ਸਾਂਈਂਆਂ ਸਾਡੇ ਨਾਲ, ਵਧਾਈਆਂ ਕਿਸੇ ਹੋਰ ਨਾਲ...!!
ਰਵੀ ਜੱਖੂ
ਚੰਡੀਗੜ੍ਹ 27 ਦਸੰਬਰ 2024- ਲੁਧਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਿਆਸੀ ਹਵਾ ਇਸ ਤਰਾਂ ਬਦਲੀ ਕਿ ਗੁਰਦਾਸ ਮਾਨ ਦੇ ਗਾਣੇ ਸਾਂਈਂਆਂ ਸਾਡੇ ਨਾਲ ਵਧਾਈਆਂ ਕਿਸੇ ਹੋਰ ਨਾਲ ਵਾਲੀ ਗੱਲ ਯਾਦ ਆਉਣ ਲੱਗ ਗਈ। ਜ਼ਿਕਰਯੋਗ ਹੈ ਕਿ ਲੁਧਿਆਣਾ ਨਗਰ ਨਿਗਮ ਵਿੱਚ 95 ਵਾਰਡ ਆਉਂਦੇ ਹਨ ਅਤੇ ਜਿੱਥੇ ਮੇਅਰ ਬਣਾਉਣ ਲਈ 48 ਕੌਂਸਲਰ ਹੋਣੇ ਚਾਹੀਦੇ ਹਨ। ਪਰ ਇਸ ਵਾਰ ਕਾਰਪੋਰੇਸ਼ਨ ਚੋਣਾਂ ਦੇ ਨਤੀਜੇ ਆਉਣ ਤੇ ਆਮ ਆਦਮੀ ਪਾਰਟੀ ਨੂੰ 41 ਸੀਟਾਂ ਤੇ ਜਿੱਤ ਮਿਲੀ ਕਾਂਗਰਸ ਪਾਰਟੀ ਨੂੰ 30 ਸੀਟਾਂ , ਬੀਜੇਪੀ ਨੂੰ 19 ਸ਼੍ਰੌਮਣੀ ਅਕਾਲੀ ਦਲ ਨੂੰ 2 ਸੀਟਾਂ ਅਤੇ 3 ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲੀ। ਇਹਨਾਂ ਚੋਣਾਂ ਦੇ ਨਤੀਜੇ ਆਉਣ ਤੇ ਬੀਜੇਪੀ ਨੂੰ ਚੰਗਾ ਹੁੰਗਾਰਾ ਮਿਲਿਆ।
ਇਨ੍ਹਾਂ ਚੋਣਾਂ ਵਿੱਚ ਜਿੱਥੇ ਸਾਬਕਾ ਮੰਤਰੀ ਦੀ ਪਤਨੀ ਅਤੇ ਸ਼ਹਿਰ ਦੇ ਦੋ ਮੌਜੂਦਾ ਵਿਧਾਇਕਾਂ ਦੀਆਂ ਪਤਨੀਆਂ ਚੋਣਾਂ ਹਾਰ ਗਈਆਂ ਉੱਥੇ ਹੀ ਦੋ ਵਿਧਾਇਕਾਂ ਦੇ ਪੁੱਤਰਾਂ ਨੇ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਪਰ ਇਸ ਦੇ ਬਾਅਦ ਵੀ ਮੇਅਰ ਬਣਾਉਣ ਲਈ ਬਹੁਮਤ ਕਿਸੇ ਵੀ ਪਾਰਟੀ ਕੋਲ਼ ਪੂਰਾ ਨਹੀਂ ਸੀ।
ਕਾਂਗਰਸ ਨਾਲ ਬੀਜੇਪੀ ਦਾ ਕੋਈ ਗੱਠਜੋੜ ਨਹੀਂ ਹੋ ਸਕਦਾ- ਬਿੱਟੂ
ਗੱਲ ਸਿਆਸੀ ਤੋੜ ਜੋੜ ਦੀ ਸ਼ੁਰੂ ਹੋ ਗਈ। ਪਹਿਲਾ ਗੱਲ ਚੱਲੀ ਕਾਂਗਰਸ ਅਤੇ ਬੀਜੇਪੀ ਦੇ ਲੁਧਿਆਣਾ ਮੇਅਰ ਨੂੰ ਲੈ ਕਿ ਗੱਠਜੋੜ ਹੋਣ ਦੀ ਪਰ ਇਹਨਾਂ ਨੂੰ ਕੇਂਦਰ ਦੀ ਲੀਡਰਸ਼ਿਪ ਦਾ ਕੋਈ ਹੁੰਗਾਰਾ ਨਾ ਮਿਲਿਆ ਜਿਸ ਦੀ ਗਵਾਈ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਿਸ ਅਨੁਸਾਰ ਕਾਂਗਰਸ ਨਾਲ ਬੀਜੇਪੀ ਦਾ ਕੋਈ ਗੱਠਜੋੜ ਨਹੀਂ ਹੋ ਸਕਦਾ।
ਗੱਲ ਤਾਂ ਵਿਧਾਇਕਾਂ ਦੀਆਂ ਵੋਟਾਂ ਦੀ ਵੀ ਚੱਲੀ ਪਰ ਇਸ ਨਾਲ ਵੀ ਮੇਅਰ ਬਣਦਾ ਨਜ਼ਰ ਨਹੀਂ ਆਇਆ। ਸ਼ਹਿਰ ਦੇ ਕੁੱਝ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਹੋਣ ਦੀ ਗੱਲ ਕੀਤੀ ਪਰ ਬੀਤੇ ਦਿਨੀਂ ਦਿੱਲੀ ਦੀ ਮੁੱਖ ਮੰਤਰੀ ਅਤਿਸ਼ੀ ਨੇ ਕਾਂਗਰਸ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸ ਕਰਕੇ ਇਹ ਗੱਠਜੋੜ ਦੀ ਗੱਲ ਕਰਨਾ ਵਾਲੇ ਲੋਕਾਂ ਨੂੰ ਵੀ ਸ਼ਾਂਤ ਕਰ ਦਿੱਤਾ।
ਸਿਆਸੀ ਪਾਰਟੀਆਂ ਵਿੱਚ ਆਪਣਾ ਮੇਅਰ ਬਣਾਉਣ ਦੀ ਚਾਅ ਵਧਣ ਲੱਗ ਗਈ ਜਿਸ ਕਰਕੇ ਲੁਧਿਆਣਾ ਵਿੱਚ ਸਭ ਤੋਂ ਵੱਧ ਸੀਟਾਂ ਲੈਣ ਵਾਲੀ ਪਾਰਟੀ ਆਮ ਆਦਮੀ ਪਾਰਟੀ ਨੇ ਪਹਿਲਾ ਵਾਰਡ ਨੂੰ 11 ਤੋਂ ਆਜ਼ਾਦ ਚੋਣਾਂ ਜਿੱਤੇ ਉਮੀਦਵਾਰ ਦੀਪਾ ਰਾਣੀ, ਉਸ ਤੋਂ ਬਾਅਦ ਵਾਰਡ ਨੂੰ 20 ਤੋ ਅਕਾਲੀ ਦਲ ਦੇ ਉਮੀਦਵਾਰ ਚਤਰਵੀਰ ਸਿੰਘ ਨੂੰ ਅਤੇ ਫਿਰ ਵਾਰਡ ਨੂੰ 6 ਤੋਂ ਕਾਂਗਰਸ ਪਾਰਟੀ ਜਗਦੀਸ਼ ਲਾਲ ਦੀਸ਼ਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ।
ਦੀਸ਼ੇ ਦੀ ਦਿਸ਼ਾ ਨੇ ਲੜਾ'ਤੇ ਸਿਆਸਤਦਾਨ!
ਜਗਦੀਸ਼ ਲਾਲ ਦੀਸ਼ਾ 4 ਘੰਟਿਆਂ ਵਿੱਚ ਤਿੰਨਾਂ ਵਾਰ ਪਾਰਟੀ ਬਦਲਣ ਦਾ ਰਿਕਾਰਡ ਬਣਾ ਲਿਆ। ਹਾਲਾਤ ਇਹ ਬਣ ਗਏ ਕਿ ਪਹਿਲਾਂ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਹੋਰਾਂ ਵੱਲੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ, ਪਰ ਕੁੱਝ ਸਮੇਂ ਬਾਅਦ ਹੀ ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਜਗਦੀਸ਼ ਲਾਲ ਦੇ ਘਰ ਪਹੁੰਚੇ ਗਏ ਅਤੇ ਇਹਨਾਂ ਦੇ ਕਾਂਗਰਸ ਵਿੱਚ ਹੋਣ ਦੀ ਪੋਸਟ ਪਾ ਦਿੱਤੀ ਗਈ, ਜਿਸ ਤੋ ਬਾਅਦ ਸਿਆਸਤ ਨੇ ਫਿਰ ਕਰਵੱਟ ਲਈ, ਮੰਤਰੀ ਸਾਹਿਬ ਵਿਧਾਇਕਾਂ ਸਮੇਤ ਫਿਰ ਪਹੁੰਚੇ ਗਏ ਜਗਦੀਸ਼ ਲਾਲ ਦੇ ਘਰ ਅਤੇ ਆਮ ਆਦਮੀ ਪਾਰਟੀ ਵਿੱਚ ਮੁੜ ਸ਼ਾਮਿਲ ਕਰਵਾਇਆ।
ਇਸ ਤਰਾਂ ਜਗਦੀਸ਼ ਲਾਲ ਦੀਸ਼ਾ ਨੇ ਪਾਰਟੀਆਂ ਬਦਲ ਕੇ ਇੱਕ ਰਿਕਾਰਡ ਹੀ ਬਣਾ ਲਿਆ। ਕਾਂਗਰਸੀ ਟਿਕਟ ਤੋਂ ਜਿੱਤ ਆਪ ਵਿੱਚ ਸ਼ਾਮਿਲ ਹੋਣ ਫਿਰ ਕਾਂਗਰਸ ਵਿੱਚ ਅਤੇ ਕੁੱਝ ਘੰਟੇ ਬਾਅਦ ਹੀ ਆਪ ਵਿੱਚ ਸ਼ਾਮਿਲ ਹੋਣਾ ਦਾ ਚਾਹੇ ਇਸ ਸੰਬੰਧੀ ਇਲਾਕਾ ਨਿਵਾਸੀ ਨੇ ਚੁੱਪ ਧਾਰੀ ਰੱਖੀ ਹੈ ਪਰ ਅੰਦਰ ਖਾਤੇ ਲੋਕ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਇੱਕ ਗੱਲ ਜ਼ਰੂਰ ਦੱਸਣੀ ਬਣਦੀ ਹੈ ਕਿ ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਨੇ ਕਰੀਬ ਸਾਲ ਪਹਿਲਾਂ ਹੀ ਆਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਹੋਣ ਦੇ ਬੋਰਡ ਵੀ ਲਗਾ ਦਿੱਤੇ ਸਨ।
ਸਿਆਣੇ ਕਹਿੰਦੇ ਹਨ ਗੱਲ ਨਾਲੋਂ ਚੁੱਪ ਭਲੀ। ਹੁਣ ਤਾਂ ਇਹੀ ਜਾਪਦਾ ਹੈ ਕੋਈ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜੇ ਜਾਂ ਜਿੱਤੇ ਪਰ ਮੇਅਰ ਕੋਣ? ਖ਼ੈਰ ਸਿਆਸੀ ਹਵਾ ਕਿਸੇ ਵੀ ਵੱਲ ਜਾਵੇਗੀ , ਇਹ ਤਾਂ ਵਕਤ ਹੀ ਦੱਸੇਗਾ, ਪਰ ਸੂਤਰਾਂ ਅਨੁਸਾਰ ਹੁਣ ਲੁਧਿਆਣਾ ਮੇਅਰ ਦੀ ਕੁਰਸੀ ਨਵੇਂ ਸਾਲ ਵਿੱਚ ਹੀ ਨਵੇਂ ਮੇਅਰ ਦੇ ਹਿੱਸੇ ਆਵੇਗੀ।