ਬਾਬਾ ਅੰਬੇਦਕਰ ਦੇ ਅਪਮਾਨ ਦੇ ਖਿਲਾਫ ਮਜਦੂਰ ਮੁਕਤੀ ਮੋਰਚਾ ਨੇ ਕੀਤਾ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 27 ਦਸੰਬਰ 2024- ਆਜ਼ਾਦ ਸਮਾਜ ਪਾਰਟੀ ਕਾਂਸ਼ੀ ਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਮਾਝਾ ਜੋਨ ਦੇ ਇੰਚਾਰਜ ਮਨਜੀਤ ਰਾਜ ਦੀ ਅਗਵਾਈ ਹੇਠ ਅੱਜ ਮਜ਼ਦੂਰਾ ਨੇ ਵਰਦੇ ਮੀਂਹ ਵਿੱਚ ਵੀ ਡਾ ਅੰਬੇਡਕਰ ਜੀ ਦੇ ਕੀਤੇ ਅਪਮਾਨ ਖਿਲਾਫ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਡੀ ਸੀ ਦਫਤਰ ਧਰਨਾ ਦਿੱਤਾ।ਇਸ ਮੌਕੇ ਤਹਿਸੀਲਦਾਰ ਸੁਖਵਿੰਦਰ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤੀ। ਇਸ ਮੌਕੇ ਗ੍ਰਿਹ ਮੰਤਰੀ ਅਮਿਤ ਸ਼ਾਹ ਅਸਤੀਫਾ ਦਿਓ ਦੇ ਨਾਹਰੇ ਲੱਗੇ।
ਇਸ ਮੌਕੇ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਮਾਝਾ ਜੋਨ ਦੇ ਇੰਚਾਰਜ ਮਨਜੀਤ ਰਾਜ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਡਾ ਅੰਬੇਡਕਰ ਜੀ ਦੇ ਕੀਤੇ ਅਪਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦਲਿਤ ਵਿਰੋਧੀ ਹੀ ਨਹੀਂ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਮਾਨ ਸਰਕਾਰ ਜੋ ਚੋਣ ਸਮੇਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਨ ਸਮੇਤ ਗਰੀਬ ਲੋਕਾਂ ਦੀ ਹਰ ਸਮੱਸਿਆ ਹੱਲ ਕਰਨ ਦੇ ਨਾਹਰੇ ਮਾਰਦੀ ਸੀ।
ਪਰ ਸੱਤਾ ਪ੍ਰਾਪਤੀ ਦੇ 3 ਸਾਲਾਂ ਵਿੱਚ ਆਪ ਮਾਨ ਸਰਕਾਰ ਨੇ ਗਰੀਬਾਂ ਦਾ ਕੁੱਝ ਨਹੀਂ ਕੀਤਾ। ਸਰਕਾਰੀ ਸਕੂਲਾਂ ਵਿਚ ਲੱਖਾਂ ਦੀ ਗਿਣਤੀ ਕੰਮ ਕਰਦੀਆਂ ਮਿਡ ਡੇ ਮੀਲ ਕੁੱਕ ਬੀਬੀਆਂ ਤੋਂ ਘੱਟੋ ਘੱਟ ਉਜ਼ਰਤਾਂ ਤੋਂ ਵੀ ਘੱਟ ਤਨਖਾਹ ਤੇ ਕੰਮ ਲਿਆ ਜਾ ਰਿਹਾ ਹੈ। ਮਾਨ ਸਰਕਾਰ ਨੇ ਮਿਡ ਡੇ ਮੀਲ ਕੁੱਕ ਬੀਬੀਆਂ ਦੀ 8 ਹਜ਼ਾਰ ਤਨਖਾਹ ਦੇਣ ਦੇ ਐਲਾਨ ਨੂੰ ਵੀ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ ਕਾਰਨ ਕਰਜ਼ਿਆਂ ਦੇ ਜਾਲ ਵਿਚ ਫਸ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ 30 ਦਸੰਬਰ ਦੇ ਪੰਜਾਬ ਬੰਦ ਦੀ ਪੂਰੀ ਹਮਾਇਤ ਕਰੇਗਾ।
ਇਸ ਮੌਕੇ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਮਜ਼ਦੂਰਾਂ, ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਮਾਫ ਕੀਤੇ ਜਾਣ, ਮਨਰੇਗਾ ਸਮੇਤ ਹਰ ਖੇਤਰ ਦੇ ਮਜ਼ਦੂਰਾਂ ਦੀ ਰੋਜ਼ਾਨਾ ਦਿਹਾੜੀ ਘੱਟੋ ਘੱਟ ਇੱਕ ਹਜ਼ਾਰ ਰੁਪਏ ਪ੍ਰਤੀ ਦਿਨ ਕੀਤੀ ਜਾਵੇ। ਸਕੂਲਾਂ ਵਿਚ ਕੰਮ ਕਰ ਰਹੀਆਂ ਕੁੱਕ ਬੀਬੀਆਂ ਦੀ ਤਨਖਾਹ ਡੀ ਸੀ ਰੇਟ ਦਿੱਤੀ ਜਾਵੇ ਅਤੇ ਕੁੱਕ ਬੀਬੀਆਂ ਨੂੰ ਪੱਕੇ ਕੀਤਾ ਜਾਵੇ। ਹਰ 18 ਸਾਲਾ ਦੀ ਔਰਤ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਸਮੇਤ ਹੋਰ ਮਜ਼ਦੂਰ ਮੰਗਾਂ ਲਈ ਮੰਗ ਪੱਤਰ ਮੁੱਖ ਮੰਤਰੀ ਮਾਨ ਨੂੰ ਭੇਜਿਆ ਗਿਆ। ਇਸ ਮੌਕੇ ਸਤਿੰਦਰ ਕੌਰ ਸੱਤੀ, ਸਰੂਪ ਸਿੰਘ,ਜੋਨ ਮਸੀਹ, ਕੁਲਦੀਪ ਸਿੰਘ, ਲਵਪ੍ਰੀਤ,ਆਰਮਾਨਦੀਪ, ਗੱਬਰ, ਪਿੰਕੀ,ਵਿਜੇ ਕੁਮਾਰ ਨੇ ਵੀ ਸੰਬੋਧਨ ਕੀਤਾ।