Babushahi Special: ਲੈਲੋ ਤੱਕਲੇ ਖੁਰਚਣੇ ਤੱਕ ਸਿਮਟੀ ਗੱਡੀਆਂ ਵਾਲਿਆਂ ਦੀ ਗੱਡੀ
ਅਸ਼ੋਕ ਵਰਮਾ
ਬਠਿੰਡਾ, 28 ਦਸੰਬਰ 2024: ਭਾਵੇਂ ਸਮੇਂ ਦੀਆਂ ਸਰਕਾਰਾਂ ਵੱਖ ਵੱਖ ਵਰਗਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਆ ਰਹੀਆਂ ਹਨ ਪਰ ਪੰਜਾਬੀ ਸਮਾਜ ਨਾਲ ਜੁੜਿਆ ਕਬੀਲਾ ਜਿਸ ਨੂੰ ਗੱਡੀਆਂ ਵਾਲੇ ਕਿਹਾ ਜਾਂਦਾ ਹੈ ਉਹ ਹਾਲੇ ਤੱਕ ਵੀ ਢੁੱਕਵੀਆਂ ਸਹੂਲਤਾਂ ਤੋਂ ਮਹਿਰੂਮ ਚੱਲੇ ਆ ਰਹੇ ਹਨ। ਮਹੱਤਵਪੂਰਨ ਇਹ ਵੀ ਹੈ ਕਿ ਇੰਨ੍ਹਾਂ ਗੱਡੀਆਂ ਵਾਲਿਆਂ ਦਾ ਤੱਕਲੇ, ਖੁਰਚਣੇ, ਕਹੀਆਂ,ਕੁਹਾੜੀਆਂ ਬਨਾਉਣ ਅਤੇ ਪੇਂਡੂ ਕਬੀਲਦਾਰੀ ਨਾਲ ਸਬੰਧਤ ਹੱਥੀ ਕੰਮ ਕਰਨ ਨੂੰ ਅਧੁਨਿਕਤਾ ਦੀ ਚਕਾਚੌਂਧ ਅਤੇ ਮਸ਼ੀਨੀਕਰਨ ਨੇ ਖੋਰਾ ਲਾਇਆ ਹੈ। ਹਾਲਾਂਕਿ ਟਾਵਾਂ ਟਾਵਾਂ ਨਵਾਂ ਪੋਚ ਹੁਣ ਜਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਸਮਝਦਿਆਂ ਨਵੀਂ ਹਵਾ ਦਾ ਮਹੱਤਵ ਸਮਝਣ ਲੱਗਿਆ ਹੈ ਫਿਰ ਵੀ ਬਹੁਗਿਣਤੀ ਪ੍ਰੀਵਾਰਾਂ ’ਚ ਅੱਜ ਵੀ ਉਹੀ ਪੁਰਾਣਾ ਪਹਿਰਾਵਾ ਅਤੇ ਕਿੱਤਾ ਤਰਜੀਹ ਬਣਿਆ ਹੋਇਆ ਹੈ। ਇਹ ਕਬੀਲਾ ਖੁਦ ਨੂੰ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਅਖਵਾਉਂਦਾ ਹੈ ਜਿਸ ਨੂੰ ਸਰਕਾਰ ਤਰਫੋਂ ਦਿੱਤੀ ਜਾਂਦੀ ਕੋਈ ਵੀ ਸਹੂਲਤ ਨਹੀਂ ਮਿਲ ਸਕੀ ਹੈ।
ਇਸ ਕਬੀਲੇ ਨਾਲ ਸਬੰਧ ਰੱਖਣ ਵਾਲੇ ਜਿਆਦਾਤਰ ਲੋਕ ਅਜਿਹੇ ਵੀ ਹਨ ਜਿੰਨ੍ਹਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਨਹੀਂ ਹੈ। ਰਾਜਪੂਤ ਬਰਾਦਰੀ ਨਾਲ ਸਬੰਧਤ ਮੰਨੇ ਜਾਂਦੇ ਇਹ ਲੋਕ ਦੋ ਵਕਤ ਰੋਟੀ ਲਈ ਪ੍ਰੀਵਾਰ ਸਮੇਤ ਪੰਜਾਬ ਦੇ ਵੱਖ ਵੱਖ ਕੋਨਿਆਂ ’ਚ ਜਾ ਕੇ ਲੁਹਾਰਾਂ ਦੀ ਤਰਜ਼ ਤੇ ਲੋਕਾਂ ਦਾ ਲੋਹੇ ਦਾ ਸਮਾਨ ਤਿਆਰ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਗੱਡੀਆਂ ਵਾਲਿਆਂ ਦੇ ਪੁਰਖੇ ਬੀਕਾਨੇਰ (ਰਾਜਸਥਾਨ) ਦੇ ਵਾਸੀ ਸਨ ਜੋਕਿ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਮਾਲਵੇ ਵਿੱਚ ਆ ਗਏ ਸਨ। ਆਪਣੇ ਪੁਸ਼ਤੈਨੀ ਕਿੱਤੇ ਦੀ ਵਿਰਾਸਤ ਨਾਲ ਆਪਣੀ ਰੋਜ਼ੀ ਰੋਟੀ ਖਾਤਰ ਇਨ੍ਹਾਂ ਪ੍ਰੀਵਾਰਾਂ ਨੂੰ ਆਪਣੀਆਂ ਬਲਦ ਗੱਡੀਆਂ ‘ਤੇ ਸਾਮਾਨ ਲੱਦ ਕੇ ਇੱਕ ਤੋਂ ਦੂਜੀ ਥਾਂ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਗੱਡੀਆਂ ਵਾਲੇ ਵਜੋਂ ਜਾਣੇ ਜਾਂਦੇ ਇੰਨ੍ਹਾਂ ਲੋਕਾਂ ਦਾ ਆਪਣਾ ਕੋਈ ਸਥਾਈ ਰੈਣ ਬਸੇਰਾ ਨਾ ਹੋਣ ਕਰਕੇ ਹਰ ਤਰਾਂ ਦੇ ਮੌਸਮ ਦੌਰਾਨ ਉਨ੍ਹਾਂ ਦੇ ਅਸਲੀ ਘਰ ਵੀ ਇਹ ਗੱਡੀਆਂ ਹੀ ਬਣਦੀਆਂ ਹਨ।
ਪਿੰਡ ਦੀਆਂ ਗਲੀਆਂ ‘ਚ ਲੋਹੇ ਦਾ ਸਮਾਨ ਠੀਕ ਕਰਵਾਉਣ ਲਈ ਹੋਕਾ ਦਿੰਦੀਆਂ ਇਸ ਕਬੀਲੇ ਦੀਆਂ ਔਰਤਾਂ ਕੌਡੀਆਂ ਵਾਲੇ ਕੱਪੜੇ ਪਾਉਂਦੀਆਂ ਹਨ ਅਤੇ ਪੂਰੀਆਂ ਬਾਹਵਾਂ ਵਿੱਚ ਗਜ਼ਰੇ ਤੇ ਚੂੜਾ ਪਾਉਣ ਕਾਰਨ ਉਨ੍ਹਾਂ ਦੀ ਪਛਾਣ ਵੱਖਰੀ ਨਜ਼ਰ ਆਉਂਦੀ ਹੈ। ਪਹਿਲਾਂ ਇਹ ਪ੍ਰੀਵਾਰ ਇੱਕ ਪਿੰਡ ਵਿੱਚ ਦੋ ਮਹੀਨੇ ਤੱਕ ਰਹਿ ਜਾਂਦੇ ਸਨ ਪਰ ਹੁਣ ਕੰਮ ਧੰਦੇ ਦੀ ਘਾਟ ਕਾਰਨ ਉਨ੍ਹਾਂ ਨੂੰ ਜਿਆਦਾ ਥਾਵਾਂ ਤੇ ਜਾਣਾ ਪੈ ਰਿਹਾ ਹੈ । ਅਜਿਹੇ ਹੀ ਇੱਕ ਪ੍ਰੀਵਾਰ ਦੇ ਮੁਖੀਆ ਬੂਟਾ ਰਾਮ ਦਾ ਕਹਿਣਾ ਸੀ ਕਿ ਪਹਿਲੀ ਗੱਲ ਇਹ ਹੈ ਕਿ ਹੁਣ ਪਹਿਲਾਂ ਵਾਲੀ ਗੱਲ ਹੀ ਨਹੀਂ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਹੀਆਂ, ਬੱਠਲ ਅਤੇ ਕੁਹਾੜੀਆਂ ਆਦਿ ਬਾਜ਼ਾਰ ਵਿੱਚ ਬਣੀਆਂ ਬਣਾਈਆਂ ਮਿਲ ਜਾਂਦੀਆਂ ਹਨ ਜਿਸ ਨੇ ਉਨ੍ਹਾਂ ਦੇ ਰੁਜ਼ਗਾਰ ਨੂੰ ਵੱਡੀ ਸੱਟ ਮਾਰੀ ਹੈ। ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਪਿੱਛੋਂ ਸਾਲ ’ਚ ਮਸਾਂ 15 - 20 ਹਜ਼ਾਰ ਕਮਾਈ ਹੁੰਦੀ ਹੈ ਜੋ ਪ੍ਰੀਵਾਰ ਨੂੰ ਪਾਲਣ ਲਈ ਨਾਕਾਫੀ ਹੈ।
ਬੂਟਾ ਰਾਮ ਦੱਸਦਾ ਹੈ ਕਿ ਮਹਿੰਗਾਈ ਦੇ ਇਸ ਦੌਰ ਦੌਰਾਨ ਜਦੋਂ ਪ੍ਰੀਵਾਰ ਦੇ ਮੋਢੀ ਨੂੰ ਰੋਜ਼ੀ-ਰੋਟੀ ਨਹੀਂ ਚਲਾਉਣ ’ਚ ਦਿੱਕਤਾਂ ਆਉਂਦੀਆਂ ਹਨ ਤਾਂ ਛੋਟੇ ਬੱਚਿਆਂ ਨੂੰ ਮਜਬੂਰੀ ਵੱਸ ਬਚਪਨ ਵਿੱਚ ਹੀ ਪੁਸ਼ਤੈਨੀ ਕਿੱਤਾ ਅਪਨਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਘੁੰਮਦੇ ਰਹਿਣ ਕਾਰਨ ਉਨ੍ਹਾਂ ਦੇ ਬੱਚੇ ਵੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਵੀ ਉਨ੍ਹਾਂ ਨੂੰ ਜ਼ਿੰਦਗੀ ਭਰ ਪਛੜਿਆਂ ਵਾਂਗ ਰਹਿਣਾ ਪੈ ਰਿਹਾ ਹੈ। ਇਸ ਕਬੀਲੇ ਦੇ ਜੱਗਾ ਰਾਮ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿਛੋਕੜ ਚਿਤੌੜਗੜ੍ਹ (ਰਾਜਸਥਾਨ) ਦਾ ਹੈ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਰਾਜਸਥਾਨ ਦੇ ਕਈ ਪਿੰਡਾਂ ਵਿੱਚ ਜ਼ਮੀਨ ਅਲਾਟ ਕੀਤੀ ਗਈ ਸੀ ਜੋ ਉਨ੍ਹਾਂ ਨੇ ਹਾਸਲ ਹੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਨੂੰ ਆਜ਼ਾਦ ਹੋਇਆਂ 77 ਸਾਲ ਤੋਂ ਜਿਆਦਾ ਅਰਸਾ ਹੋ ਗਿਆ ਹੈ ਪਰ ਉਹ ਹਾਲੇ ਵੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹਨ ।
ਜੱਗਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਕਬੀਲੇ ਨੂੰ ਨਾਂ ਕੋਈ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਈ ਗਈ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੋਈ ਸਰਕਾਰੀ ਸਹੂਲਤ ਤਾਂ ਇੱਕ ਪਾਸੇ ਉਨ੍ਹਾਂ ਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ, ਜਿਸ ਦਾ ਕਾਰਨ ਵੋਟ ਦਾ ਅਧਿਕਾਰ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਇੱਕ ਤੋਂ ਦੂਸਰੀ ਥਾਂ ਜਾਂਦੇ ਰਹਿਣ ਕਾਰਨ ਸਿਆਸੀ ਆਗੂਆਂ ਨੂੰ ਵੀ ਉਨ੍ਹਾਂ ਪ੍ਰਤੀ ਕੋਈ ਬਹੁਤੀ ਦਿਲਚਸਪੀ ਨਹੀਂ ਹੈ ਜਦੋਂਕਿ ਉਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਸਰਕਾਰ ਦੀਆਂ ਆਟਾ ਦਾਲ ਸ਼ਕੀਮ , ਸ਼ਗਨ ਸਕੀਮ ਤੇ ਹੋਰ ਕਈ ਤਰਾਂ ਦੇ ਸਰਕਾਰੀ ਲਾਭ ਵੀ ਨਹੀਂ ਮਿਲ ਰਹੇ ਹਨ। ਇਨ੍ਹਾਂ ਪਰਿਵਾਰਾਂ ਨੇ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ , ਮਕਾਨ ਬਨਾਉਣ ਲਈ ਥਾਂ, ਚੋਣ ਸ਼ਨਾਖਤੀ ਕਾਰਡ ਬਨਾਉਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ।