ਸਿਹਤ ਵਿਭਾਗ ਨਥਾਣਾ ਨੇ ਤੀਬਰ ਦਸਤ ਰੋਕੂ ਪੰਦਰਵਾੜਾ- ਓ.ਆਰ.ਐਸ. ਤੇ ਜ਼ਿੰਕ ਕਾਰਨਰ ਦੀ ਮਹੱਤਤਾ ਸਮਝਾਈ
ਅਸ਼ੋਕ ਵਰਮਾ
ਨਥਾਣਾ ,10 ਜੁਲਾਈ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾ. ਨਵਦੀਪ ਕੌਰ ਸਰਾਂ ਦੀ ਯੋਗ ਅਗਵਾਈ ਹੇਠ 'ਤੀਬਰ ਦਸਤ ਰੋਕੂ ਪੰਦਰਵਾੜੇ' ਤਹਿਤ ਬਲਾਕ ਨਥਾਣਾ ਅੰਦਰ ਜਾਗਰੂਕਤਾ ਗਤੀਵਿਧੀਆਂ ਚਾਲੂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸਰਾਂ ਨੇ ਦੱਸਿਆ ਕਿ ਡਾਇਰੀਆ ਕੰਟਰੋਲ ਪ੍ਰੋਗਰਾਮ ਅਧੀਨ ਓ.ਆਰ.ਐੱਸ. (ORS) ਅਤੇ ਜ਼ਿੰਕ ਕਾਰਨਰ ਬਣਾ ਕੇ ਇਨ੍ਹਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਾਇਆ ਜਾ ਰਿਹਾ ਹੈ। ਇਨ੍ਹਾਂ ਕਾਰਨਰਾਂ ਦੀ ਸਥਾਪਨਾ ਸਿਹਤ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ‘ਤੇ ਕੀਤੀ ਗਈ ਹੈ। ਇਹ ਕਾਰਨਰ ਡਾਇਰੀਆ ਦੌਰਾਨ ਬੱਚਿਆਂ ਅਤੇ ਵੱਡਿਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਸਿਹਤ ਸਟਾਫ਼ ਵਲੋਂ ਲੋਕਾਂ ਨੂੰ ਬਰਸਾਤਾਂ ਦੇ ਇਸ ਮੌਸਮ ਵਿਚ ਸਾਫ ਪਾਣੀ ਪੀਣ ਅਤੇ ਸਾਫ ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਮੈਡੀਕਲ ਅਫਸਰ ਡਾ. ਅਰੀਨਾ ਬਾਂਸਲ ਨੇ ਕਿਹਾ ਕਿ ਤੀਬਰ ਦਸਤ ਰੋਕੂ ਜਾਗਰੂਕਤਾ ਮਹੀਨੇ ਦਾ ਮੁੱਖ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੁੰਦਾ ਹੈ। ਇਸ ਲਈ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਦਸਤ ਵਿੱਚ ਵੀ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਦਸਤ ਹੋਣ 'ਤੇ ਅਕਸਰ ਬੱਚੇ ਨੂੰ ਕਾਰਬੋਨੇਟਿਡ ਡਰਿੰਕਸ (ਸਾਫਟਡ੍ਰਿੰਕਸ) ਦਿੱਤਾ ਜਾਂਦਾ ਹੈ ਜੋ ਕਿ ਸਹੀ ਨਹੀਂ ਹੈ। ਇਸ ਲਈ ਡਾਇਰੀਆ ਤੋਂ ਬਚਾਓ ਲਈ ਵੱਧ ਤੋਂ ਵੱਧ ਸਫ਼ਾਈ ਰੱਖਣੀ ਲਾਜਮੀ ਹੈ।
ਉਨ੍ਹਾਂ ਕਿਹਾ ਕਿ ਵਾਰ-ਵਾਰ ਹੱਥ ਧੋਣ ਸਮੇਤ ਖਾਣ-ਪੀਣ ਵਾਲੇ ਬਰਤਨਾਂ ਦੀ ਲਗਾਤਾਰ ਸਾਫ਼ ਸਫਾਈ ਰੱਖਣ ਅਤੇ ਖਾਣ ਖਾਣ ਜਾਂ ਬਣਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਬਹੁਤ ਜਰੂਰੀ ਹੈ।ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਗਰਭਵਤੀ ਔਰਤਾਂ ਅਤੇ ਦਸਤ ਤੋਂ ਪੀੜਤ ਬੱਚਿਆਂ ਨੂੰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਦੇਣ, ਹੱਥ ਧੋਣ ਦੀ ਸਹੀ ਤਕਨੀਕ ਅਤੇ ਇਸ ਸਬੰਧੀ ਜਾਗਰੂਕ ਹੋਣ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਦਸਤ ਰੋਗ ਦਾ ਸਹੀ ਇਲਾਜ ਹਨ। ਇਸ ਮੌਕੇ ਓ.ਆਰ.ਐਸ ਦਾ ਘੋਲ ਬਣਾਉਣ ਦੀ ਵਿਧੀ ਸਮੇਤ ਡਾਇਰੀਆ ਦੀ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਮੁਹਿੰਮ ਵਿਚ ਜੁੱਟੇ ਸਟਾਫ਼ ਨੂੰ ਡਾਇਰੀਆ ਤੋਂ ਬਚਾਓ ਸਬੰਧੀ ਜਾਗਰੂਕਤਾ ਸਰਗਰਮੀਆਂ ਤੇਜ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀ.ਐਚ.ਓ, ਸਿਹਤ ਕਰਮੀ ਸਮੇਤ ਆਸ਼ਾ ਵਰਕਰ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।