ਸਾਊਥ ਬਲਾਕ ਦੇ ਵਸਨੀਕਾਂ ਨੂੰ 24 ਘੰਟੇ ਨਿਰਵਿਘਨ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ - ਵਿਧਾਇਕ ਰਾਜਿੰਦਰਪਾਲ ਕੌਰ ਛੀਨਾ
ਮਿੰਨੀ ਰੋਜ਼ ਗਾਰਡਨ ਤੋਂ 33 ਫੁੱਟਾ ਰੋਡ ਤੱਕ ਨਵੇਂ ਪਾਈਪਲਾਈਨ ਪ੍ਰੋਜੈਕਟ ਦਾ ਕੀਤਾ ਉਦਘਾਟਨ
ਸੁਖਮਿੰਦਰ ਭੰਗੂ
ਲੁਧਿਆਣਾ, 13 ਜੂਨ 2025
ਲੁਧਿਆਣਾ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਨੂੰ 24 ਘੰਟੇ ਸਾਫ਼ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਨਵੇਂ ਪਾਈਪਲਾਈਨ ਪ੍ਰੋਜੈਕਟ ਦਾ ਰਸਮੀ ਉਦਘਾਟਨ ਕਰਦਿਆਂ ਕੀਤਾ। ਵਿਧਾਇਕ ਛੀਨਾ ਦੀ ਅਗਵਾਈ ਹੇਠ, ਵਿਸ਼ਵ ਬੈਂਕ ਦੇ ਸਹਿਯੋਗ ਨਾਲ ਨਹਿਰੀ ਪਾਣੀ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਤਹਿਤ ਮਿੰਨੀ ਰੋਜ਼ ਗਾਰਡਨ ਤੋਂ 33 ਫੁੱਟਾ ਰੋਡ ਤੱਕ ਇੱਕ ਨਵੀਂ ਪਾਈਪਲਾਈਨ ਵਿਛਾਈ ਜਾਵੇਗੀ। ਇਸ ਯੋਜਨਾ ਰਾਹੀਂ, ਨਹਿਰੀ ਪਾਣੀ ਸਿੱਧਾ ਹਰ ਘਰ ਤੱਕ ਪਹੁੰਚੇਗਾ, ਜਿਸ ਨਾਲ ਸਾਫ਼, ਸਿਹਤਮੰਦ ਅਤੇ ਨਿਰੰਤਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਵਿਧਾਇਕ ਛੀਨਾ ਨੇ ਕਿਹਾ ਕਿ ਪੁਰਾਣੀਆਂ, ਟੁੱਟੀਆਂ ਪਾਈਪਾਂ ਨੂੰ ਮਜ਼ਬੂਤ, ਨਵੀਂ ਤਕਨਾਲੋਜੀ ਵਾਲੀਆਂ ਲਾਈਨਾਂ ਨਾਲ ਬਦਲਿਆ ਜਾਵੇਗਾ, ਜਿਸ ਨਾਲ ਪਾਣੀ ਦੀ ਬਰਬਾਦੀ ਨੂੰ ਰੋਕਣ ਵਿੱਚ ਮਦਦ ਮਿਲੇਗੀ। ਵਿਧਾਇਕ ਛੀਨਾ ਨੇ ਸਪੱਸ਼ਟ ਕੀਤਾ ਕਿ ਇਹ ਪ੍ਰੋਜੈਕਟ ਲਗਭਗ ਤਿੰਨ ਸਾਲਾਂ ਵਿੱਚ ਪੂਰਾ ਹੋ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ 10 ਘੰਟਿਆਂ ਦੀ ਬਜਾਏ 24 ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਵਿਧਾਇਕ ਛੀਨਾ ਨੇ ਕਿਹਾ ਕਿ ਨਵੀਂ ਪਾਈਪਲਾਈਨ ਵਿਛਾਉਣ ਤੋਂ ਤੁਰੰਤ ਬਾਅਦ ਸੜਕ ਨਿਰਮਾਣ ਦਾ ਕੰਮ ਵੀ ਕੀਤਾ ਜਾਵੇਗਾ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਜਲੀ, ਪਾਣੀ, ਸਟਰੀਟ ਲਾਈਟਾਂ, ਸਿਹਤ, ਮਿਆਰੀ ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਸੁਖਦੇਵ ਗਰਚਾ, ਬਲਬੀਰ ਭੋਲਾ, ਬਿੱਟੂ ਮਾਨ, ਭੋਲਾ ਗਿਆਸਪੁਰਾ, ਵਿਸ਼ਵ ਬੈਂਕ ਮੈਂਬਰ ਅਸ਼ਵਨੀ, ਕੁਲਦੀਪ ਧੀਂਗਾਨ ਤੇ ਹੋਰ ਹਾਜ਼ਰ ਸਨ।