ਸੰਘਰਸ਼ ਕਮੇਟੀ ਵੱਲੋਂ ਬੱਸ ਅੱਡਾ ਤਬਦੀਲ ਨਾਂ ਕਰਨ ਦੀ ਮੰਗ ਲਈ ਮੁੱਖ ਮੰਤਰੀ ਨੂੰ ਪੱਤਰ
ਅਸ਼ੋਕ ਵਰਮਾ
ਬਠਿੰਡਾ, 13 ਜੂਨ 2025 : ਬਠਿੰਡਾ ਦਾ ਬੱਸ ਅੱਡਾ ਮੌਜੂਦਾ ਥਾਂ ’ਤੇ ਬਣਾਈ ਰੱਖਣ ਦੀ ਅਪੀਲ ਕਰਨ ਲਈ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਸੰਘਰਸ਼ ਕਮੇਟੀ ਦੀ ਦਲੀਲ ਹੈ ਕਿ ਨਵਾਂ ਬੱਸ ਅੱਡਾ ਆਮ ਲੋਕਾਂ ਲਈ ਮੁਸ਼ਕਲਾਂ ਦਾ ਸਬੱਬ ਬਣੇਗਾ ਇਸ ਲਈ ਪੰਜਾਬ ਸਰਕਾਰ ਨੂੰ ਇਹ ਪ੍ਰਜੈਕਟ ਰੱਦ ਕਰ ਦੇਣਾ ਚਾਹੀਦਾ ਹੈ। ਪਾਵਰਕੌਮ ਵੱਲੋਂ ਬੱਸ ਅੱਡੇ ਲਈ ਜਗ੍ਹਾ ਤਬਦੀਲ ਕਰਨ ਦੀਆਂ ਖਬਰਾਂ ਦਰਮਿਆਨ ਸੰਘਰਸ਼ ਕਮੇਟੀ ਨੇ ਹੁਣ ਨਵਾਂ ਹੰਭਲਾ ਮਾਰਿਆ ਹੈ। ਐਕਸ਼ਨ ਕਮੇਟੀ ਆਗੂ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਸ਼ਹਿਰ ਦਾ ਬੱਸ ਸਟੈਂਡ ਢੁਕਵੇਂ ਸਥਾਨ ’ਤੇ ਬਣਿਆ ਹੋਇਆ ਹੈ, ਜਿੱਥੋਂ ਸਰਕਾਰੀ ਕਾਲਜ, ਹਸਪਤਾਲ, ਕਚਹਿਰੀ, ਤਹਿਸੀਲ, ਸਰਕਾਰੀ ਦਫ਼ਤਰ, ਅਨਾਜ ਮੰਡੀ, ਸਬਜ਼ੀ ਮੰਡੀ, ਰੇਲਵੇ ਸਟੇਸ਼ਨ ਤੇ ਵਪਾਰਕ ਸੰਸਥਾਵਾਂ ਪੈਦਲ ਚੱਲ ਕੇ ਪਹੁੰਚਣ ਯੋਗ ਹਨ।
ਉਹਨਾਂ ਕਿਹਾ ਕਿ ਇੱਥੋਂ ਹਰ ਰੋਜ਼ ਹਜ਼ਾਰਾਂ ਯਾਤਰੀ ਆਪਣੇ ਕੰਮ ਕਾਰਜਾਂ ਲਈ ਸਫ਼ਰ ਕਰਦੇ ਹਨ ਇਸ ਲਈ ਜੇ ਬੱਸ ਅੱਡਾ ਬਦਲਿਆ ਗਿਆ ਤਾਂ ਲੋਕਾਂ ਦੀ ਜੇਬ ’ਤੇ ਵਾਧੂ ਭਾਰ ਪਵੇਗਾ ਅਤੇ ਰੋਜ਼ਾਨਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਵੇਗੀ। ਉਹਨਾਂ ਦੱਸਿਆ ਕਿ ਨਵੇਂ ਬੱਸ ਸਟੈਂਡ ਨੂੰ ਲੈ ਕੇ ਕੋਈ ਵੀ ਟਰੈਫਿਕ ਸਰਵੇ ਨਹੀਂ ਹੋਇਆ ਹੈ ਅਤੇ ਜਾਮ ਦਾ ਕਾਰਣ ਨਿਯਮਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਸੜਕਾਂ ਤੇ ਪ੍ਰਬੰਧ ਠੀਕ ਕਰਨ ਅਤੇ ਸੜਕ ਦੇ ਪਾਸੇ ਵਾਲੀ ਥਾਂ ਦਾ ਠੀਕ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਮੁਸ਼ਕਲ ਦੂਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡੇ ਨੂੰ ਨਵੀਆਂ ਤਕਨੀਕਾਂ ਨਾਲ ਮਲਟੀ ਲੈਵਲ ਟਰਮੀਨਲ, ਐਂਟਰੀ ਐਗਜ਼ਿਟ ਪੁਆਇੰਟ, ਸਮਾਰਟ ਪ੍ਰਬੰਧਨ ਤੇ ਹੋਰ ਸੁਵਿਧਾਵਾਂ ਨਾਲ ਸੁਧਾਰਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਦੁਨੀਆਂ ਦੇ ਵੱਡੇ ਦੇਸ਼ਾਂ ਅਤੇ ਸ਼ਹਿਰਾਂ ਵਿੱਚ ਵੀ ਉਨ੍ਹਾਂ ਦੇ ਬਸ ਸਟੈਂਡ ਅਬਾਦੀ ਦੇ ਵਿਚਕਾਰ ਹਨ। ਸੰਘਰਸ਼ ਕਮੇਟੀ ਨੇ ਚਿੰਤਾ ਜਤਾਈ ਕਿ ਬੱਸ ਅੱਡਾ ਸ਼ਹਿਰੋਂ ਬਾਹਰ ਜਾਣ ਨਾਲ ਮਹਿਲਾਵਾਂ ਦੀ ਸੁਰੱਖਿਆ ਖਤਰੇ ’ਚ ਪੈ ਸਕਦੀ ਹੈ। ਇਸ ਦੇ ਨਾਲ ਹੀ ਜੋ ਲੋਕ ਦੇਰ ਰਾਤ ਜਾਂ ਸਵੇਰ ਵਕਤ ਜਲਦੀ ਸਫ਼ਰ ਕਰਦੇ ਹਨ ਉਨ੍ਹਾਂ ਦੀਆਂ ਦਿੱਕਤਾਂ ਵੀ ਵਧਣਗੀਆਂ ਕਿਉਂਕਿ ਮਲੋਟ ਰੋਡ ਵਾਲੀ ਥਾਂ ਸੁੰਨਸਾਨ ਅਤੇ ਸੁਰੱਖਿਆ ਪ੍ਰਬੰਧ ਵੀ ਢੁੱਕਵੇਂ ਨਹੀਂ ਹਨ। ਉਹਨਾਂ ਕਿਹਾ ਕਿਇਸਦੇ ਨਾਲ ਹੀ ਜੇ ਬਸ ਸਟੈਂਡ ਬਾਹਰ ਗਿਆ ਤਾਂ ਸ਼ਹਿਰ ਵਿੱਚ ਆਉਣ ਵਾਲੀ ਲੋਕਲ ਟਰਾਂਸਪੋਰਟ ਜਾਂ ਸ਼ਟਲ ਬੱਸਾਂ ਨਾਲ ਸੰਬੰਧਤ ਸਮੱਸਿਆ ਵਧੇਗੀ ਅਤੇ ਲੋਕਾਂ ਨੂੰ ਵਾਧੂ ਖਰਚਾ ਭੁਗਤਣਾ ਪਵੇਗਾ ਜਿਸ ਵਿੱਚ ਵਿਦਿਆਰਥੀ, ਮਰੀਜ਼, ਦੁਕਾਨਾਂ ਤੇ ਕੰਮ ਕਰਨ ਵਾਲੇ ਅਤੇ ਰੋਜ਼ ਸਫ਼ਰ ਕਰਨ ਵਾਲੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ।
ਸੰਘਰਸ਼ ਕਮੇਟੀ ਨੇ ਕਿਹਾ ਕਿ ਮਲੌਟ ਰੋਡ ਵਾਲੀ ਥਾਂ ਪਹਿਲਾਂ ਹੀ ਦੁਰਘਟਨਾਗ੍ਰਸਤ ਅਤੇ ਸੰਵੇਦਨਸ਼ੀਲ ਹੈ ਅਤੇ ਇਸ ਇਲਾਕੇ ਵਿੱਚ ਸੀਮੈਂਟ ਫੈਕਟਰੀ, ਟਰਾਂਸਪੋਰਟ ਨਗਰ ਅਤੇ ਵੱਡੇ ਵਾਹਨਾਂ ਦੀ ਆਵਾਜਾਈ ਕਾਰਨ ਉੱਥੇ ਹਾਦਸਿਆਂ ਦੇ ਵਧਣ ਦਾ ਖਤਰਾ ਹੈ। ਇਸ ਲਈ ਬਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਹੀ ਬਣਾਈ ਰੱਖਿਆ ਜਾਵੇ । ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਲੋਕਾਂ ਨਾਲ ਸੰਵਾਦ ਕਰਕੇ ਉਨ੍ਹਾਂ ਦੀ ਰਾਏ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਿਰਫ਼ ਬਸ ਸਟੈਂਡ ਦਾ ਨਹੀਂ ਸਗੋਂ ਜਨ ਸਹੂਲਤਾਂ ਦਾ ਮੁੱਦਾ ਹੈ। ਇਸ ਮੌਕੇ ਤੇ ਹਰਵਿੰਦਰ ਹੈਪੀ, ਸੰਦੀਪ ਬਾਬੀ, ਗੁਰਪ੍ਰੀਤ ਆਰਟਿਸਟ, ਸੰਦੀਪ ਅਗਰਵਾਲ, ਕੰਵਲਜੀਤ ਭੰਗੂ, ਗੁਰਵਿੰਦਰ ਅਤੇ ਹੋਰ ਸਹਿਯੋਗੀ ਹਾਜ਼ਰ ਸਨ।