ਕੇਂਦਰ ਸਰਕਾਰ ਡਾ. ਮਨਮੋਹਨ ਸਿੰਘ ਦੀ ਬਣਾਏ ਢੁੱਕਵੀਂ ਯਾਦਗਾਰ-ਐਡਵੋਕੇਟ ਧਾਮੀ
ਅੰਮ੍ਰਿਤਸਰ, 28 ਦਸੰਬਰ 2024- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਉਨ੍ਹਾਂ ਦੇ ਪਰਿਵਾਰ ਦੀ ਮੰਗ ਅਨੁਸਾਰ ਢੁੱਕਵੀਂ ਯਾਦਗਾਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਡਾ. ਮਨਮੋਹਨ ਸਿੰਘ ਦੀ ਬਦੌਲਤ ਹੀ ਅੱਜ ਦੇਸ਼ ਸਥਿਰ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਪਰਿਵਾਰ ਦੀ ਭਾਵਨਾ ਅਨੁਸਾਰ ਢੁੱਕਵਾਂ ਮਾਣ-ਸਨਮਾਨ ਦੇਣਾ ਸਰਕਾਰ ਦਾ ਫ਼ਰਜ਼ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਜਦੋਂ ਵਿਸ਼ਵ ਵਿੱਤੀ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਤਾਂ ਡਾ. ਮਨਮੋਹਨ ਸਿੰਘ ਨੇ ਆਪਣੀ ਲਿਆਕਤ ਨਾਲ ਜਿਥੇ ਭਾਰਤ ਦੇਸ਼ ਨੂੰ ਆਰਥਿਕ ਤੌਰ ’ਤੇ ਸਥਿਰ ਕੀਤਾ, ਉਥੇ ਹੀ ਪੂਰੀ ਦੁਨੀਆ ਨੂੰ ਵੀ ਮਾਰਗ-ਦਰਸ਼ਨ ਦਿੱਤਾ ਸੀ। ਅਜਿਹੀ ਸ਼ਖ਼ਸੀਅਤ ਨਾਲ ਚਲਾਣੇ ਬਾਅਦ ਉਨ੍ਹਾਂ ਦਾ ਸੰਸਕਾਰ ਰਾਜਘਾਟ ਵਿਖੇ ਨਾ ਕਰਨਾ ਨਿਰਾਦਰ ਵਾਂਗ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਨੋਟਿਸ ਲੈਣ ਅਤੇ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਸਿੱਖ ਸ਼ਖ਼ਸੀਅਤ ਡਾ. ਮਨਮੋਹਨ ਸਿੰਘ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਉਸਾਰਨ।