ਡੇਰਾ ਸਿਰਸਾ ਪੈਰੋਕਾਰਾਂ ਨੇ ਮਾਨਵਤਾ ਭਲਾਈ ਰਾਹੀਂ ਮਨਾਇਆ ਸ਼ਾਹ ਸਤਿਨਾਮ ਦਾ ਜਨਮ ਭੰਡਾਰਾ
ਅਸ਼ੋਕ ਵਰਮਾ
ਸਲਾਬਤਪੁਰਾ, 12 ਜਨਵਰੀ 2025: ਡੇਰਾ ਸੱਚਾ ਸੌਦਾ ਸਰਸਾ, ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਡੇਰਾ ਸਿਰਸਾ ਦੇ ਦੂਸਰੇ ਮੁਖੀ ਮਰਹੂਮ ਸ਼ਾਹ ਸਤਿਨਾਮ ਸਿੰਘ ਕਦੇ ਜਨਮ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਭੰਡਾਰਾ ਸਮਾਗਮ ਕਰਵਾਇਆ ਜਿਸ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚੋਂ ਵੱਡੀ ਗਿਣਤੀ ’ਚ ਸਾਧ ਸੰਗਤ ਨੇ ਸ਼ਿਰਕਤ ਕੀਤੀ। ਹਾਲਾਂਕਿ ਬਾਰਸ਼ ਦੇ ਮੌਸਮ ਕਾਰਨ ਇਕੱਠ ਦੇ ਪੱਖ ਤੋਂ ਇਹ ਸਮਾਗਮ ਪ੍ਰਭਾਵਿਤ ਹੋਇਆ ਫਿਰ ਵੀ ਡੇਰਾ ਸਿਰਸਾ ਪੈਰੋਕਾਰ ਦੇਰ ਤੱਕ ਇੰਨ੍ਹਾਂ ਸਮਾਗਮਾਂ ’ਚ ਸ਼ਾਮਲ ਹੋਣ ਲਈ ਪੁੱਜਦੇ ਰਹੇ। ਕੜਾਕੇ ਦੀ ਠੰਢ ਕਾਰਨ ਖਰਾਬ ਹੋਏ ਮੌਸਮ ਦੇ ਬਾਵਜ਼ੂਦ ਸਾਧ ਸੰਗਤ ਦਾ ਜੋਸ਼ ਅਤੇ ਉਤਸ਼ਾਹ ਕਾਬਿਲੇ ਤਾਰੀਫ ਸੀ। ਇਕੱਠ ਕਾਰਨ ਕੁੱਝ ਸਮਾਂ ਆਵਾਜਾਈ ਤੇ ਵੀ ਅਸਰ ਪਿਆ ਜਿਸ ਨੂੰ ਡੇਰੇ ਦੇ ਵਲੰਟੀਅਰਾਂ ਨੇ ਸੁਚਾਰੂ ਰੂਪ ਵਿੱਚ ਚਲਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ।
ਸਮਾਗਮਾਂ ਨੂੰ ਮੁੱਖ ਰੱਖਦਿਆਂ ਮੁੱਖ ਪੰਡਾਲ ਨੂੰ ਸੁੰਦਰ ਲੜੀਆਂ, ਰੰਗੋਲੀ ਅਤੇ ਗੁਬਾਰਿਆਂ ਨਾਲ ਸਜ਼ਾਇਆ ਹੋਇਆ ਸੀ ਅਤੇ ਇਸ ਮੌਕੇ ਬੱਚੇ, ਬੁੱਢੇ, ਨੌਜਵਾਨ ਹਰ ਉਮਰ ਵਰਗ ਦੇ ਸ਼ਰਧਾਲੂ ਨੱਚਦੇ ਦਿਖਾਈ ਦਿੱਤੇ। ਇਸ ਮੌਕੇ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋ ਨਸ਼ਿਆਂ ਖਿਲਾਫ਼ ਸੰਦੇਸ਼ ਦਿੰਦੇ ਗੀਤ ‘ਅਸ਼ੀਰਵਾਦ ਮਾਓ ਕਾ’ ਅਤੇ ‘ਜਾਗੋ ਦੇਸ਼ ਦੇ ਲੋਕੋ’ ਸੁਣਏ ਗਏ।
ਇਸ ਮੌਕੇ ਕਲਾਥ ਬੈਂਕ ਮੁਹਿੰਮ ਤਹਿਤ 106 ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ। ਇਸ ਮੌਕੇ ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਪਹਿਲਾਂ ਤੋਂ ਹੀ ਰਿਕਾਰਡ ਕੀਤੇ ਪ੍ਰਵਚਨਾਂ ਦੀ ਵੀਡੀਓ ਵੀ ਸ਼ਰਧਾਲੂਆਂ ਨੂੰ ਸੁਣਾਈ ਗਈ ਤਾਂ ਪੰਡਾਲ ’ਚ ਇੱਕਦਮ ਚੁੱਪ ਦਾ ਪਸਾਰਾ ਦਿਖਾਈ ਦਿੱਤਾ। ਉਨ੍ਹਾਂ ਇਸ ਵੀਡੀਓ ਰਾਹੀਂ ਆਪਣੇ ਸ਼ਰਧਾਲੂਆਂ ਨੂੰ ਪ੍ਰਕਿਰਤੀ ਦੀ ਸੰਭਾਲ ਕਰਨ ਅਤੇ ਦੀਨ ਦੁਖੀਆਂ ਦੇ ਨਜ਼ਰ ਆਉਣ ਦੀ ਸੂਰਤ ’ਚ ਸਹਾਇਤਾ ਕਰਨ ਦਾ ਸਨੇਹਾਂ ਦਿੱਤਾ।
ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਦੀ 6 ਕਰੋੜ ਤੋਂ ਵੱਧ ਸੰਗਤ ਇਸ ਰਾਹ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਕਿਸੇ ਦੀ ਨਿੰਦਿਆ ਜਾਂ ਮਾੜਾ ਕਰਨ ਦੀ ਸਿੱਖਿਆ ਨਹੀਂ ਦਿੰਦੇ ਪਰ ਜੇਕਰ ਤੁਸੀਂ ਨਿੰਦਿਆ, ਚੁਗਲੀ ਕਰਦੇ ਹੋ ਤਾਂ ਦੱਸੋ ਕਿਸ ਧਰਮ ਵਿੱਚ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਚਾਹੀਂਦਾ ਤਾਂ ਇਹ ਹੈ ਕਿ ਜਿਸ ਵੀ ਧਰਮ ਨੂੰ ਮੰਨਦੇ ਹਾਂ ਤਾਂ ਉਸ ਧਰਮ ਦੀਆਂ ਸਿੱਖਿਆਵਾਂ ’ਤੇ ਅਮਲ ਕਰੀਏ ਤਾਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਖ਼ਤਮ ਹੋ ਜਾਣਗੀਆਂ। ਡੇਰਾ ਮੁਖੀ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਹਟ ਕੇ ਸਮਾਜ ਭਲਾਈ ਦੇ ਕਾਰਜ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦੀ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ 167 ਕਾਰਜਾਂ ’ਚ ਸ਼ਾਮਿਲ ਕਲਾਥ ਬੈੰਕ ਮੁਹਿੰਮ ਤਹਿਤ 106 ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ।