ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ 16 ਜੂਨ ਤੋਂ ਸ਼ੁਰੂ
ਵਧੇਰੇ ਜਾਣਕਾਰੀ ਲਈ ਖਬਰ ਵਿੱਚ ਦਿੱਤੇ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ
ਰੋਹਿਤ ਗੁਪਤਾ
ਬਟਾਲਾ, 13 ਜੂਨ ਸ. ਵਰਿਆਮ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ, ਜੋ ਡੇਅਰੀ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ ਕੋਰਸ ਵਾਸਤੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜਿਲ, ਕਮਰਾ ਨੰਬਰ 508 ਵਿਖੇ, 16 ਜੂਨ 2025 ਤੱਕ ਅਰਜ਼ੀਆਂ ਦੇ ਸਕਦੇ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ 2 ਹਫਤੇ ਦੀ ਡੇਅਰੀ ਸਿਖਲਾਈ 16 ਜੂਨ 2025 ਤੋਂ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਵੇਰਕਾ ,ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰਵਾਈ ਜਾਣੀ ਹੈ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਜੋ ਘੱਟੋ ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ, ਇਸ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ।
ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਿਖਲਾਈ ਉਪਰੰਤ ਵਿਭਾਗ ਵੱਲੋਂ ਸਬੰਧਤਾਂ ਨੂੰ ਵੱਖ-ਵੱਖ ਬੈਂਕਾਂ ਤੋਂ ਡੇਅਰੀ ਕਰਜ਼ੇ ਦੀ ਸੁਵਿਧਾ ਰਾਹੀਂ 2 ਤੋਂ 20 ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਵਾ ਕੇ 25 ਪ੍ਰਤੀਸ਼ਤ ਜਨਰਲ ਅਤੇ 33 ਪ੍ਰਤੀਸ਼ਤ ਅਨੁਸੂਚਿਤ ਜਾਤੀ ਲਈ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਚਾਹਵਾਨ ਲੜਕੇ-ਲੜਕੀਆਂ ਇਸ ਸਬੰਧੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਨਾਲ ਆਪਣੇ ਅਸਲ ਯੋਗਤਾ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫ਼ੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰਾਂ 80548-00880, 75089-73471 ਅਤੇ 78888-50893 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।