ਧਰਮਗੜ੍ਹ ਦੀ 32 ਸਾਲਾ ਧੀ ਬਣੀ ਇੰਸਪੈਕਟਰ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਦਸੰਬਰ 2024: ਪਿੰਡ ਧਰਮਗੜ੍ਹ ਦੀ 8 ਸਾਲ ਪਹਿਲਾ ਬਤੌਰ ਸਬ-ਇੰਸਪੈਕਟਰ ਭਰਤੀ ਹੋਈ 32 ਸਾਲਾ ਧੀ ਬੰਦਨਾ ਸੈਣੀ ਹੁਣ ਇੰਸਪੈਕਟਰ ਬਣ ਗਈ ਹੈ। ਇਸ ਸਬੰਧੀ ਬੰਦਨਾ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਡੀ.ਜੀ.ਪੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ,ਸਪੈਸ਼ਲ ਸੁਰੱਖਿਆ ਗਰੁੱਪ ,ਸੁਰੱਖਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਏ .ਕੇ ਪਾਂਡੇ ਵੱਲੋਂ ਉਨ੍ਹਾਂ ਦੇ ਇੰਸਪੈਕਟਰ ਦੀ ਤਰੱਕੀ ਹੋਣ ਤੇ ਸਟਾਰ ਲਗਾਏ ਗਏ । ਇੰਸਪੈਕਟਰ ਬੰਦਨਾ ਸੈਣੀ ਨੇ ਦੱਸਿਆ ਕਿ ਉਨ੍ਹਾਂ ਆਪਣੀ ਮੁਢਲੀ ਪੜਾਈ ਪਿੰਡ ਦੇ ਸਕੂਲ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਤੋਂ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੋਲੀਟੀਕਲ ਸਾਇੰਸ ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ।
ਬੰਦਨਾ ਸੈਣੀ ਨੇ ਦੱਸਿਆ ਕਿ ਉਹ ਕਰੜੀ ਮਿਹਨਤ ਸਦਕਾ 8 ਸਾਲ ਪਹਿਲਾਂ 2016 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਭਰਤੀ ਹੋਈ, ਜਿਸ ਦੌਰਾਨ ਉਨ੍ਹਾਂ ਥਾਣਾ ਜ਼ੀਰਕਪੁਰ, ਡੇਰਾਬੱਸੀ ਅਤੇ ਹੰਡੇਸਰਾ ਵਿਖੇ ਬਤੌਰ ਸਬ –ਇੰਸਪੈਕਟਰ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਦੱਸਿਆ ਕਿ ਲੰਘੇ 3 ਸਾਲਾਂ ਤੋਂ ਉਹ ਮੁੱਖ ਮੰਤਰੀ ਪੰਜਾਬ ਦੀ ਸੁਰੱਖਿਆ ਦਸਤੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਪੰਜਾਬ ,ਚੰਡੀਗੜ ਵਿਖੇ ਬਤੌਰ ਇੰਚਾਰਜ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਮਿਹਨਤ ਕਰਕੇ ਅੱਗੇ ਵੱਧਣਾ ਚਾਹੀਦਾ ਹੈ । ਉਨ੍ਹਾਂ ਸੱਦਾ ਦਿੱਤਾ ਕਿ ਹਰ ਲੜਕੀ ਵਧੀਆ ਪੜ- ਲਿਖ ਕੇ ਉੱਚੇ ਅਹੁਦੇ ਉੱਤੇ ਪੁੱਜ ਸਕਦੀ ਹੈ, ਜਿਸ ਆਸ ਨੂੰ ਲੈ ਕੇ ਲੜਕੀਆਂ ਹਰ ਖੇਤਰ ਵਿੱਚ ਆਪਣਾ ਨਾਂਅ ਚਮਕਾ ਸਕਦੀਆਂ ਹਨ।