ਸਿਤਾਰਪੁਰ-ਜੜੌਤ ਸੰਪਰਕ ਸੜਕ ਦਾ ਵਜੂਦ ਖ਼ਤਮ, ਥਾਂ-ਥਾਂ ਪਏ ਟੋਏ
- ਰਾਹਗੀਰ ਹੋ ਰਹੇ ਹਨ ਪ੍ਰੇਸ਼ਾਨ, ਦਰਜਨ ਤੋਂ ਵੱਧ ਪਿੰਡਾਂ ਦੇ ਰਾਹਗੀਰ ਲੰਘਦੇ ਹਨ ਰੋਜ਼ਾਨਾ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਜੁਲਾਈ 2025: ਆਪਣਾ ਵਜੂਦ ਗੁਆ ਚੁੱਕੀ ਸਿਤਾਰਪੁਰ-ਜੜੌਤ ਸੰਪਰਕ ਸੜਕ ਦੀ ਪਿਛਲੇ 9 ਸਾਲਾ ਤੋਂ ਸੱਤਾ ਹੰਢਾ ਰਹੀਆਂ ਸਰਕਾਰਾਂ ਨੇ ਸਾਰ ਨਹੀਂ ਲਈ ਤੇ ਨਾ ਹੀ ਇਸ ਨੂੰ ਰਿਪੇਅਰ ਕਰਨਾ ਆਪਣਾ ਫਰਜ ਸਮਝਿਆ। ਉਕਤ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ, ਕਿ ਸੜਕ ਘੱਟ ਤੇ ਟੋਏ ਵੱਧ ਨਜ਼ਰ ਆਉਂਦੇ ਹਨ ਅਤੇ ਇਥੋਂ ਲੰਘਣ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਪੰਜਾਬ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 18 ਫੁੱਟ ਚੌੜੀ ਬਣੀ ਇਸ ਸੜਕ ਦੀ ਹਾਲਤ ਪੰਜਾਬੀ ਢਾਬੇ ਤੋਂ ਲੈ ਕੇ ਜੜੌਤ ਤੱਕ ਬਹੁਤ ਹੀ ਖਸਤਾ ਹਾਲਤ ਵਿੱਚ ਹੈ।
ਪਿੰਡ ਸਿਤਾਰਪੁਰ ਵਾਸੀ ਪੰਚ ਗੁਰਜੰਟ ਸਿੰਘ, ਬਲਰਾਮ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਕੁਮਾਰ, ਪਿੰਡ ਧਰਮਗੜ੍ਹ ਵਾਸੀ ਜਗਤਾਰ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ ਬੱਲੂ, ਜਗਜੀਤ ਸਿੰਘ ਨੰਬਰਦਾਰ ਤੇ ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਸਿਤਾਰਪੁਰ-ਜੜੌਤ ਸੰਪਰਕ ਸੜਕ ਹੁਣ ਸੜਕ ਨਾ ਰਹਿ ਕਿ ਖੱਡਿਆਂ 'ਚ ਤਬਦੀਲ ਹੋ ਚੁੱਕੀ ਹੈ, ਜਿਸ ਉੱਤੋਂ ਲੰਘਣਾ ਮੌਤ ਨੂੰ ਸੱਦਾ ਦੇਣ ਬਰਾਬਰ ਹੈ,ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਇੱਥੇ ਰਾਹਗੀਰ ਸੱਟਾਂ ਖਾ ਰਹੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਥੋੜ੍ਹੀ ਜਿਹੀ ਬਰਸਾਤ ਨਾਲ ਇਸ ਸੜਕ ਵਿੱਚ ਪਏ ਟੋਏ ਪਾਣੀ ਨਾਲ ਕਈਂ-ਕਈਂ ਦਿਨ ਭਰੇ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਵੱਡੇ ਵਾਹਨ ਇਨ੍ਹਾਂ ਖੱਡਿਆਂ ਰਾਹੀਂ ਲੰਘਦੇ ਹਨ ਤਾਂ ਖੜਿਆ ਗੰਦਾਂ ਪਾਣੀ ਛੋਟੇ ਵਾਹਨਾਂ ਉੱਤੇ ਡਿੱਗਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਚੱਲਦਿਆਂ ਵਾਹਨ ਚਾਲਕਾਂ ਨੂੰ ਖੱਡਿਆਂ ਦਾ ਪਤਾ ਨਹੀਂ ਲੱਗਦਾ ਤੇ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੀਬ 9 ਸਾਲ ਪਹਿਲਾਂ ਬਣੀ ਇਸ ਸੜਕ ਉੱਤੇ ਪ੍ਰਸ਼ਾਸਨ ਨੂੰ ਜਲਦ ਧਿਆਨ ਦੇਣ ਦੀ ਲੋੜ ਹੈ। ਸੰਪਰਕ ਕਰਨ 'ਤੇ ਪੰਜਾਬ ਮੰਡੀ ਬੋਰਡ ਜ਼ਿਲ੍ਹਾ ਮੋਹਾਲੀ ਦੇ ਐਸਡੀਓ ਅਮਨਵੀਰ ਸਿੰਘ ਨੇ ਕਿਹਾ ਕਿ ਸੜਕ ਦਾ ਸਰਵੇ ਹੋ ਚੁੱਕਾ ਹੈ ਤੇ ਪੰਜਾਬ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਉਕਤ ਸੜਕ ਦੀ ਰਿਪੇਅਰ ਦਾ ਪ੍ਰਸਤਾਵ ਭੇਜਿਆ ਹੋਇਆ ਸੀ, ਜਿਸ ਦਾ ਇੱਕ ਮਹੀਨੇ ਦੇ ਵਿੱਚ ਹੀ ਟੈਂਡਰ ਹੋ ਜਾਵੇਗਾ, ਉਸ ਤੋਂ ਬਾਅਦ ਉਕਤ ਸੰਪਰਕ ਸੜਕ ਉੱਤੇ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਭਾਰੀ ਵਾਹਨਾਂ ਦੇ ਚੱਲਣ ਕਾਰਨ ਟੁੱਟੀ ਸੜਕ-ਰਾਹਗੀਰ
ਰਾਹਗੀਰਾਂ ਦਾ ਦੋਸ਼ ਹੈ ਕਿ ਪੰਜਾਬੀ ਢਾਬੇ ਤੋਂ ਲੈ ਕੇ ਗੁੱਗਾ ਮਾੜੀ ਤੱਕ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ ਤੇ ਉਸ ਉੱਤੇ ਪਾਇਆ ਗਟਕਾ ਤੇ ਬਜਰੀ ਸੜਕ ਉੱਤੇ ਬਿਖਰੀ ਰਹਿੰਦੀ ਹੈ, ਜਿਸ ਨਾਲ ਦੋ ਪਹੀਆ ਵਾਹਨਾਂ ਦੇ ਸਲਿੱਪ ਕਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੜਕ ਟੁੱਟਣ ਦਾ ਮੁੱਖ ਕਾਰਨ ਸੰਪਰਕ ਸੜਕ 'ਤੇ ਸਥਿਤ ਵੱਖ-ਵੱਖ ਕੰਪਨੀਆਂ ਦੇ ਵਿੱਚ ਭਾਰੀ ਵਾਹਨਾਂ ਦਾ ਆਉਣਾ–ਜਾਣਾ ਬਣਿਆ ਰਹਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਤਾਰਪੁਰ-ਜੜੌਤ ਸੰਪਰਕ ਸੜਕ ਦੀ ਸਾਰ ਲਈ ਜਾਵੇ ਤੇ ਸੜਕ ਨੂੰ ਮੁੜ ਤੋਂ ਵਧੀਆ ਮਟੀਰੀਅਲ ਪਾ ਕੇ ਬਣਾਇਆ ਜਾਵੇ।