GNDU ਵੱਲੋਂ ਕੈਲੀਫੋਰਨੀਆ 'ਚ ਆਫ਼ਸ਼ੋਰ ਕੈਂਪਸ ਖੋਲ੍ਹਣ ਦੀ ਪੇਸ਼ਕਸ਼, ਪੀਐਚ. ਡੀ, ਖ਼ੋਜ ਕੇਂਦਰ ਵੀ ਹੋਣਗੇ ਸਥਾਪਤ
- ਯੂਨੀਵਰਸਿਟੀ ਦੇ ਅਫੀਲੀਏਟਡ ਕਾਲਜਾਂ ਵਿੱਚ ਹੋ ਸਕੇਗੀ ਪੀਐਚ.ਡੀ. ਅਤੇ ਹੋਵੇਗੀ ਰਿਸਰਚ ਸੈਂਟਰਾਂ ਦੀ ਸਥਾਪਨਾ
- ਯੂਨੀਵਰਸਿਟੀ ਦੀ 50 ਵੀਂ ਸਾਲਾਨਾ ਕਾਨਵੋਕੇਸ਼ਨ ਵਿਚ ਜਸਬੀਰ ਗਿੱਲ ਨੂੰ ਮਿਲੇਗੀ ਆਨਰਜ਼ ਕਾਜ਼ਾ ਡਾਕਟੋਰੇਟ ਦੀ ਡਿਗਰੀ
ਅੰਮ੍ਰਿਤਸਰ, 27 ਜੂਨ 2025 - ਵੱਖ –ਵੱਖ ਵਿਦੇਸ਼ੀ ਯੂਨੀਵਰਸਿਟੀਆਂ ਜਿੱਥੇ ਭਾਰਤ ਵਿਚ ਆਪਣੇ ਕੈਂਪਸ ਸਥਾਪਤ ਕਰ ਰਹੀਆਂ ਹਨ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੈਲੀਫੋਰਨੀਆ (ਅਮਰੀਕਾ) ਵਿੱਚ ਆਪਣਾ ਆਫ਼ਸ਼ੋਰ ਕੈਂਪਸ ਸਥਾਪਤ ਕਰਨ ਦੀ ਯੋਜਨਾ ਨੂੰ ਦੀ ਸਿੰਡੀਕੈਟ ਦੀ ਹੋਈ ਮੀਟਿੰਗ ਵਿਚ ਪ੍ਰਵਾਨਗੀ ਦੇ ਦਿੱਤੀ ਗਈ ਹੈ।ਜਿਸ ਦਾ ਮਕਸਦ ਭਾਰਤ ਦੀ ਸਿੱਖਿਆ, ਸੰਸਕ੍ਰਿਤੀ ਅਤੇ ਨੈਤਿਕ ਮੁੱਲਾਂ ਨੂੰ ਵਿਸ਼ਵ ਪੱਧਰ 'ਤੇ ਲੈ ਕੇ ਜਾਣਾ ਹੈ । ਇਹ ਯੋਜਨਾ ਭਾਰਤ ਸਰਕਾਰ ਦੀ ਨੈਸ਼ਨਲ ਐਜੂਕੇਸ਼ਨ ਪਾਲਸੀ 2020 ਦੇ ਅਨੁਸਾਰ ਹੈ, ਜਿਸਦਾ ਉਦੇਸ਼ ਦੇਸ਼ ਦੀ ਸਿੱਖਿਆਕ ਤਾਕਤ ਨੂੰ ਵਿਸ਼ਵ ਪੱਧਰ 'ਤੇ ਉਭਾਰਨਾ ਹੈ।
ਅੱਜ ਦੀ ਮੀਟਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਉਹਨਾਂ ਜਿੱਥੇ ਪਿਛਲੇ 6 ਮਹੀਨਿਆਂ ਦੇ ਉਪਲਬੱਧੀਆਂ ਸਾਂਝੀਆਂ ਕੀਤੀਆਂ ਉੱਥੇ ਯੂਨੀਵਰਸਿਟੀ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਵੀ ਜਾਣੂ ਕਰਵਾਇਆ।ਅੱਜ ਦੀ ਸਿੰਡੀਕੇਟ ਦਾ ਏਜੰਡਾ ਰਜਿਸਟਰਾਰ ਡਾ. ਕੇ ਐਸ. ਚਾਹਲ ਨੇ ਪੇਸ਼ ਕੀਤਾ ਜਦੋਂਕਿ ਹਾਜ਼ਰ ਸਿੰਡੀਕੇਟ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਪਰ ਚੁੱਕਣ ਲਈ ਹਰ ਤਰ੍ਹਾਂ ਉਨ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।
ਇਸ ਤੋਂ ਪਹਿਲਾਂ ਮੀਟਿੰਗ ਨੂੰ ਸਬੋਧਨ ਕਰਦਿਆਂ ਡਾ. ਕਰਮਜੀਤ ਸਿੰਘ ਨੇ ਵੱਖ-ਵੱਖ ਵਿਭਾਗਾਂ ਵਿਚ ਨਵੇਂ ਸ਼ੁਰੂ ਕੀਤੇ ਗਏ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਉਨ੍ਹਾਂ ਨੇ ਹਾਲ ਵਿਚ ਹੀ ਕੈਨੇਡਾ ਅਤੇ ਅਮਰੀਕਾ ਵਿਚ ਆਪਣੇ ਵਿਦੇਸ਼ੀ ਦੌਰੇ ਦੌਰਾਨ ਵੱਖ-ਵੱਖ ਪ੍ਰਾਪਤੀਆਂ ਦਾ ਵੀ ਜਿਕਰ ਕੀਤਾ ।ਉਨ੍ਹਾਂ ਨੇ ਅਮਰੀਕਾ ਵਿਚ ਸਥਾਪਤ ਕੀਤੇ ਜਾਣ ਵਾਲੇ ਕੈਂਪਸ ਦੀ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਨਿਯਮਾਂ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।ਉਹਨਾਂ ਦੱਸਿਆ ਕੈਲੀਫੋਰਨੀਆ ਚ’ ਯੂਨੀਵਰਸਿਟੀ ਦਾ ਕੈਂਪਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਨਿਮਰਤਾ, ਸੇਵਾ, ਸਮਾਨਤਾ ਅਤੇ ਗਿਆਨ ਤੇ ਆਧਾਰਿਤ ਵਿਿਦਆ ਦਾ ਪ੍ਰਸਾਰ ਕਰੇਗਾ ਅਤੇ ਇਹ ਭਾਰਤ ਦੀ ਆਰਥਿਕ, ਸੰਸਕ੍ਰਿਿਤਕ ਅਤੇ ਅਕਾਦਮਿਕ ਹਾਜ਼ਰੀ ਨੂੰ ਵਿਸ਼ਵ ਪੱਧਰ 'ਤੇ ਮਜ਼ਬੂਤ ਕਰੇਗਾ। ਇਹ ਕੈਂਪਸ ਪੰਜਾਬੀ ਡਾਇਸਪੋਰਾ ਦੀਆਂ ਸਿੱਖਿਆਕ ਅਤੇ ਸਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਦੇ ਨਾਲ- ਨਾਲ ਵਿਦੇਸ਼ੀ ਵਿਿਦਆਰਥੀਆਂ ਨੂੰ ਵੀ ਆਪਣੇ ਨਾਲ ਜੋੜੇਗਾ । ਉਨ੍ਹਾਂ ਨੇ ਪੰਜਾਬੀ ਡਾਇਸਪੋਰਾ ਨੂੰ ਵੀ ਕੈਂਪਸ ਸਥਾਪਿਤ ਕਰਨ ਵਿਚ ਸਹਿਯੋਗ ਦੇਣ ।
ਸਿੰਡੀਕੇਟ ਵੱਲੋਂ ਲਏ ਗਏ ਇੱਕ ਹੋਰ ਫ਼ੈਸਲੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਅਫੀਲੀਏਟਡ ਕਾਲਜਾਂ ਵਿੱਚ ਪੀਐਚ.ਡੀ. ਪ੍ਰੋਗਰਾਮਾਂ ਦੀ ਸ਼ੁਰੂਆਤ ਅਤੇ ਰਿਸਰਚ ਸੈਂਟਰਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਨਵੇਂ ਕਦਮ ਨਾਲ ਅਫੀਲੀਏਟਡ ਕਾਲਜਾਂ ਵਿੱਚ ਰਿਸਰਚ ਦੇ ਮੌਕੇ ਵਧਣਗੇ ਅਤੇ ਉੱਚ ਸਿੱਖਿਆ ਤੇ ਨਵੀਨਤਾ ਨੂੰ ਮਜ਼ਬੂਤੀ ਮਿਲੇਗੀ, ਜੋ ਕਿ ਪੂਰੇ ਖੇਤਰ ਲਈ ਇੱਕ ਵੱਡੀ ਉਪਲਬਧੀ ਹੋਵੇਗੀ।ਸਿੰਡੀਕੇਟ ਨੇ ਸੰਗੀਤ ਦੇ ਖੇਤਰ ਵਿੱਚ ਦੋ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਵਿਚ ਮਾਸਟਰ ਆਫ਼ ਆਰਟਸ ਇਨ ਹਿੰਦੁਸਤਾਨੀ ਮਿਊਜ਼ਿਕ (ਵੋਕਲ), ਮਾਸਟਰ ਆਫ਼ ਆਰਟਸ ਇਨ ਹਿੰਦੁਸਤਾਨੀ ਮਿਊਜ਼ਿਕ (ਇੰਸਟਰੂਮੈਂਟਲ) ਹੈ ।ਇਸ ਤਬਦੀਲੀ ਦਾ ਉਦੇਸ਼ ਸੰਗੀਤ ਦੀਆਂ ਦੋਵੇਂ ਵਿਧਾਵਾਂ ਨੂੰ ਵਧੇਰੇ ਵਿਸ਼ੇਸ਼ ਅਤੇ ਗੁਣਵੱਤਾ-ਅਧਾਰਿਤ ਅਧਿਆਪਨ ਪ੍ਰਦਾਨ ਕਰਨਾ ਹੈ।
ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ, "ਇਹ ਫੈਸਲੇ ਵਿਿਦਆਰਥੀਆਂ ਦੀਆਂ ਬਦਲਦੀਆਂ ਜ਼ਰੂਰਤਾਂ ਅਤੇ ਆਧੁਨਿਕ ਸਿੱਖਿਆ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਲਏ ਗਏ ਹਨ। ਅਸੀਂ ਵਿਿਦਆਰਥੀਆਂ ਨੂੰ ਗੁਣਵੱਤਾਯੁਕਤ ਸਿੱਖਿਆ ਅਤੇ ਵਿਹਾਰਕ ਹੁਨਰ ਪ੍ਰਦਾਨ ਕਰਨ ਲਈ ਵਚਨਬੱਧ ਹਾਂ।"ਇਹ ਸਾਰੇ ਫੈਸਲੇ ਅਕਾਦਮਿਕ ਸੈਸ਼ਨ 2025-26 ਤੋਂ ਲਾਗੂ ਹੋਣਗੇ। ਅੱਜ ਦੀ ਮੀਟਿੰਗ ਵਿਚ ਜਿੱਥੇ 54 ਖੋਜਾਂਰਥੀਆਂ ਨੂੰ ਪੀ. ਐਚ ਡੀ ਦੀਆਂ ਡਿਗਰੀਆਂ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50 ਵੀਂ ਸਾਲਾਨਾ ਕਾਨਵੋਕੇਸ਼ਨ ਦੌਰਾਨ ਅਲਰਟ ਇੰਟਰਪ੍ਰਾਈਜ਼ ਦੇ ਸੀ ਈ ਓ ਸ੍ਰ ਜਸਬੀਰ ਗਿੱਲ ਨੂੰ ਆਨਰਜ਼ ਕਾਜ਼ਾ ਡਾਕਟੋਰੇਟ ਦੀ ਡਿਗਰੀ ਵੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਇਹ ਕਨਵੋਕੇਸ਼ਨ ਛੇਤੀ ਹੀ ਯੂਨੀਵਰਸਿਟੀ ਵਿਖੇ ਕਰਵਾਈ ਜਾਏਗੀ ।