ਨਰੇਗਾ ਕਿਰਤੀਆਂ ਨੇ ਕਨਵੈਨਸ਼ਨ ਕਰਕੇ ਕੀਤਾ ਹੱਕ ਲੈਣ ਲਈ ਤਿੱਖੇ ਘੋਲਾਂ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,11 ਜੁਲਾਈ 2025 : 'ਟੀਚਰਜ਼ ਹੋਮ ਬਠਿੰਡਾ' ਦੇ 'ਸ਼ਹੀਦ-ਇ-ਆਜ਼ਮ ਭਗਤ ਸਿੰਘ ਹਾਲ' ਵਿਖੇ 'ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ' ਵਲੋਂ ਦੱਖਣੀ ਮਾਲਵਾ ਖਿੱਤੇ ਦੇ ਜਿਲ੍ਹਿਆਂ ਦੀ ਭਰਵੀਂ ਪ੍ਰਤੀਨਿਧ ਕਨਵੈਨਸ਼ਨ ਸੱਦੀ ਗਈ। ਪ੍ਰਧਾਨਗੀ ਗੁਰਮੀਤ ਸਿੰਘ ਬਠਿੰਡਾ, ਜੱਗਾ ਸਿੰਘ ਫਾਜ਼ਿਲਕਾ, ਜਸਵਿੰਦਰ ਸਿੰਘ ਵੱਟੂ ਸ਼੍ਰੀ ਮੁਕਤਸਰ ਸਾਹਿਬ, ਬਲਕਾਰ ਸਿੰਘ ਔਲਖ ਫਰੀਦਕੋਟ, ਆਤਮਾ ਰਾਮ ਮਾਨਸਾ ਨੇ ਕੀਤੀ। ਮੁੱਖ ਮਤਾ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਪੇਸ਼ ਕੀਤਾ। ਮੰਚ ਸੰਚਾਲਕ ਦੇ ਫਰਜ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਨਿਭਾਏ।
ਮੁੱਖ ਬੁਲਾਰਿਆਂ ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਤੇ 'ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ' ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕੁਰ ਨੇ ਕਿਰਤੀਆਂ ਨੂੰ ਕੇਂਦਰੀ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ, ਦੇਸ਼ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਖਿਲਾਫ ਫੈਸਲਾਕੁੰਨ ਘੋਲ ਵਿੱਢਣ ਤੇ ਭਾਜਪਾ ਦੇ ਵਿਚਾਰਧਾਰਕ ਆਕਾ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਹੱਲਿਆਂ ਤੇ ਵੰਡਵਾਦੀ ਕੁਚਾਲਾਂ ਨੂੰ ਭਾਂਜ ਦੇਣ ਦਾ ਸੱਦਾ ਦਿਤਾ।
ਉਨ੍ਹਾਂ ਸੂਬੇ ਦੀ ਕਨੂੰਨ-ਪ੍ਰਬੰਧ ਦੀ ਚਿੰਤਾਜਨਕ ਅਵਸਥਾ, ਸਰਕਾਰੀ ਦਾਅਵਿਆਂ ਦੇ ਉਲਟ ਨਸ਼ੇ ਨਾਲ ਮੌਤਾਂ, ਅਪਰਾਧਾਂ ਤੇ ਮਾਫੀਆ ਲੁੱਟ ਦੇ ਬੇਰੋਕ ਵਾਧੇ ਅਤੇ ਪੁਲਸ ਮੁਕਾਬਲਿਆਂ ਰਾਹੀਂ ਕੀਤੇ ਜਾ ਰਹੇ ਗੈਰ ਸੰਵਿਧਾਨਕ ਕਤਲਾਂ ਲਈ ਜਿੰਮੇਵਾਰ ਭਗਵੰਤ ਸਿੰਘ ਮਾਨ ਸਰਕਾਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।
ਧਰਮਿੰਦਰ ਸਿੰਘ (ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ), ਰਵਿੰਦਰ ਸਿੰਘ ਰਵੀ (ਕੋ ਕਨਵੀਨਰ ਪੰਜਾਬ ਸਟੂਡੈਂਟਸ ਫੈਡਰੇਸ਼ਨ), ਵਰਿੰਦਰ ਸਿੰਘ (ਸਰਪ੍ਰਸਤ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ), ਮਹੀਪਾਲ ਅਤੇ ਗੁਰਤੇਜ ਸਿੰਘ ਹਰੀ ਨੌ (ਸੂਬਾਈ ਆਗੂ ਦਿਹਾਤੀ ਮਜ਼ਦੂਰ ਸਭਾ ਪੰਜਾਬ) ਨੇ ਵੀ ਵਿਚਾਰ ਰੱਖੇ।
ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਨਰੇਗਾ ਦੇ ਖਾਤਮੇ ਦੀਆਂ ਸਾਜ਼ਿਸ਼ਾਂ ਅਤੇ ਸੂਬੇ ਦੀ ਮਾਨ ਸਰਕਾਰ ਦੀ ਮਨਰੇਗਾ ਕਿਰਤੀਆਂ ਪ੍ਰਤੀ ਮੁਜ਼ਰਮਾਨਾ ਬੇਰੁਖੀ ਖਿਲਾਫ ਤਿੱਖਾ ਤੇ ਬੱਝਵਾਂ ਘੋਲ ਵਿੱਢਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਹੈ ਕਿ ਇਸ ਕਾਨੂੰਨ ਤਹਿਤ ਸੂਚੀਬੱਧ ਪੇਂਡੂ ਕਿਰਤੀ ਪਰਿਵਾਰਾਂ ਨੂੰ ਸਾਲ 'ਚ 100 ਦਿਨ ਦਾ ਰੁਜ਼ਗਾਰ ਤੇ ਨਾ ਹੀ ਤੈਅਸ਼ੁਦਾ ਮਿਹਨਤਾਨਾ ਅਦਾ ਕੀਤਾ ਜਾ ਰਿਹਾ ਹੈ। ਕਿਰਤੀ ਬੇਰੁਜ਼ਗਾਰੀ ਭੱਤੇ ਤੇ ਕੰਮ ਦੇ ਸੰਦਾਂ ਤੋਂ ਵਿਰਵੇ ਰੱਖੇ ਜਾ ਰਹੇ ਹਨ। ਜ਼ਖ਼ਮੀ ਹੋਣ ਜਾਂ ਮੌਤ ਹੋ ਜਾਣ ਦੀ ਸੂਰਤ 'ਚ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ। ਕੇਂਦਰੀ ਸਰਕਾਰ ਹਰ ਬਜਟ ਵਿਚ ਮਨਰੇਗਾ ਫੰਡ ਘਟਾਉਂਦੀ ਜਾ ਰਹੀ ਹੈ।ਉਨ੍ਹਾਂ ਮਨਰੇਗਾ ਕਾਨੂੰਨ ਨੂੰ ਅੱਖਰ-ਅੱਖਰ ਲਾਗੂ ਕਰਵਾਉਣ ਅਤੇ ਕੁਰੱਪਸ਼ਨ ਤੇ ਨਾਜਾਇਜ ਦਖ਼ਲ ਦੇ ਖਾਤਮੇ ਲਈ ਪਿੰਡ-ਪਿੰਡ ਮਜ਼ਬੂਤ ਜੱਥੇਬੰਦੀ ਉਸਾਰਨ ਦਾ ਸੱਦਾ ਦਿੱਤਾ।ਇਸ ਮੌਕੇ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਪੇਂਡੂ ਕਿਰਤੀ ਪਰਿਵਾਰਾਂ ਦੇ ਸਾਰੇ ਬਾਲਗ ਜੀਆਂ ਨੂੰ 700 ਰੁਪਏ ਦੀ ਦਿਹਾੜੀ ਸਹਿਤ ਸਾਰਾ ਸਾਲ ਕੰਮ ਦੇਣ ਦੀ ਮੰਗ ਕੀਤੀ ਗਈ ।