ਮਿਸ਼ਨ ਸੰਪਰਕ ਦੇ ਤਹਿਤ ਨਸ਼ੇ ਨੂੰ ਖਤਮ ਕਰਨ ਲਈ ਐਸਐਸਪੀ ਜਗਰਾਉਂ ਨੇ ਕੀਤਾ ਪਿੰਡਾਂ ਦੇ ਸਰਪੰਚਾਂ ਅਤੇ ਆਮ ਲੋਕਾਂ ਨਾਲ ਰਾਬਤਾ ਕਾਇਮ
ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਨਸ਼ੇ ਦਾ ਖਾਤਮਾ:- ਐਸਐਸਪੀ
ਦੀਪਕ ਜੈਨ
ਜਗਰਾਉਂ, 13 ਜਨਵਰੀ 2025- ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਚਲਾਏ ਜਾ ਰਹੇ ਮਿਸ਼ਨ ਸੰਪਰਕ ਦੇ ਤਹਿਤ ਅੱਜ ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਲੁਧਿਆਣਾ (ਦਿਹਾਤੀ) ਵੱਲੋਂ ਕੋਠੇ ਬੱਗੂ ਦੇ ਸਥਿਤ ਸਿਟੀ ਮੈਰਿਜ ਪੈਲਸ ਵਿਖੇ ਇੱਕ ਪਬਲਿਕ ਮੀਟਿੰਗ ਰੱਖੀ ਗਈ। ਜਿਸ ਵਿੱਚ ਸਬ ਡਿਵੀਜ਼ਨ ਜਗਰਾਉਂ ਦੇ ਪੁਲਿਸ ਅਧਿਕਾਰੀ ਅਤੇ ਵੀ ਪਿੰਡਾਂ ਦੇ ਪੰਚਾਂ, ਸਰਪੰਚਾਂ, ਮੁਹਤਬਰਾਂ ਦੇ ਨਾਲ-ਨਾਲ ਆਮ ਲੋਕ ਵੀ ਹਾਜ਼ਰ ਹੋਏ। ਇਸ ਮਿਲਣੀ ਦੇ ਤਹਿਤ ਲੋਕਾਂ ਨੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਆਪਣੇ ਆਪਣੇ ਸੁਝਾ ਦਿੰਦੇ ਹੋਏ ਮੰਗਾਂ ਵੀ ਰੱਖੀਆਂ।
ਜਿੱਥੇ ਪਿੰਡ ਡਾਂਗੀਆ ਦੇ ਸਰਪੰਚ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਵੱਲੋਂ ਨਸ਼ੇ ਦੇ ਸੌਦਾਗਰਾਂ ਦੇ ਨਾਮ ਪੁਲਿਸ ਨੂੰ ਦੱਸੇ ਜਾਂਦੇ ਹਨ ਤਾਂ ਉਹਨਾਂ ਦਾ ਨਾਮ ਗੁਪਤ ਰਹਿਣਾ ਚਾਹੀਦਾ ਹੈ। ਇੱਥੇ ਹੀ ਮੌਜੂਦ ਪਿੰਡ ਸ਼ੇਰਪੁਰਾ ਕਲਾਂ ਦੇ ਸੁੱਖ ਸ਼ੇਰਪੁਰ ਨੇ ਕਿਹਾ ਕਿ ਸਾਡੇ ਪਿੰਡ ਦੀ ਨਵੀਂ ਪੰਚਾਇਤ ਚੁਣੇ ਜਾਣ ਤੋਂ ਬਾਅਦ ਸਮੂਹ ਨਗਰ ਨਿਵਾਸੀਆਂ ਨੇ ਪੰਚਾਇਤ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਇਹ ਸੌਂ ਖਾਧੀ ਹੈ ਕੀ ਨਾ ਹੀ ਪਿੰਡ ਵਿੱਚ ਨਸ਼ਾ ਵਿਕਣ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਪਿੰਡ ਵਾਸੀ ਨਸ਼ੇ ਦੇ ਸੌਦਾਗਰ ਦੀ ਮਦਦ ਲਈ ਅੱਗੇ ਆਵੇਗਾ।
ਇਸ ਮੀਟਿੰਗ ਵਿੱਚ ਮੌਜੂਦ ਕੋਠੇ ਫਤਿਹ ਦੀਨ ਦੇ ਇੱਕ 15-16 ਸਾਲ ਦੇ ਲੜਕੇ ਨੇ ਪੁਲਿਸ ਅੱਗੇ ਫਰਿਆਦ ਕਰਦੇ ਕਿਹਾ ਕਿ ਉਹਨਾਂ ਦੇ ਪਿੰਡ ਖੇਡਣ ਲਈ ਗਰਾਊਂਡ ਨਹੀਂ ਹੈ ਤੇ ਉਹ ਚਾਹੁੰਦਾ ਹੈ ਕੀ ਸਾਡੇ ਪਿੰਡ ਇੱਕ ਖੇਡਣ ਲਈ ਗਰਾਊਂਡ ਹੋਵੇ ਤਾਂ ਜੋ ਉਹ ਆਪਣੇ ਸਾਥੀਆਂ ਨਾਲ ਉੱਥੇ ਖੇਡ ਕੇ ਨਸ਼ਿਆਂ ਤੋਂ ਦੂਰ ਰਹਿ ਸਕੇ। ਇਸ ਲੜਕੇ ਦੀ ਸੋਚ ਸਟੇਜ ਤੇ ਸਾਰਿਆਂ ਦੇ ਸਾਹਮਣੇ ਰੱਖਣ ਤੇ ਉੱਥੇ ਮੌਜੂਦ ਸਾਰੇ ਹੀ ਪੁਲਿਸ ਅਧਿਕਾਰੀਆਂ ਅਤੇ ਪਤਵੰਤਿਆਂ ਨੇ ਸਲਾਘਾ ਕੀਤੀ। ਮੀਟਿੰਗ ਵਿੱਚ ਮੌਜੂਦ ਕੋਠੇ ਫਤਿਹ ਦੀਨ ਦੇ ਨਜ਼ਦੀਕੀ ਪਿੰਡ ਦੇ ਸਰਪੰਚ ਸ਼ਿਵਰਾਜ ਨੇ ਉਸ ਲੜਕੇ ਨੂੰ ਭਰੋਸਾ ਦਵਾਉਂਦੇ ਕਿਹਾ ਕਿ ਉਹ ਤੁਹਾਡੇ ਪਿੰਡ ਗਰਾਊਂਡ ਬਣਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ ਅਤੇ ਜਦ ਤੱਕ ਤੁਹਾਡੇ ਪਿੰਡ ਗਰਾਊਂਡ ਨਹੀਂ ਬਣਦੀ ਉਹ ਸਾਡੇ ਪਿੰਡ ਦੀ ਗਰਾਊਂਡ ਵਿੱਚ ਆ ਕੇ ਖੇਡਾਂ ਖੇਡ ਸਕਦੇ ਹਨ।
ਮੀਟਿੰਗ ਵਿੱਚ ਆਏ ਹੋਏ ਸਾਰੇ ਹੀ ਵਿਅਕਤੀਆਂ ਨੂੰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪੂਰਾ ਵਿਜ਼ਨ ਜਗਰਾਉਂ ਵਿੱਚੋਂ ਨਸ਼ੇ ਦੇ ਖਾਤਮੇ ਵੱਲ ਹੈ। ਉਹਨਾਂ ਕਿਹਾ ਕਿ ਇੱਥੇ ਮੌਜੂਦ ਸਾਰੇ ਹੀ ਵਿਅਕਤੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਸੁਝਾਅ ਵੀ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਆਮ ਪਬਲਿਕ ਨਾਲ ਰਾਬਤਾ ਕਾਇਮ ਕਰਕੇ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਉਨਾਂ ਦਾ ਹੱਲ ਵੀ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜਗਰਾਉਂ ਪੁਲਿਸ ਪਹਿਲਾਂ ਵੀ ਇਸ ਗੱਲ ਤੇ ਪੂਰੀ ਮੁਸਤੈਦ ਹੈ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਲਗਾਤਾਰ ਠੱਲ ਪਾਈ ਜਾ ਰਹੀ ਹੈ ਅਤੇ ਕਈ ਨਸ਼ੇ ਦੇ ਸੌਦਾਗਰਾਂ ਦੀਆਂ ਜਾਇਦਾਤਾਂ ਵੀ ਸੀਲ ਕੀਤੀਆਂ ਗਈਆਂ ਹਨ ਜੇ ਇਸੇ ਤਰ੍ਹਾਂ ਆਮ ਪਬਲਿਕ ਦਾ ਸਹਿਯੋਗ ਮਿਲਦਾ ਰਿਹਾ ਤਾਂ ਜਲਦ ਹੀ ਇਸ ਨੂੰ ਜੜ ਤੋਂ ਕੁੱਟ ਕੇ ਖਤਮ ਕਰ ਦਿੱਤਾ ਜਾਵੇਗਾ। ਅਖੀਰ ਵਿੱਚ ਕਪਤਾਨ ਬੈਂਸ ਨੇ ਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕੋਈ ਵੀ ਹੋਵੇ ਜੋ ਨਸ਼ੇ ਨਾਲ ਕਿਸੇ ਤਰ੍ਹਾਂ ਨਾਲ ਵੀ ਸੰਬੰਧ ਰੱਖਦਾ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ।