ਅਸੀਂ ਬਿਨ੍ਹਾਂ ਧੱਕਾ ਕੀਤੇ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਕੀਤੀ ਹੂੰਝਾ ਫੇਰ ਜਿੱਤ- ਮਾਨ/ਕੇਜਰੀਵਾਲ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 18 ਦਸੰਬਰ 2025 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਅਸੀਂ ਧੱਕੇਸ਼ਾਹੀ ਨਹੀਂ ਕੀਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਧੱਕੇਸ਼ਾਹੀ ਕਰ ਸਕਦੇ ਸੀ, ਐਸਡੀਐਮ ਅਤੇ ਡੀਸੀ ਨੂੰ ਫ਼ੋਨ ਕਰਕੇ ਸਾਰੀਆਂ ਸੀਟਾਂ ਜਿੱਤ ਸਕਦੇ ਸੀ, ਪਰ ਅਸੀਂ ਧੱਕਾ ਨਹੀਂ ਕੀਤਾ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਤੋਂ ਖੁਸ਼ ਹਨ ਅਤੇ ਇਸੇ ਕਰਕੇ ਹੀ ਸਾਡੀ ਪਾਰਟੀ ਨੇ ਦੂਜੀਆਂ ਪਾਰਟੀਆਂ ਦੇ ਨਾਲੋਂ ਵੱਧ ਸੀਟਾਂ ਜਿੱਤੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਆਪ ਦੀ ਹੂੰਝਾ ਫੇਰ ਜਿੱਤ ਹੋਈ ਹੈ। ਸੀਐੱਮ ਮਾਨ ਨੇ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਫ਼ਤਵਾ ਸਿਰ ਮੱਥੇ।
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿੱਚ 70 ਪ੍ਰਤੀਸ਼ਤ ਸੀਟਾਂ ਅਸੀਂ ਜਿੱਤੀਆਂ ਹਨ। ਅਕਾਲੀ ਦਲ 'ਤੇ ਤਿੱਖਾ ਹਮਲਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਤੀਜੇ ਨੰਬਰ 'ਤੇ ਹੈ, ਇਸੇ ਲਈ ਇਨ੍ਹਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ, ਇਹ ਪਾਰਟੀ ਗੇਮ ਵਿੱਚੋਂ ਬਾਹਰ ਹੋ ਗਈ ਹੈ। ਮਾਨ ਨੇ ਕਿਹਾ ਕਿ ਜਿਹੜੇ-ਜਿਹੜੇ ਹਿੱਸਿਆਂ ਤੋਂ ਅਸੀਂ ਹਾਰੇ, ਅਸੀਂ ਉੱਥੇ ਪਤਾ ਕਰਾਂਗੇ ਕਿ ਕਿਉਂ ਹਾਰੇ?