ਸੰਤ ਸੀਚੇਵਾਲ ਤੋਂ ਬਾਅਦ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਅਕੈਸ਼ਨ ਮੋਡ ਵਿੱਚ ਆਏ ਵਿਭਾਗ
ਡੇਅਰੀਆਂ ਤੋਂ ਬਾਅਦ ਬੁੱਢੇ ਦਰਿਆ ਵਿੱਚ ਜਹਿਰੀਲਾ ਪਾਣੀ ਪਾਉਣ ਵਾਲੀਆ ਡਾਇੰਗਾਂ ਵਿਰੁੱਧ ਕਾਰਵਾਈ
ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ : ਪੀਪੀਸੀਬੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 28 ਦਸੰਬਰ 2024 ਪਲੀਤ ਹੋ ਚੁੱਕੇ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਰੰਭੀ ਕਾਰਸੇਵਾ ਦੇ ਦੂਜੇ ਗੇੜ ਦੌਰਾਨ ਹੁਣ ਵਿਭਾਗਾਂ ਦੇ ਅਧਿਕਾਰੀ ਵੀ ਸਖ਼ਤ ਐਕਸ਼ਨ ਮੋਡ 'ਚ ਆ ਗਏ ਹਨ। ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਛੱੁਟੀ ਵਾਲੇ ਦਿਨ ਬੁੱਧਵਾਰ ਨੂੰ ਸਰਚ ਅਪ੍ਰੇਸ਼ਨ ਰਾਹੀ ਚਾਰ ਉਦਯੋਗਿਕ ਇਕਾਈਆਂ ਜੋ ਗੈਰ-ਸੋਧਿਆ ਪਾਣੀ ਦਰਿਆ ਵਿੱਚ ਸੁੱਟ ਰਹੀਆਂ ਸਨ। ਉਹਨਾਂ ਨੂੰ ਫੜਿਆ ਤੇ ਉਹਨਾਂ ਤੇ ਸਖਤ ਕਾਰਵਾਈ ਕਰਦਿਆ ਹੋਇਆ ਰੰਗਾਈ ਯੂਨਿਟਾਂ ਨੂੰ ਨੋਟਿਸ ਜਾਰੀ ਕਰਕੇ ਜੁਰਮਾਨੇ ਕੀਤੇ ਹਨ। ਟੀਮ ਵੱਲੋਂ ਉੱਚ ਅਧਿਕਾਰੀਆਂ ਨੂੰ ਬਿਨਾਂ ਮਨਜ਼ੂਰੀ ਤੋਂ ਪ੍ਰਿੰਟਿੰਗ ਯੂਨਿਟ ਚਲਾਉਣ ਵਾਲਿਆਂ ਖ਼ਿਲਾਫ਼ ਕਲੋਜ਼ਰ ਨੋਟਿਸ ਜਾਰੀ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਇਸੇ ਤਰ੍ਹਾਂ ਬਿਜਲੀ ਵਿਭਾਗ ਵੱਲੋਂ ਵੀ ਡੇਅਰੀਆਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ। ਜਿਹਨਾਂ ਵੱਲੋਂ ਗੋਹਾ ਦਰਿਆ ਵਿੱਚ ਸੁੱਟਿਆ ਜਾ ਰਿਹਾ ਸੀ।
ਬੱੁਢੇ ਦਰਿਆ ਕਿਨਾਰੇ ਹਵਾ ਦਾ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਪੀ.ਸੀ.ਬੀ ਵੱਲੋਂ ਗਠਿਤ ਕੀਤੀ ਗਈ ਟੀਮ ਵੱਲੋਂ ਹਵਾ ਪ੍ਰਦੂਸ਼ਣ ਐਕਟ 1981 ਦੀ ਉਲੰਘਣਾ ਕਰ ਰਹੀਆਂ 5 ਡਾਇੰਗ ਯੂਨਿਟਾਂ ਤੇ ਹਵਾ ਪ੍ਰਦੂਸ਼ਣ ਐਕਟ ਤਹਿਤ ਕਾਰਵਾਈ ਕੀਤੀ ਗਈ। ਜਾਣਕਾਰੀ ਦਿੰਦਿਆ ਪੀਪੀਸੀਬੀ ਦੇ ਐਕਸੀਅਨ ਗੁਰਮੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਤਾਜਪੁਰ ਰੋਡ ਸਥਿਤ ਸ਼ੱਕੀ 12 ਦੇ ਕਰੀਬ ਡਾਇੰਗ ਯੂਨਿਟਾਂ 'ਚ ਚਿਮਨੀਆਂ ਦਾ ਨਿਰੀਖਣ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਹਨਾਂ ਚਿਮਨੀਆਂ ਰਾਹੀ ਨਿਕਲਣ ਵਾਲੇ ਧੂੰਏ ਤੇ ਰਾਖ ਨੇ ਦਰਿਆ ਕਿਨਾਰੇ ਰਹਿਣ ਵਾਲੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪੀ.ਪੀ.ਸੀ.ਬੀ ਵੱਲੋਂ ਅਧਿਕਾਰੀਆਂ ਅਤੇ ਇੰਡਸਟਰੀਆਂ ਦੇ ਮਾਲਕਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਅਨਰ ਆਰ ਕੇ ਰੱਤਰਾ ਨੇ ਕਿਹਾ ਹੈ ਕਿ ਪ੍ਰਦੂਸ਼ਣ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀ ਜਾਵੇਗਾ। ਉਹਨਾਂ ਕਿਹਾ ਕਿ ਕੋਈ ਵੀ ਉਦਯੋਗ ਜੇਕਰ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕ੍ਰਿਮੀਨਲ ਕੇਸ ਦਰਜ ਕਰਵਾਉਣ ਦੇ ਨਾਲ ਸਖ਼ਤ ਕਾਰਵਾਈ ਕਰਦੇ ਹੋਏ ਪਾਵਰ ਕੁਨੈਕਸ਼ਨ, ਸੀਵਰ ਕੁਨੈਕਸ਼ਨ ਨੂੰ ਡਿਸਮੈਟਲ ਕਰਕੇ,ੇ ਭਾਰੀ ਵਾਤਾਵਰਨ ਜੁਰਮਾਨਾ ਵੀ ਲਗਾਇਆ ਜਾਵੇਗਾ। ਉਹਨਾਂ ਉਦਯੋਗਿਕ ਗੰਦਾ ਪਾਣੀ ਸੀਵਰਾਂ ਵਿੱਚ ਸੁੱਟਣ ਵਾਲਿਆਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਹੈ। ਚੀਫ ਇੰਜੀਨੀਅਰ ਨੇ ਦੱਸਿਆ ਕਿ ਬੋਰਡ ਦੀਆਂ ਟੀਮਾਂ ਅਚਨਚੇਤ ਛਾਪੇਮਾਰੀ ਕਰਨਗੀਆਂ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਖੁਸ਼ੀ ਜਤਾਉਂਦਿਆ ਕਿਹਾ ਕਿ ਉਹਨਾਂ ਵੱਲੋਂ ਸਿਰਫ ਉਹੀ ਕਰਨ ਲਈ ਕਿਹਾ ਜਾ ਰਿਹਾ ਹੈ, ਜੋ ਨਿਯਮ ਕਹਿੰਦੇ ਹਨ। ਉਹਨਾਂ ਕਿਹਾ ਕਿ ਇੱਛਾ ਸ਼ਕਤੀ ਦੀ ਘਾਟ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਹੀ ਇਹ ਬੱੁਢਾ ਦਰਿਆ ਬੱੁਢਾ ਨਾਲਾ ਬਣ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ ਗਈਆਂ ਹੁੰਦੀਆਂ ਤਾਂ ਸਾਡੇ ਕੁਦਰਤੀ ਸਰੋਤ ਕਦੇ ਵੀ ਪਲੀਤ ਨਾ ਹੁੰਦੇ। ਉਹਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਇਆ ਕਿਹਾ ਕਿ ਉਹ ਸਖਤੀ ਨਾਲ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਫੈਕਟਰੀ, ਡੇਅਰੀਆਂ ਤੇ ਡਾਇੰਗਾਂ ਤੇ ਕਾਰਵਾਈ ਕਰਨ ਉਹ ਉਨ੍ਹਾਂ ਨਾਲ ਖੜ੍ਹੇ ਹਨ।
ਗੋਹੇ ਤੋਂ ਬਾਅਦ ਵੈਕਿਊਮ ਪੰਪ ਰਾਹੀ ਡੇਅਰੀਆਂ ਦਾ ਮਲ ਮੂਤਰ ਚੁੱਕਣ ਦੇ ਕਾਰਜ਼ ਸ਼ੁਰੂ
ਡੇਅਰੀਆਂ ਦੇ ਮਲ ਮੂਤਰ ਦੀ ਸਮੱਸਿਆ ਦਾ ਹੱਲ ਕੱਢਦਿਆ ਹੋਇਆ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੈਕਿਊਮ ਪੰਪ ਰਾਹੀ ਮਲ ਮੂਤਰ ਚੁੱਕਣ ਦੇ ਕਾਰਜ਼ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸਨੂੰ ਗੈਰਕਾਨੂੰਨੀ ਤਰੀਕੇ ਨਾਲ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਡੇਅਰੀ ਮਾਲਕਾਂ ਨੂੰ ਪ੍ਰਬੰਧ ਕਰਕੇ ਦਿੱਤੇ ਜਾ ਚੁੱਕੇ ਹਨ ਤਾਂ ਕਿ ਉਹ 2 ਮਹੀਨਿਆਂ ਦੇ ਅੰਦਰ ਅੰਦਰ ਆਪਣਾ ਪ੍ਰਬੰਧ ਆਪ ਕਰ ਸਕਣ। ਟਰਾਲੀਆਂ ਰਾਹੀ ਗੋਹਾ ਚੁੱਕਿਆ ਜਾ ਰਿਹਾ ਹੈ ਜਿਸਦਾ ਖਰਚਾ ਸੰਤ ਸੀਚੇਵਾਲ ਵੱਲੋਂ ਸੰਗਤਾ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸੰਤ ਸੀਂਚੇਵਾਲ ਨੇ ਕਿਹਾ ਕਿ ਇਸ ਤੋਂ ਬਾਅਦ ਵੀ ਜੇਕਰ ਕੋਈ ਵੀ ਡੇਅਰੀ ਬੁੱਢੇ ਦਰਿਆ ਵਿੱਚ ਗੋਹਾ ਜਾਂ ਗੰਦਾ ਪਾਣੀ ਪਾਵੇਗੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।