ਬਰਸਟ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ
ਪਟਿਆਲਾ/ਚੰਡੀਗੜ੍ਹ, 28 ਦਸੰਬਰ, 2024 - ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਸ. ਬਰਸਟ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਚਲੇ ਜਾਣ ਨਾਲ ਸਿੱਖ ਕੌਮ ਅਤੇ ਭਾਰਤ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਇੱਕ ਮਹਾਨ ਭਾਰਤੀ ਸਿਆਸਤਦਾਨ, ਮਹਾਨ ਅਰਥ ਸ਼ਾਸਤਰੀ, ਸਿੱਖਿਆ ਸ਼ਾਸਤਰੀ, ਦੂਰ-ਅੰਦੇਸ਼ ਵਾਲੇ ਨੇਤਾ ਸਨ।
ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਭਾਰਤ ਦੀ ਵਿਗੜ ਰਹੀ ਆਰਥਿਕ ਸਥਿਤੀ ਨੂੰ ਮੁਸ਼ਕਲ ਹਾਲਾਤ ਵਿੱਚੋਂ ਕੱਢ ਕੇ ਮੁੜ ਰਾਹ ਤੇ ਲਿਆਂਦਾ। 1932 ਵਿੱਚ ਪਾਕਿਸਤਾਨ ਦੇ ਪਿੰਡ ਗਾਹ ਵਿਖੇ ਜਨਮੇ ਡਾ. ਮਨਮੋਹਨ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ, ਭਾਰਤੀ ਯੋਜਨਾ ਕਮਿਸ਼ਨ ਦੇ ਮੁਖੀ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਭਾਰਤ ਦੇ ਵਿੱਤ ਮੰਤਰੀ ਅਤੇ ਸਾਲ 2004-2014 ਤੱਕ ਲਗਾਤਾਰ 10 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ, ਜਿਨ੍ਹਾਂ ਦਾ ਪੰਜਾਬ ਨਾਲ ਗੁੜਾ ਰਿਸ਼ਤਾ ਰਿਹਾ ਅਤੇ ਉਨ੍ਹਾਂ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਵਿਕਾਸ ਪੱਖੀ ਗੱਲ ਕੀਤੀ ਗਈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ), ਆਈ.ਆਈ.ਟੀ. ਰੋਪੜ, ਬਠਿੰਡਾ ਰਿਫਾਇਨਰੀ, ਨੈਨੋ ਟੈਕਨਾਲਜੀ, ਆਈਐਸਬੀ ਮੋਹਾਲੀ ਸਮੇਤ ਕਈ ਵੱਡੇ ਪ੍ਰੋਜੈਕਟ ਦਿੱਤੇ, ਜਿਨ੍ਹਾਂ ਨਾਲ ਪੰਜਾਬ ਦੀ ਬਹੁਪੱਖੀ ਤਰੱਕੀ ਹੋਵੇਗੀ ਅਤੇ ਇਨ੍ਹਾਂ ਸੰਸਥਾਵਾਂ ਕਰਕੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਬੜੇ ਮਾਨ ਨਾਲ ਲਿਆ ਜਾਵੇਗਾ।
ਸੂਬਾ ਜਨਰਲ ਸਕੱਤਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।