ਗੁਰਦਾਸਪੁਰ ਦੀ ਕੇਂਦਰੀ ਜੇਲ੍ਹ 'ਚ ਬੰਦੀਆਂ ਦੇ ਦੋ ਧੜਿਆਂ 'ਚ ਝੜਪ
- ਆਪਣੀਆਂ ਨਾਕਾਮੀਆਂ ਲੁਕਾਉਣ ਲਈ ਜੇਲ ਪ੍ਰਸ਼ਾਸਨ ਪੱਤਰਕਾਰਾਂ ਨਾਲ ਨਹੀਂ ਕਰਦਾ ਜਾਣਕਾਰੀ ਸਾਂਝੀ
ਰੋਹਿਤ ਗੁਪਤਾ
ਗੁਰਦਾਸਪੁਰ 26 ਦਸੰਬਰ 2024 - ਗੁਰਦਾਸਪੁਰ ਦੀ ਕੇਂਦਰੀ ਜੇਲ 'ਚ ਬੰਦੀਆਂ ਦੇ ਦੋ ਧੜਿਆਂ 'ਚ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ ਪਰ ਦੇਰ ਸ਼ਾਮ ਤੱਕ ਪੁਲਿਸ ਅਧਿਕਾਰੀਆਂ ਅਤੇ ਜੇਲ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਬਾਰ-ਬਾਰ ਫੋਨ ਕਰਨ ਤੋਂ ਬਾਅਦ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਦੇ ਫੋਨ ਕੱਟਣੇ ਸ਼ੁਰੂ ਕਰ ਦਿੱਤੇ ਗਏ। ਜਿਸ ਕਾਰਨ ਪੱਤਰਕਾਰਾਂ ਵਿੱਚ ਰੋਸ਼ ਬਣਿਆ ਹੋਇਆ ਹੈ।
ਦੁਪਹਿਰ 1 ਵਜੇ ਦੇ ਕਰੀਬ ਜਦੋਂ ਕੇਂਦਰੀ ਜੇਲ ਗੁਰਦਾਸਪੁਰ ਦਾ ਸਾਇਰਨ ਇਕਦਮ ਵੱਜਣ ਲੱਗ ਪਿਆ ਤਾਂ ਜੇਲ ਦੇ ਆਲੇ ਦੁਆਲੇ ਰਹਿਣ ਵਾਲਿਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਜੇਲ ਕਲੋਨੀ ਵਿੱਚ ਰਹਿਣ ਵਾਲਿਆ ਵੱਲੋਂ ਆਪਣੇ ਜਾਣਕਾਰ ਮੀਡੀਆ ਕਰਮੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੀਡੀਆ ਕਰਮੀ ਜੇਲ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਇਰਨ 30 ਤੋਂ 40 ਮਿੰਟ ਲਗਾਤਾਰ ਵਜਦਾ ਰਿਹਾ। ਇਸ ਦੌਰਾਨ ਕੈਦੀਆਂ ਦੀ ਮੁਲਾਕਾਤ ਲਈ ਆਏ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰ ਲੋਕਾਂ ਨੂੰ ਜੇਲ ਪ੍ਰਸ਼ਾਸਨ ਅਤੇ ਕਰਮਚਾਰੀਆਂ ਵੱਲੋਂ ਜੇਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਕੁਝ ਸਮੇਂ ਬਾਅਦ ਹੀ ਉੱਥੇ ਬੁਲੇਟ ਪਰੂਫ ਟਰੈਕਟਰ ਪਹੁੰਚ ਗਿਆ ਅਤੇ ਪੁਲਿਸ ਫੋਰਸ ਵੀ ਪਹੁੰਚਣੀ ਸ਼ੁਰੂ ਹੋ ਗਈ ਤੇ ਉਸ ਤੋਂ ਥੋੜੀ ਦੇਰ ਬਾਅਦ ਕਈ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਪਰ ਪੱਤਰਕਾਰਾਂ ਨਾਲ ਨਾ ਹੀ ਕਿਸੇ ਪੁਲਿਸ ਅਧਿਕਾਰੀ ਨੇ ਅਤੇ ਨਾ ਹੀ ਕਿਸੇ ਜੇਲ ਅਧਿਕਾਰੀ ਨੇ ਕੋਈ ਜਾਣਕਾਰੀ ਸਾਂਝੀ ਕੀਤੀ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਲਾਈਨ ਅਤੇ ਜਿਲੇ ਦੇ ਛੇ ਥਾਣਿਆਂ ਤੋਂ ਪੁਲਿਸ ਕਰਮਚਾਰੀਆਂ ਨੂੰ ਜੇਲ ਵਿੱਚ ਹਾਲਾਤ ਤੇ ਕਾਬੂ ਪਾਉਣ ਲਈ ਬੁਲਾਇਆ ਗਿਆ ਸੀ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੇਲ ਦੇ ਅੰਦਰ ਹਵਾਲਾਤੀ ਦੇ ਦੋ ਗੁੱਟ ਆਪਸ ਵਿੱਚ ਭਿੜੇ ਸੀ ਜਿਸ ਦੌਰਾਨ ਇੱਕ ਹਵਾਲਾਤੀ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ ਜਿਸ ਨੂੰ ਸਿਵਿਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਕੁਝ ਦੇਰ ਬਾਅਦ ਸਥਾਨਕ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਜੇਲ ਕਰਮਚਾਰੀਆਂ ਦੇ ਸਹਿਯੋਗ ਨਾਲ ਹਾਲਾਤ ਤੇ ਕਾਬੂ ਪਾ ਲਿਆ। ਦੇਰ ਸ਼ਾਮ ਤੱਕ ਪੱਤਰਕਾਰ ਜੇਲ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਲੈਣ ਲਈ ਫੋਨ ਕਰਦੇ ਰਹੇ ਪਰ ਕਿਸੇ ਵੀ ਪੱਤਰਕਾਰ ਦਾ ਫੋਨ ਅਧਿਕਾਰੀਆਂ ਵੱਲੋਂ ਰਿਸੀਵ ਨਹੀਂ ਕੀਤਾ ਗਿਆ ਜਿਸ ਕਾਰਨ ਪੱਤਰਕਾਰਾਂ ਵਿੱਚ ਰੋਸ਼ ਬਣਿਆ ਹੋਇਆ ਹੈ। ਪੱਤਰਕਾਰਾਂ ਵਿੱਚ ਇਹ ਵੀ ਰੋਸ਼ ਹੈ ਕਿ ਜੇਲ ਪ੍ਰਸ਼ਾਸਨ ਆਪਣੀਆਂ ਨਾਕਾਮੀਆਂ ਛਪਾਉਣ ਲਈ ਅਕਸਰ ਪੱਤਰਕਾਰਾਂ ਦੇ ਫੋਨ ਨਜ਼ਰ ਅੰਦਾਜ਼ ਕਰਦਾ ਹੈ ਅਤੇ ਇਲੈਕਟਰੋਨਿਕ ਚੈਨਲਾਂ ਦੇ ਕਰਮੀਆਂ ਨੂੰ ਬਾਈਟ ਦੇਣ ਤੋਂ ਵੀ ਜੇਲ ਅਧਿਕਾਰੀ ਭੱਜਦੇ ਹਨ , ਜਿਸ ਕਾਰਨ ਆਮ ਜਨਤਾ ਤੱਕ ਸੱਚਾਈ ਨਹੀਂ ਪਹੁੰਚ ਪਾਉਂਦੀ ਹੈ। ਅੱਜ ਦੀ ਘਟਨਾ ਦੇ ਵੀ ਕਿਸੇ ਵੀ ਤਰ੍ਹਾਂ ਦੀ ਅਧਿਕਾਰਿਕ ਬਾਈਟ ਕਿਸੇ ਅਧਿਕਾਰੀ ਵੱਲੋਂ ਨਹੀਂ ਦਿੱਤੀ ਗਈ ਹੈ। ਜਿਸ ਕਾਰਨ ਸ਼ਹਿਰ ਦੇ ਲੋਕ ਪੱਤਰਕਾਰਾਂ ਨੂੰ ਫੋਨ ਕਰਕੇ ਬਾਰ-ਬਾਰ ਪੁੱਛ ਰਹੇ ਹਨ ਕਿ ਆਖਿਰ ਜੇਲ ਵਿੱਚ ਹੋਇਆ ਕੀ ਹੈ?
ਦੂਜੇ ਪਾਸੇ ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਹਵਾਲਾਤੀ ਗਗਨਦੀਪ ਸਿੰਘ ਦੇ ਸਿਰ ਤੋਂ ਲੈ ਕੇ ਠੁੱਡੀ ਤੱਕ ਕੁੱਲ 20 ਟਾਂਕੇ ਲੱਗੇ ਹਨ ਜਦਕਿ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਫਿਰ ਵੀ ਗੰਭੀਰ ਸੱਟ ਹੋਣ ਕਰਕੇ ਉਸ ਦਾ ਇਲਾਜ ਕਰ ਰਹੇ ਡਾਕਟਰ ਵੱਲੋਂ ਸਰਜਨ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।