ਹਰਜੋਤ ਬੈਂਸ ਨੇ ਨਾਇਬ ਸੈਣੀ 'ਤੇ ਕੀਤਾ ਹਮਲਾ - ਰਾਤ ਨੂੰ ਪਾਣੀ ਚੁਰਾਉਣ ਵਾਲਾ ਨਵਾਂ ਵਜ਼ੀਰ ਖ਼ਾਨ!
ਨਾਇਬ ਸੈਣੀ ਨੇ ਪੰਜਾਬ ਨੂੰ ਧੋਖਾ ਦਿੱਤਾ- ਹਰਜੋਤ ਬੈਂਸ
ਹਰਜੋਤ ਬੈਂਸ: ਭਾਜਪਾ ਦੀ ਸਾਜ਼ਿਸ਼ ਸਾਨੂੰ ਮੁਗ਼ਲ ਯੁੱਗ ਦੀ ਯਾਦ ਦਿਵਾਉਂਦੀ ਹੈ
ਰਾਤ ਨੂੰ ਮੁਗ਼ਲਾਂ ਵਾਂਗ ਵਿਸ਼ਵਾਸਘਾਤ, ਦਿਨ ਵੇਲੇ ਗੁਰੂਆਂ ਦੀ ਪਰੰਪਰਾ ਦੀ ਗੱਲ?”—ਹਰਜੋਤ ਬੈਂਸ ਨੇ ਨਾਇਬ ਸੈਣੀ ਨੂੰ ਘੇਰਿਆ
ਹਰਜੋਤ ਬੈਂਸ:ਨਾਇਬ ਸੈਣੀ ਪੰਜਾਬ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ, ਜਿਵੇਂ ਵਜ਼ੀਰ ਖ਼ਾਨ ਕਰਦਾ ਸੀ
ਲੁਧਿਆਣਾ, 14 ਜੂਨ
ਆਮ ਆਦਮੀ ਪਾਰਟੀ ਦੇ ਆਗੂ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੇ ਪਾਣੀ ਸਬੰਧੀ ਦਿੱਤੇ ਗਏ ਬਿਆਨ 'ਤੇ ਤਿੱਖਾ ਹਮਲਾ ਕੀਤਾ ਹੈ।
ਹਰਜੋਤ ਬੈਂਸ ਨੇ ਹਰਿਆਣਾ ਅਤੇ ਭਾਜਪਾ ਆਗੂਆਂ 'ਤੇ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਜਿਸ ਤਰ੍ਹਾਂ ਨਾਇਬ ਸੈਣੀ ਨੇ ਬੀਬੀਐਮਬੀ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਇਆ, ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਨਾਇਬ ਸੈਣੀ ਪੰਜਾਬ ਦੇ ਹੱਕੀ ਪਾਣੀ ਨੂੰ ਲੁੱਟਣ ਦੀ ਸਾਜ਼ਿਸ਼ ਦਾ ਮੁੱਖ ਮਾਸਟਰਮਾਈਂਡ ਸਨ। ਇਹ ਉਹੀ ਸਨ ਜਿਨ੍ਹਾਂ ਨੇ ਬੀਬੀਐਮਬੀ 'ਤੇ ਦਬਾਅ ਪਾਇਆ ਅਤੇ ਉਸ ਨੂੰ ਹਰਿਆਣਾ ਨੂੰ ਹੋਰ ਪਾਣੀ ਦੇਣ ਲਈ ਮਜਬੂਰ ਕੀਤਾ।
ਉਨ੍ਹਾਂ ਕਿਹਾ ਕਿ ਉਸ ਸਮੇਂ ਦੇਸ਼ ਪਾਕਿਸਤਾਨ ਨਾਲ ਜੰਗ ਲੜ ਰਿਹਾ ਸੀ। ਕਈ ਸ਼ਹਿਰਾਂ ਵਿੱਚ ਬਲੈਕ-ਆਊਟ ਸੀ ਅਤੇ ਜਦੋਂ ਅੱਧੀ ਰਾਤ ਨੂੰ ਪਾਕਿਸਤਾਨੀ ਡਰੋਨ ਦੇਸ਼ ਵਿੱਚ ਉੱਡ ਰਹੇ ਸਨ, ਉਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਰਾਤ ਨੂੰ ਪੰਜਾਬ ਦਾ ਪਾਣੀ ਚੁਰਾਉਣ ਵਾਲੇ ਨਵੇਂ ਵਜ਼ੀਰ ਖ਼ਾਨ ਬਣ ਗਏ। ਭਾਜਪਾ ਨੇ ਮੁਗ਼ਲਾਂ ਨੂੰ ਵੀ ਪਿੱਛੇ ਛੱਡ ਦਿੱਤਾ।
ਬੈਂਸ ਨੇ ਕਿਹਾ ਕਿ ਨਾਇਬ ਸੈਣੀ ਕਹਿ ਰਹੇ ਹਨ ਕਿ ਹਰਿਆਣਾ ਵਿੱਚ ਕਈ ਥਾਵਾਂ 'ਤੇ ਪੀਣ ਵਾਲਾ ਪਾਣੀ ਨਹੀਂ ਹੈ, "ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਅਜਿਹੀ ਕੋਈ ਜਗ੍ਹਾ ਹੈ ਤਾਂ ਸਾਨੂੰ ਦਿਖਾਓ, ਅਸੀਂ ਉੱਥੇ ਪਾਣੀ ਮੁਹੱਈਆ ਕਰਵਾਵਾਂਗੇ।"
ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਕੋਲ ਸਿੰਚਾਈ ਲਈ ਨਹਿਰੀ ਪਾਣੀ ਦੀ ਬਹੁਤੀ ਪਹੁੰਚ ਨਹੀਂ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਅਣਗੌਲਿਆ ਕੀਤਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਨੇ ਪੰਜਾਬ ਦੇ 65 ਪ੍ਰਤੀਸ਼ਤ ਤੋਂ ਵੱਧ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਹੈ, ਇਸ ਲਈ ਸਾਡੇ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ।
ਨਾਇਬ ਸੈਣੀ ਦੇ ਮੁਹੱਲਾ ਕਲੀਨਿਕ ਵਾਲੇ ਬਿਆਨ 'ਤੇ ਬੈਂਸ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਮੁਹੱਲਾ ਕਲੀਨਿਕਾਂ ਵਿੱਚ ਲੱਖਾਂ ਗ਼ਰੀਬ ਪਰਿਵਾਰਾਂ ਦਾ ਇਲਾਜ ਹੋਇਆ। ਮੁਹੱਲਾ ਕਲੀਨਿਕ ਮੁੱਢਲੀ ਸਿਹਤ ਸੰਭਾਲ ਦੀ ਸਭ ਤੋਂ ਵਧੀਆ ਉਦਾਹਰਨ ਹੈ। ਪਰ ਇਹ ਬਹੁਤ ਮੰਦਭਾਗਾ ਹੈ ਕਿ ਦਿੱਲੀ ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ, ਉਨ੍ਹਾਂ ਨੇ ਮੁਹੱਲਾ ਕਲੀਨਿਕਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ।
ਨਾਇਬ ਸੈਣੀ ਦੇ ਭ੍ਰਿਸ਼ਟਾਚਾਰ 'ਤੇ ਦਿੱਤੇ ਬਿਆਨ 'ਤੇ ਹਰਜੋਤ ਬੈਂਸ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਭ੍ਰਿਸ਼ਟਾਚਾਰ 'ਤੇ ਬੋਲਣਾ ਬਹੁਤ ਹੀ ਹਾਸੋਹੀਣਾ ਹੈ। 2014 ਤੋਂ ਬਾਅਦ, ਭਾਜਪਾ ਨੇ ਦੇਸ਼ ਦੇ ਸਾਰੇ ਵੱਡੇ ਭ੍ਰਿਸ਼ਟ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗ ਮਸ਼ੀਨ ਵਿੱਚ ਧੋ ਕੇ ਸਾਫ਼ ਕਰ ਦਿੱਤਾ।