11 ਜੁਲਾਈ 2025 - ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਦਾਣਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕਰਕੇ ਉਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਵੀ ਉਨ੍ਹਾਂ ਦੇ ਨਾਲ ਸਨ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੰਡੀ ਵਿਚ ਸਾਫ-ਸਫ਼ਾਈ ਦੀ ਸਥਿਤੀ, ਖੇਤੀਬਾੜੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਸੜਕਾਂ ਤੇ ਸੀਵਰੇਜ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੰਡੀ ਵਿਚ ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੰਡੀ ਵਿਚ ਪੈਦਾ ਹੋਣ ਵਾਲੇ ਖੇਤੀਬਾੜੀ ਰਹਿੰਦ-ਖੂੰਹਦ ਦਾ ਪ੍ਰਬੰਧਨ ਨਗਰ ਨਿਗਮ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਪ੍ਰੋਜੈਕਟ ਤਹਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਰਾਹੀਂ ਨਾ ਸਿਰਫ਼ ਸਫ਼ਾਈ ਵਿਚ ਸੁਧਾਰ ਕੀਤਾ ਜਾਵੇਗਾ, ਸਗੋਂ ਮੰਡੀ ਨੂੰ ਇਕ ਮਾਡਲ ਮੰਡੀ ਵਜੋਂ ਵਿਕਸਿਤ ਕਰਨ ਵੱਲ ਵੀ ਠੋਸ ਕਦਮ ਚੁੱਕੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਮੰਡੀ ਦੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਅਤੇ ਸੀਵਰੇਜ ਸਿਸਟਮ ਨੂੰ ਵੀ ਬਿਹਤਰ ਬਣਾਇਆ ਜਾਵੇਗਾ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਮੰਡੀ ਵਿਚ ਹੋਰ ਬੁਨਿਆਦੀ ਸਮੱਸਿਆਵਾਂ ਦੀ ਪਛਾਣ ਕਰਕੇ ਪੜਾਅਵਾਰ ਹੱਲ ਕੀਤਾ ਜਾਵੇਗਾ।
ਚੇਅਰਮੈਨ ਮਾਰਕੀਟ ਕਮੇਟੀ ਜਸਪਾਲ ਸਿੰਘ ਚੇਚੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ ਮੰਡੀ ਦਾ ਦੌਰਾ ਕਰਨਾ ਮੰਡੀ ਦੀ ਬਿਹਤਰੀ ਲਈ ਇਕ ਮਹੱਤਵਪੂਰਨ ਕਦਮ ਹੈ। ਅਸੀਂ ਪੂਰੀ ਵਚਨਬੱਧਤਾ ਨਾਲ ਮੰਡੀ ਨੂੰ ਸਾਫ਼-ਸੁਥਰਾ, ਸੁਵਿਧਾਯੁਕਤ ਅਤੇ ਕਿਸਾਨ-ਪੱਖੀ ਬਣਾਵਾਂਗੇ। ਸਫ਼ਾਈ ਪ੍ਰਣਾਲੀ ਦੇ ਨਾਲ-ਨਾਲ ਮੰਡੀ ਦੀਆਂ ਟੁੱਟੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਜਲਦੀ ਸ਼ੁਰੂ ਕੀਤੀ ਜਾਵੇਗੀ ਅਤੇ ਸੀਵਰੇਜ ਪ੍ਰਣਾਲੀ ਦੀ ਸਫ਼ਾਈ ਅਤੇ ਸੁਧਾਰ ਦਾ ਕੰਮ ਵੀ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ, ਲਾਈਟਾਂ, ਸ਼ੈੱਡ ਅਤੇ ਬੈਠਣ ਵਰਗੀਆਂ ਬੁਨਿਆਦੀ ਸਹੂਲਤਾਂ ਵਿਚ ਵੀ ਸੁਧਾਰ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਸਹੂਲਤ ਮਿਲ ਸਕੇ। ਚੇਅਰਮੈਨ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਦੇ ਇਸ ਸਾਂਝੇ ਉਪਰਾਲੇ ਨਾਲ ਦਾਣਾ ਮੰਡੀ ਨੂੰ ਸੂਬੇ ਦੀਆਂ ਆਦਰਸ਼ ਮੰਡੀਆਂ ਵਿਚ ਸ਼ਾਮਿਲ ਕਰਨ ਵੱਲ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਗੁਰਕਿਰਪਾਲ ਸਿੰਘ, ਕਾਰਜਕਾਰੀ ਦਿਲਪ੍ਰੀਤ ਸਿੰਘ, ਸਕੱਤਰ ਮਾਰਕੀਟ ਕਮੇਟੀ ਵਿਨੋਦ ਕੁਮਾਰ, ਅਮਿਤ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।