ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਤੁਰੀ ਵਿਸ਼ਵ ਭਰ ਵਿੱਚ ਕਿਸਾਨੀ ਦੇ ਵਧੇ ਪੱਧਰ ਦੀ ਗੱਲ
ਅਸ਼ੋਕ ਵਰਮਾ
ਬਠਿੰਡਾ, 27 ਦਸੰਬਰ, 2024:ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਵਿਚਾਰਚਰਚਾ ਵਿੱਚ ਅਦਾਰਾ 23 ਮਾਰਚ ਵੱਲੋਂ ਦੋ ਬੈਠਕਾਂ ਵਿੱਚ ਆਧੁਨਿਕਤਾ, ਯੂਰੋ-ਕੇਂਦਰਿਤ ਵਿਚਾਰਧਾਰਾ, ਮਾਰਕਸਵਾਦ, ਰਾਸ਼ਟਰਵਾਦ ਅਤੇ ਕਿਸਾਨੀ/ਪੇਂਡੂ ਵਸੇਬ ਸਿਧਾਂਤਕ ਚਰਚਾ ਦੇ ਭਖਵੇਂ ਮੁੱਦੇ ਬਣੇ। ਮੀਂਹ ਕਾਰਨ ਥੋੜਾ ਪਛੜ ਕੇ ਸ਼ੁਰੂ ਹੋਏ ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ ਵਿੱਚ ਭਾਰਤ ਦੇ ਪ੍ਰਮੁੱਖ ਰਾਜਨੀਤੀ ਸਿਧਾਂਤਕਾਰ ਪ੍ਰੋ. ਆਦਿਤਯ ਨਿਗਮ ਨੇ ਆਪਣੇ ਵਿਸਥਾਰਤ ਭਾਸ਼ਣ ਵਿੱਚ ਕਿਹਾ ਕਿ ਯੂਰਪ ਦਾ ਸਫ਼ਰ ਉਹਨਾਂ ਦਾ ਹੈ, ਸਾਡੇ ਸੰਦਰਭਾ ਉਤੇ ਇਸ ਨੂੰ ਇੰਨ-ਬਿੰਨ ਲਾਗੂ ਕਰਨ ਦੀ ਬਿਰਤੀ ਨੇ ਸੰਕਟ ਖੜੇ ਕੀਤੇ ਹਨ। ਉਦਯੋਗੀਕਰਨ, ਤਕਨੀਕੀ ਤਰੱਕੀ ਦੇ ਜਾਪ ਨੇ ਸਾਨੂੰ ਢੁੱਕਵੇਂ, ਬਦਲਵੇਂ ਚਿੰਤਨੀ ਸੋਮਿਆਂ ਤੋਂ ਦੂਰ ਰੱਖਿਆ ਹੈ।
ਉਹਨਾਂ ਕਿਹਾ ਕਿ ਕਿਰਸਾਨੀ ਖ਼ਤਮ ਨਹੀਂ ਹੋ ਰਹੀ ਸਗੋਂ ਸੰਸਾਰ ਪ੍ਰਬੰਧ ਵਿੱਚ ਕਿਰਸਾਨੀ ਦਾ ਅਸਰ ਵਧ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਧ ਰਹੇ ਅਸਰ ਨੂੰ ਹਜ਼ੇ ਢੁੱਕਵੇਂ ਸਿਧਾਂਤਕ ਚੌਖਟੇ ਵਿੱਚ ਬੰਨ੍ਹਣ ਦੀ ਵੰਗਾਰ ਸਾਡੇ ਸਾਹਮਣੇ ਖੜੀ ਹੈ। ਪੰਜਾਬੀ ਪੇਂਡੁ ਵਸੇਬ ਦਾ ਹੁਸਨ ਇਖ਼ਲਾਕ ਸਿਰਲੇਖ ਵਾਲੀ ਦੂਜੀ ਬੈਠਕ ਵਿੱਚ ਪ੍ਰੋ. ਸ਼ੁੱਭਪ੍ਰੇਮ ਬਰਾੜ ਨੇ ਜਸਵੰਤ ਸਿੰਘ ਕੰਵਲ ਦੇ ਨਾਵਲ ਪੂਰਨਮਾਸ਼ੀ ਵਿੱਚ ਪੰਜਾਬੀ ਪਿੰਡ ਦੇ ਸੰਕਲਪ ਅਤੇ ਹਸਤੀ ਬਾਰੇ ਆਪਣੀ ਪੜਤ ਰੱਖੀ।
ਅਰਥਸ਼ਾਸਤਰੀ ਬਲਦੇਵ ਸਿੰਘ ਸ਼ੇਰਗਿੱਲ ਨੇ ਖੇਤਰੀ ਖੋਜ ਕਾਰਜ ਦੀਆਂ ਲੱਭਤਾਂ ਸਾਂਝੀਆਂ ਕੀਤੀਆਂ ਅਤੇ ਪਿੰਡ ਪੱਧਰ ਦੀਆਂ ਸੰਸਥਾਵਾਂ ਦੀ ਮਜ਼ਬੂਤੀ ਸਦਕਾ ਪਿੰਡ ਨੂੰ ਤਕੜਿਆਂ ਕਰਨ ਦਾ ਸੱਦਾ ਦਿੱਤਾ। ਇਤਿਹਾਸਕਾਰ ਅਤੇ ਡਾਇਰੈਕਟਰ ਅਦਾਰਾ 23 ਮਾਰਚ ਸੁਮੇਲ ਸਿੰਘ ਸਿੱਧੂ ਨੇ ਸੁਰਜੀਤ ਪਾਤਰ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਪਾਸ਼, ਅਮਿਤੋਜ ਆਦਿ ਦੇ ਕਾਵਿ-ਹਵਾਲਿਆਂ ਨਾਲ ਪਿੰਡ ਦੀ ਸਿਮਰਤੀ ਅਤੇ ਸੰਭਾਵਨਾ ਦੇ ਬਰਅਕਸ ਸ਼ਹਿਰੀ ਵਸੇਬ ਦੀ ਉਦਾਸੀਨਤਾ, ਬੇਗਾਨਗੀ ਅਤੇ ਪੰਜਾਬ ਤੋਂ ਬੇਮੁੱਖ ਹੋਣ ਦੇ ਵਰਤਾਰੇ ਨੂੰ ਉਘਾੜਿਆ।
ਇਹਨਾਂ ਦਿਲਚਸਪ ਸ਼ੈਸ਼ਨਾਂ ਵਿੱਚ ਸਰੋਤਿਆਂ ਵੱਲੋਂ ਭਰਵੀਂ ਸ਼ਮੂਲੀਅਤ ਸਵਾਲ ਜਵਾਬਾਂ ਦੇ ਰੂਪ ਵਿੱਚ ਕੀਤੀ ਗਈ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪੁਸਤਕ ਪ੍ਰਦਰਸ਼ਨੀ ਵਿੱਚ ਪਾਠਕਾਂ ਨੇ ਭਰਵੀਂ ਰੁਚੀ ਦਿਖਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ ਅਰਸ਼ੀ, ਜਗਦੀਪ ਪਾਪੜਾ, ਪ੍ਰੋ. ਹਰਵਿੰਦਰ ਘੁੱਦਾ, ਕਰਨਲ ਬਲਬੀਰ ਸਿੰਘ ਸਰਾਂ, ਡਾ. ਗੁਰਮੇਲ ਸਿੰਘ ਮੌਜੀ, ਲਛਮਣ ਮਲੂਕਾ, ਅਤਰਜੀਤ, ਸੁਖਦਰਸ਼ਨ ਨੱਤ, ਅਵਤਾਰ ਗੋਂਦਾਰਾ, ਗੁਰਪ੍ਰੀਤ ਸਿੱਧੂ, ਗੁਰਬਿੰਦਰ ਬਰਾੜ, ਅਮਰਜੀਤ ਢਿੱਲੋਂ, ਅਮ੍ਰਿਤਪਾਲ ਵਿਰਕ, ਗੁਰਮੇਲ ਸਿੰਘ ਭੁਟਾਲ, ਤਰਨਜੀਤ ਲਾਲੀ, ਹਾਜ਼ਰ ਸਨ।