ਸਾਈਂ ਨਗਰ ਵਿਖੇ ਪਾੜ ਪੈਣ ਤੋਂ ਬਾਅਦ ਜਿਵੇਂ ਸਿਹਤ ਵਿਭਾਗ ਨੇ ਬਣਾਈਆਂ 40 ਤੋਂ ਵੱਧ ਟੀਮਾਂ
ਅਸ਼ੋਕ ਵਰਮਾ
ਬਠਿੰਡਾ, 11 ਜੁਲਾਈ 2025: ਸਾਈਂ ਨਗਰ ਰਜਵਾਹੇ ਵਿੱਚ ਪਏ ਪਾੜ ਕਾਰਨ ਇਲਾਕੇ ਵਿੱਚ ਪਾਣੀ ਜਮਾ ਹੋਣ ਉਪਰੰਤ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਅਤੇ ਸਿਹਤ ਕਰਮਚਾਰੀਆਂ ਦੁਆਰਾ ਸਰਵੇ ਸ਼ੁਰੂ ਕਰ ਦਿੱਤਾ ਗਿਆ । ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਓ.ਆਰ.ਐਸ ਦੇ ਪੈਕੇਟ ਵੰਡੇ ਗਏ ਅਤੇ ਇਲਾਕੇ ਦੇ ਵੱਖ -ਵੱਖ ਥਾਵਾਂ ਤੇ ਲਾਰਵਾਸਾਈਡ ਸਪਰੇ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਮਨਦੀਪ ਸਿੰਗਲਾ ਦੱਸਿਆ ਕਿ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਸੁਪਰਵਿਜਨ ਹੇਠ ਪੰਜ ਮੈਡੀਕਲ ਟੀਮਾਂ ਅਤੇ ਪੂਰੇ ਇਲਾਕੇ ਵਿੱਚ ਸਰਵੇ ਅਤੇ ਲਾਰਵਾਸਾਈਡ ਸਪਰੇ ਲਈ 35 ਟੀਮਾਂ ਬਣਾਈਆਂ ਗਈਆਂ ਹਨ।ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਮੌਕੇ ਦਾ ਜਾਇਜਾ ਲੈਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਇਲਾਕੇ ਦੇ ਲੋਕਾਂ ਨੂੰ ਹਰ ਤਰਾਂ ਦੀ ਮੈਡੀਕਲ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ
ਉਹਨਾਂ ਕਿਹਾ ਕਿ ਲੋਕਾਂ ਨੂੰ ਪਾਣੀ ਜਿਆਦਾ ਹੋਣ ਕਾਰਨ ਘਰਾਂ ਤੋਂ ਬਾਹਰ ਸੁਰੱਖਿਆ ਜਗ੍ਹਾ ਤੇ ਆਉਣ ਦੀ ਅਪੀਲ ਕੀਤੀ ਜਾ ਰਹੀ ਹਾ ਅਤੇ ਕਿਹਾ ਕਿ ਘਬਰਾਉਣ ਦੀ ਕੋਈ ਜਰੂਰਤ ਨਹੀ, ਜਰੂਰਤ ਹੈ ਤਾਂ ਕੁੱਝ ਸਾਵਧਾਨੀਆਂ ਵਰਤਣ ਦੀ । ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਮੈਡੀਕਲ ਕੈਂਪ ਜਾਂ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ, ਖੁਦ ਇਲਾਜ ਨਾ ਕੀਤਾ ਜਾਵੇ। ਜੇਕਰ ਕਿਸੇ ਕਲਸਟਰ (ਜਿਵੇਂ ਕਿ ਇੱਕ ਹੀ ਜਗ੍ਹਾ ਉੱਤੇ 3 ਤੋਂ ਵੱਧ ਇਨਫੈਕਸ਼ਨ ਵਾਲੇ ਕੇਸ) ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਸਿਹਤ ਸੰਸਥਾਵਾਂ ਨੂੰ ਸੂਚਿਤ ਕੀਤਾ ਜਾਵੇ। ਇਲਾਕੇ ਵਿੱਚ ਦੂਸ਼ਿਤ ਪਾਣੀ ਅਤੇ ਕੀੜਿਆਂ ਤੋਂ ਕੱਟਣ ਨਾਲ ਆਮ ਤੌਰ ਤੇ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਲਾਗ) ਹੋ ਜਾਂਦੀ ਹੈ। ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੇ ਜਾਂਣ। ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ । ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹਨ, ਇਸ ਲਈ ਕੋਸ਼ਿਸ਼ ਕਰੋ ਕਿ ਪਾਣੀ ਵਿੱਚ ਨਾ ਜਾਓ। ਜੇਕਰ ਪਾਣੀ ਵਿੱਚ ਜਾਣਾ ਜ਼ਰੂਰੀ ਹੈ ਤਾਂ ਲੰਬੇ ਬੂਟ ਪਾਓ।
ਉਹਨਾਂ ਕਿਹਾ ਕਿ ਜੇਕਰ ਸੱਪ ਕੱਟ ਜਾਂਦਾ ਹੈ ਤਾਂ ਜਲਦੀ ਤੋਂ ਜਲਦੀ ਤਾਇਨਾਤ ਮੈਡੀਕਲ ਟੀਮ ਨਾਲ ਸੰਪਰਕ ਕਰੋ। ਉਹਨਾਂ ਦੱਸਿਆ ਕਿ ਪਾਣੀ ਸਾਫ ਹੀ ਪੀਓ ਜਾਂ ਪਾਣੀ ਉਬਾਲ ਕੇ ਠੰਡਾ ਕਰਕੇ ਪੀਓ, ਪਾਣੀ ਦੇ ਸਰੋਤਾਂ ਨੂੰ ਰੋਗ-ਮੁਕਤ ਰੱਖਣਾ, ਕਲੋਰਿਨ ਦੇ ਘੋਲੇ ਬਣਾਕੇ ਪਾਣੀ ਨੂੰ ਸ਼ੁਧ ਕਰਨਾ, ਰੋਗਾਂ ਦੀ ਰੋਕਥਾਮ ਜਿਵੇ ਡਾਇਰੀਆ, ਟਾਈਫਾਇਡ, ਹੈਜ਼ਾ ਵਰਗੇ ਰੋਗਾਂ ਦੀ ਰੋਕਥਾਮ ਲਈ ਵੈਕਸੀਨੇਸ਼ਨ ਅਤੇ ਇਲਾਜ, ਮਲੇਰੀਆ ਅਤੇ ਡੇਂਗੂ ਵਰਗੀਆਂ ਮੱਛਰ ਜੰਮਣ ਵਾਲੀਆਂ ਬਿਮਾਰੀਆਂ ਲਈ ਸਪਰੇਅ । ਇਸ ਤੋਂ ਇਲਾਵਾ ਹੜ੍ਹ ਪੀੜਤ ਇਲਾਕਿਆਂ ਵਿੱਚ ਲੋਕਾਂ ਨੂੰ ਹਥ-ਧੋਣ, ਖਾਣ-ਪੀਣ ਦੀ ਸਾਫ਼-ਸਫ਼ਾਈ ਬਾਰੇ ਜਾਣਕਾਰੀ ਦੇਣਾ ,ਔਰਲ ਰੀਹਾਈਡਰੇਸ਼ਨ ਸੋਲਿਊਸ਼ਨ (ORS) ਵਰਤਣ ਦੀ ਸਿੱਖਿਆ, ਐਂਬੂਲੈਂਸ ਦੀ ਤਾਇਨਾਤੀ,ਜ਼ਰੂਰੀ ਦਵਾਈਆਂ, ਟੀਕਾਕਰਨ ਸਮੱਗਰੀ ਅਤੇ ਫਰਸਟ ਐਡ ਕਿੱਟਾਂ ਉਪਲਬਧ ਕਰਵਾਈਆਂ ਗਈਆਂ ਹਨ । ਇਸ ਮੌਕੇ ਬੀ.ਈ.ਈ ਹਰਜਿੰਦਰ ਕੌਰ,ਮਲਟੀਪਰਪਜ਼ ਹੈਲਥ ਸੁਪਰਵਾਇਜਰ (ਮੇਲ ਤੇ ਫੀਮੇਲ), ਮਲਟੀਪਰਪਜ਼ ਹੈਲਥ ਵਰਕਰ (ਮੇਲ ਤੇ ਫੀਮੇਲ) ਅਤੇ ਆਸ਼ਾ ਵਰਕਰ ਡਿਊਟੀ ਨਿਭਾ ਰਹੇ ਹਨ ।