ਨਰਿੰਦਰਦੀਪ ਹਿਰਾਸਤੀ ਕਤਲ: ਐਕਸ਼ਨ ਕਮੇਟੀ ਨੇ ਲਿਆ ਲੁਧਿਆਣਾ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ, 14 ਜੂਨ 2025: ਨਰਿੰਦਰ ਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 16 ਜੂਨ ਨੂੰ ਲੁਧਿਆਣਾ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਕੇ ਜਾਇਜ਼ਾ ਲਿਆ। ਡਾਕਟਰ ਭੀਮ ਰਾਓ ਅੰਬੇਡਕਰ ਪਾਰਕ ਵਿਖੇ ਹੋਈ ਐਕਸ਼ਨ ਕਮੇਟੀ ਦੀ ਮੀਟਿੰਗ ਚ ਹਾਜ਼ਰ ਵੱਖ ਵੱਖ ਨੁੰਮਾਇੰਦਿਆਂ ਵੱਲੋਂ ਵੱਡੀ ਗਿਣਤੀ ਚ ਲੋਕਾਂ ਦੇ ਲੁਧਿਆਣਾ ਮਾਰਚ ਚ ਪਹੁੰਚਣ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਨਰਿੰਦਰਦੀਪ ਨੂੰ ਪੁਲਿਸ ਹਿਰਾਸਤ ਦੌਰਾਨ ਤਸੀਹੇ ਦੇ ਕੇ ਕਤਲ ਕਰਨ ਵਾਲੇ ਦੋਸ਼ੀ ਪੁਲਸੀਆਂ ਨੂੰ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗਿਰਫ਼ਤਾਰ ਕਰਨ, ਸਮੁੱਚੇ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਵਰਗੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲੁਧਿਆਣਾ ਵਿਖੇ ਰੱਖੇ ਰੋਸ ਮਾਰਚ ਦੌਰਾਨ ਨਰਿੰਦਰਦੀਪ ਤੇ ਪੁਲਿਸ ਵੱਲੋਂ ਤਸ਼ੱਦਦ ਕਰਕੇ ਕਤਲ ਕਰਨ ਤੋਂ ਇਲਾਵਾ ਆਪ ਸਰਕਾਰ ਦੇ ਰਾਜ ਦੌਰਾਨ ਪੁਲਿਸ ਹਿਰਾਸਤ ਚ ਆਏ ਦਿਨ ਹੁੰਦੀਆਂ ਮੌਤਾਂ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ।
ਇਸੇ ਦੌਰਾਨ ਡੀ ਆਈ ਜੀ ਸ੍ਰੀ ਹਰਜੀਤ ਸਿੰਘ ਵੱਲੋਂ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ਼ ਮੀਟਿੰਗ ਵੀ ਕੀਤੀ ਗਈ ਪਰ ਗੱਲ ਕਿਸੇ ਤਣ ਪੱਤਣ ਨਾ ਲੱਗ ਸਕੀ । ਮੀਟਿੰਗ ਵਿੱਚ ਹਾਜ਼ਰ ਐਕਸ਼ਨ ਕਮੇਟੀ ਦੇ ਆਗੂਆਂ ਸ਼ਿੰਗਾਰਾ ਸਿੰਘ ਮਾਨ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜਗਜੀਤ ਸਿੰਘ ਲਹਿਰਾ, ਰਾਜਮਹਿੰਦਰ ਸਿੰਘ ਕੋਟਭਾਰਾ, ਲਛਮਣ ਸਿੰਘ ਸੇਵੇਵਾਲਾ, ਜਸਵੀਰ ਸਿੰਘ ਆਕਲੀਆ, ਅਮੀ ਲਾਲ਼, ਜਸਪਾਲ ਬੰਗੀ, ਗੁਰਨਾਮ ਸਿੰਘ ਰਾਮਪੁਰਾ,ਮੱਖਣ ਸਿੰਘ ਗੁਰੂਸਰ, ਬਲਕਰਨ ਸਿੰਘ, ਜਸਵਿੰਦਰ ਸਿੰਘ, ਐਡਵੋਕੇਟ ਸੰਦੀਪ ਪਾਠਕ,ਚੰਦਰ ਸ਼ਰਮਾ, ਵਰਿੰਦਰ ਧੀਗੜਾ, ਹਮੀਰ ਸਿੰਘ ਮੱਕੜ,ਗੁਰਮੀਤ ਸਿੰਘ ਜੈ ਸਿੰਘ ਵਾਲਾ ਤੋਂ ਇਲਾਵਾ ਮਿਰਤਕ ਨਰਿੰਦਰ ਦੀਪ ਸਿੰਘ ਦੀ ਪਤਨੀ ਨੈਨਸੀ, ਪਿਤਾ ਰਣਜੀਤ ਸਿੰਘ ਤੇ ਨਵਦੀਪ ਸਿੰਘ ਆਦਿ ਆਗੂਆਂ ਨੇ ਡੀ ਆਈ ਜੀ ਤੋਂ ਮੰਗ ਕੀਤੀ ਕਿ ਕੇਸ ਚ ਨਾਮਜ਼ਦ ਦੋਸ਼ੀਆਂ ਨੂੰ ਫੌਰੀ ਗਿਰਫ਼ਤਾਰ ਕੀਤਾ ਜਾਵੇ, ਸਮੁੱਚੇ ਰੂਪ ਦੀ ਹਾਈਕੋਰਟ ਦੇ ਮੌਜ਼ੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਤੇ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਐਕਸ਼ਨ ਕਮੇਟੀ ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਐਕਸ਼ਨ ਕਮੇਟੀ ਨੇ ਸਪੱਸ਼ਟ ਕੀਤਾ ਕਿ 16 ਜੂਨ ਦੇ ਰੋਸ ਮਾਰਚ ਦੌਰਾਨ ਕਿਸੇ ਸਿਆਸੀ ਪਾਰਟੀ ਨੂੰ ਨੇੜੇ ਨਹੀਂ ਫਟਕਣ ਦਿੱਤਾ ਜਾਵੇਗਾ।