ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਜਾ ਕੇ ਕੀਤੀ ਮੁਲਾਕਾਤ, ਰੱਖੜਾ ਵੀ ਰਹੇ ਮੌਜੂਦ
ਅਸ਼ੋਕ ਵਰਮਾ
ਬਠਿੰਡਾ, 26ਦਸੰਬਰ 2024 : ਵੀਰਵਾਰ ਨੂੰ ਡੇਰਾ ਰਾਧਾ ਸੁਆਮੀ ਪ੍ਰਮੁੱਖ ਮੌਜੂਦਾ ਗੱਦੀਨਸ਼ੀਨ ਗੁਰਿੰਦਰ ਸਿੰਘ ਢਿੱਲੋਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ ਹੈ ਜਿਸ ਦੌਰਾਨ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਮੌਜੂਦ ਸਨ। ਡੇਰਾ ਬਿਆਸ ਮੁਖੀ ਦੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂ ਦੀ ਹਾਜ਼ਰੀ ’ਚ ਜੱਥੇਦਾਰ ਨਾਲ ਹੋਈ ਮਿਲਣੀ ਨੇ ਪੰਜਾਬ ਦੇ ਸਿਆਸੀ ਅਤੇ ਧਾਰਿਮਿਕ ਹਲਕਿਆਂ ’ਚ ਭੁਚਾਲ ਲੈ ਆਂਦਾ ਹੈ। ਹਾਲਾਂਕਿ ਇਸ ਬੰਦ ਕਮਰਾ ਮੀਟਿੰਗ ਦੇ ਵੇਰਵੇ ਤਾਂ ਫਿਲਹਾਲ ਬਾਹਰ ਨਹੀਂ ਆ ਸਕੇ ਹਨ ਪਰ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਸ਼ਬਦੀ ਹਮਲਿਆਂ ਦਾ ਸ਼ਿਕਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ ਉਹ ਵੀ ਉਸ ਵਕਤ ਜਦੋਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀਆਂ ਜੱਥੇਦਾਰ ਵੱਜੋਂ ਸੇਵਾਵਾਂ ਤੇ ਰੋਕ ਲਈ ਹੋਈ ਹੈ, ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਡੇਰਾ ਬਿਆਸ ਮੁਖੀ ਵੱਲੋਂ ਅੱਜ ਬਠਿੰਡਾ ਦੇ ਗੋਨਿਆਣਾ ਰੋਡ ’ਤੇ ਸਥਿਤ ਆਪਣੇ ਧਾਰਮਿਕ ਡੇਰੇ ਵਿੱਚ ਰੱਖੇ ਇੱਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ।ਇਸ ਦੌਰਾਨ ਉਹ ਬਠਿੰਡਾ ਦੀ ਥਰਮਲ ਕਲੋਨੀ ਵਿੱਚ ਬਣੇ ਹੈਲੀਪੈਡ ’ਤੇ ਉਤਰਨ ਤੋਂ ਬਾਅਦ ਆਪਣੇ ਡੇਰੇ ਵਿੱਚ ਜਾਣ ਦੀ ਬਜਾਏ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ਤੇ ਚਲੇ ਗਏ ਜੋ ਬਰਨਾਲਾ ਰੋਡ ’ਤੇ ਸਥਿਤ ਇੱਕ ਕਲੋਨੀ ਵਿੱਚ ਹੈ। ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਣ ਕਾਰਨ ਮੀਡੀਆ ਕਰਮੀਆਂ ਦੇ ਅੱਗੇ ਜਾਣ ਦੀ ਮਨਾਹੀਂ ਕੀਤੀ ਗਈ ਸੀ।ਭਾਵੇਂ ਇਸ ਮੀਟਿੰਗ ਦਾ ਏਜੰਡਾ ਸਾਹਮਣੇ ਨਹੀਂ ਆਇਆ ਪਰ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਸ਼ਖਸ਼ੀਅਤਾਂ ਵੱਲੋਂ ਮੌਜੂਦਾ ਪੰਥਕ ਸਥਿਤੀ ਦੇ ਸੰਦਰਭ ’ਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਗੌਰਤਲਬ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਦੀਆਂ ਨਜ਼ਦੀਕਆਂ ਭਾਜਪਾ ਹਾਈ ਕਮਾਂਡ ਨਾਲ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ।
ਡੇਰਾ ਬਿਆਸ ਮੁਖੀ ਦੀ ਅਕਾਲੀ ਲੀਡਰਸ਼ਿਪ ਖਾਸ ਕਰਕੇ ਬਾਦਲ ਪ੍ਰੀਵਾਰ ਅਤੇ ਮਜੀਠੀਆ ਨਾਲ ਵੀ ਨੇੜਤਾ ਦੀ ਚਰਚਾ ਅਕਸਰ ਹੀ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਉਹ ਸਮੇਂ ਸਮੇਂ ਬਾਦਲਾਂ ਦੇ ਵਿਰੋਧੀ ਮੰਨੇ ਜਾਂਦੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨਾਲ ਵੀ ਮੁਲਾਕਾਤ ਕਰਦੇ ਰਹਿੰਦੇ ਹਨ। ਇਹੋ ਕਾਰਨ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਡੇਰਾ ਮੁਖੀ ਦੀ ਬੰਦ ਕਮਰਾ ਮੀਟਿੰਗ ਨੂੰ ਲੈ ਕੇ ਕਈ ਪ੍ਰਕਾਰ ਦੀ ਚੁੰਝ ਚਰਚਾ ਚੱਲ ਰਹੀ ਹੈ। ਯਾਦ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 15 ਦਿਨਾਂ ਲਈ ਮੁਅੱਤਲ ਕੀਤੀਆਂ ਹੋਈਆਂ ਹਨ । ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਨੂੰ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਵੀ ਲੈ ਕੇ ਅਸਿੱਧੇ ਢੰਗ ਨਾਲ ਅਕਾਲੀ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਤੇ ਸ਼ਬਦੀ ਹਮਲੇ ਕਰਦੀ ਆ ਰਹੀ ਹੈ।