ਵਿਧਾਇਕ ਸ਼ੈਰੀ ਕਲਸੀ ਵਲੋਂ ਕਮਿਊਨਿਟੀ ਹਾਲ ਲੋਕ ਸਮਰਪਤਿ
ਕਿਹਾ-ਗਾਂਧੀ ਕੈਂਪ ਵਾਸੀਆਂ ਨੂੰ ਆਪਣੇ ਸਮੂਹਿਕ ਘਰੇਲੂ ਆਦਿ ਸਮਾਗਮ ਕਰਵਾਉਣ ਲਈ ਮਿਲੇਗੀ ਵੱਡੀ ਸਹੂਲਤ
ਰੋਹਿਤ ਗੁਪਤਾ
ਬਟਾਲਾ, 10 ਜੁਲਾਈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਗਾਂਧੀ ਨਗਰ ਕੈਂਪ ਬਟਾਲਾ ਦੇ ਵਾਸੀਆਂ ਦੀ ਸਹੂਲਤ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨਾਂ ਵਲੋਂ ਗਾਂਧੀ ਕੈਂਪ ਵਾਸੀਆਂ ਦੇ ਘਰੇਲੂ ਤੇ ਧਾਰਮਿਕ ਆਦਿ ਸਮਾਗਮਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਕਮਿਊਨਿਟੀ ਹਾਲ (ਨਵੀਂ ਧਰਮਸ਼ਾਲਾ) ਦੀ ਉਸਾਰੀ ਕਰਵਾਈ ਗਈ ਹੈ।
ਕਮਿਊਨਿਟੀ ਹਾਲ ਨੂੰ ਲੋਕ ਸਮਰਪਿਤ ਕਰਨ ਉਪਰੰਤ ਪੱਤਰਕਾਰ ਸਾਥੀਆਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਕਮਿਊਨਿਟੀ ਹਾਲ ਦੀ ਉਸਾਰੀ ਨਾਲ ਇਸ ਇਲਾਕੇ ਦੇ ਆਰਥਿਕ ਪੱਖੋ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਮੂਹਿਕ ਘਰੇਲੂ ਸਮਾਗਮ ਆਦਿ ਕਰਨ ਵਿੱਚ ਵੱਡੀ ਸਹੂਲਤ ਮਿਲੇਗੀ।
ਉਨਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਗਾਂਧੀ ਕੈਂਪ ਦੇ ਲੋਕਾਂ ਦੀ ਸਹੂਲਤ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਉਨਾਂ ਦੱਸਿਆ ਕਿ ਲੋਕਾਂ ਨੂੰ ਸਿਹਤ ਸਹੂਲਤ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਆਮ ਆਦਮੀ ਕਲੀਨਿਕ ਖੋਲਿ੍ਹਆ ਗਿਆ ਸੀ, ਜਿਸ ਵਿੱਚ ਰੋਜਾਨਾ ਮਰੀਜ਼ ਆਪਣਾ ਮੁਫਤ ਇਲਾਜ ਕਰਵਾ ਰਹੇ ਹਨ। ਇਸੇ ਤਰਾਂ ਵਿਦਿਆਰਥੀਆਂ ਨੂੰ ਹੋਰ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ‘ਸਿੱਖਿਆ ਕ੍ਰਾਂਤੀ’ ਤਹਿਤ ਇਥੋਂ ਦੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਸਕੂਲਾਂ ਵਿੱਚ ਸਾਨਦਾਰ ਕਮਰਿਆਂ ਦੀ ਉਸਾਰੀ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਵਿਕਾਸ ਕੰਮ ਕਰਵਾਏ ਗਏ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਗਾਂਧੀ ਕੈਂਪ ਵਿਚਲੀਆਂ ਗਲੀਆਂ ਬਣਾਉਣ ਅਤੇ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਗਾਂਧੀ ਕੈਪ ਦੀ ਹਰ ਗਲੀ ਦਾ ਨਿਰਮਾਣ ਕਰਵਾਉਣ ਲਈ ਉਹ ਵਚਨਬੱਧ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਉਹ ਖੁਦ ਗਾਂਧੀ ਕੈਂਪ ਵਿਖੇ ਪਹੁੰਚੇ ਹਨ ਅਤੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਹਨ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਐਕਸੀਅਨ ਪੀ.ਡਬਲਿਊ.ਡੀ ਜਸਪ੍ਰੀਤ ਸਿੰਘ, ਐਸ.ਡੀ.ਓ ਨਿਰਮਲ ਸਿੰਘ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਅੰਮ੍ਰਿਤ ਕਲਸੀ, ਵਿੱਕੀ ਚੌਹਾਨ, ਦਵਿੰਦਰ ਸਿੰਘ, ਮਨਜੀਤ ਸਿੰਘ ਬਮਰਾਹ, ਭੁਪਿੰਦਰ ਸਿੰਘ, ਵੀਨੂੰ ਕਾਹਲੋਂ, ਲੰਬੜਦਾਰ ਅਮਰੀਕ ਸਿੰਘ, ਦਲਜਿੰਦਰ ਸਿੰਘ, ਜਗਜੀਤ ਸਿੰਘ, ਅਮਿਤ ਸੋਢੀ, ਪ੍ਰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ।