ਮੂੰਹਖੁਰ ਤੇ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਜ਼ਰੂਰੀ : ਡਾਕਟਰ ਸ਼ਰਮਾ
ਮਲਕੀਤ ਸਿੰਘ ਮਲਕਪੁਰ
ਲਾਲੜੂ 11 ਜੁਲਾਈ 2025: ਅੱਜ ਕੱਲ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ, ਇਸ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਮੂੰਹਖੁਰ ਅਤੇ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਮੂੰਹਖੁਰ ਦੀ ਬਿਮਾਰੀ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਇੱਕ ਵਾਇਰਸ ਕਾਰਨ ਹੁੰਦੀ ਹੈ ਅਤੇ ਇਹ ਇੱਕ ਜਾਨਵਰ/ਫਾਰਮ ਤੋਂ ਦੂਜੇ ਜਾਨਵਰ ਵਿੱਚ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਹ ਬਿਮਾਰੀ ਆਮ ਤੌਰ ਤੇ ਗਾਵਾਂ, ਮੱਝਾਂ,ਬੱਕਰੀਆਂ, ਭੇਡਾਂ ਅਤੇ ਸੂਰਾਂ ਵਿੱਚ ਹੁੰਦੀ ਹੈ। ਮੂੰਹ ਖੁਰ ਦੇ ਬਿਮਾਰੀ ਵਿੱਚ ਮੂੰਹ ਅਤੇ ਪੈਰਾਂ ਵਿੱਚ ਛਾਲੇ,ਮੂੰਹ ਵਿੱਚੋਂ ਬਹੁਤ ਜ਼ਿਆਦਾ ਲਾਰ ਵਗਣੀ, ਤੇਜ਼ ਬੁਖਾਰ ਅਤੇ ਕਈ ਵਾਰੀ ਥਣਾਂ 'ਤੇ ਵੀ ਛਾਲੇ ਪੈ ਜਾਂਦੇ ਹਨ। ਜੇਕਰ ਕਿਸੇ ਵੀ ਪਸ਼ੂ ਵਿੱਚ ਇਹ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਦੂਸਰੇ ਪਸ਼ੂਆਂ ਤੋ ਤਰੁੰਤ ਅਲੱਗ ਕਰ ਦੇਣਾ ਚਾਹੀਦਾ ਹੈ ।
ਪੈਰਾਂ ਦੇ ਛਾਲਿਆਂ ਨੂੰ ਨੀਲੇ ਥੋਥੇ 2 ਪ੍ਰਤੀਸ਼ਤ ਘੋਲ ਜਾਂ ਲਾਲ ਦਵਾਈ (ਪੋਟਾਸ਼ੀਅਮ ਪਰਮੈਗਾਨੇਟ) ਨਾਲ ਧੋਣਾ ਚਾਹੀਦਾ ਹੈ ਅਤੇ ਮੂੰਹ ਵਿੱਚ ਹੋਏ ਛਾਲਿਆਂ ਨੂੰ ਲਾਲ ਦਵਾਈ ਨਾਲ ਧੋ ਕੇ ਬੋਰੋ ਗਲਿਸਰੀਨ ਲਗਾਉਣੀ ਚਾਹੀਦੀ ਹੈ ਜੋ ਕਿ ਛਾਲਿਆਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦੀ ਹੈ। ਇਸ ਬਿਮਾਰੀ ਤੋ ਪੀੜਤ ਪਸ਼ੂਆਂ ਨੂੰ ਨਰਮ ਚਾਰਾ ਜਾਂ ਦਲੀਆ ਆਦਿ ਖਵਾਉਣਾ ਚਾਹੀਦਾ ਹੈ। ਵਿਸ਼ਾਣੂ ਪ੍ਰਭਾਵਿਤ ਜਗ੍ਹਾ ਨੂੰ ਸਾਫ਼ ਕਰਨ ਲਈ ਕਾਸਟਿਕ ਸੋਡੇ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਸ਼ਰਮਾ ਨੇ ਕਿਹਾ ਮੂੰਹ ਖੁਰ ਦੀ ਬਿਮਾਰੀ ਤੋਂ ਜਾਨਵਰਾਂ ਨੂੰ ਬਚਾਉਣ ਲਈ ਹਰ 6 ਮਹੀਨਿਆਂ ਬਾਅਦ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।
ਇਸੇ ਤਰ੍ਹਾਂ ਗੱਲ ਘੋਟੂ ਦੀ ਬਿਮਾਰੀ ਜੋ ਕਿ ਬੈਕਟੀਰੀਆ ਕਾਰਨ ਹੁੰਦੀ ਹੈ , ਝੋਟੀਆਂ ਅਤੇ ਮੱਝਾਂ ਵਿੱਚ ਬਹੁਤ ਤੇਜ਼ੀ ਨਾਲ ਫੈਲਦੀ ਹੈ, ਜਿਸ ਕਾਰਨ ਪਸ਼ੂ ਦੇ ਗਲ ਥੱਲੇ ਸੋਜ਼ਸ਼ ਆ ਜਾਂਦੀ ਹੈ ਅਤੇ ਪਸ਼ੂ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ਼ ਹੁੰਦੀ ਹੈ ਅਤੇ ਗਲ ਘੋਟੂ ਦੀ ਬਿਮਾਰੀ ਤੋਂ ਪ੍ਰਭਾਵਿਤ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂ ਨੂੰ ਤਰੁੰਤ ਦੂਸਰੇ ਪਸ਼ੂਆਂ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ। ਪਸ਼ੂ ਪਾਲਕਾਂ ਨੂੰ ਆਪਣੇ ਜਾਨਵਰਾਂ ਨੂੰ ਗਲ ਘੋਟੂ ਦੀ ਬਿਮਾਰੀ ਤੋ ਬਚਾਉਣ ਲਈ ਬਰਸਾਤਾਂ ਤੋਂ ਪਹਿਲਾਂ ਵੈਕਸੀਨੇਸ਼ਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਅਤੇ ਜਿਹੜੇ ਪਸ਼ੂ ਪਾਲਕਾਂ ਨੇ ਹਾਲੇ ਤੱਕ ਆਪਣੇ ਜਾਨਵਰਾਂ ਨੂੰ ਗਲ ਘੋਟੂ ਦੀ ਬਿਮਾਰੀ ਤੋਂ ਬਚਾਅ ਦੇ ਟੀਕੇ ਨਹੀਂ ਲਗਵਾਏ ਉਹਨਾਂ ਨੂੰ ਤੁਰੰਤ ਆਪਣੇ ਜਾਨਵਰਾਂ ਨੂੰ ਗਲ ਘੋਟੂ ਦੀ ਬਿਮਾਰੀ ਤੋਂ ਬਚਾਅ ਦੇ ਟੀਕੇ ਲਗਵਾ ਲੈਣੇ ਚਾਹੀਦੇ ਹਨ ।