ਪੇਕੇ ਪਿੰਡ ਸੈਂਪਲੀ ਦੇ ਸਾਹਿਤ ਪ੍ਰੇਮੀਆਂ ਨੇ ਕੀਤਾ ਪਿੰਡ ਦੀ ਧੀ ਪਰਮਜੀਤ ਕੌਰ ਸਰਹਿੰਦ ਦਾ ਸਨਮਾਨ
ਗੁਰਪ੍ਰੀਤ ਸਿੰਘ ਜਖ਼ਵਾਲੀ
ਫਤਹਿਗੜ੍ਹ ਸਾਹਿਬ 25 ਫ਼ਰਵਰੀ 2026: ਸਮਾਗਮ ਦੌਰਾਨ ਮੰਚ ਸੰਚਾਲਨ ਸਤਿੰਦਰਪਾਲ ਸਿੰਘ ਏ. ਪੀ. ਅਰ. ਓ. ਨੇ ਕੀਤਾ। ਸਨਮਾਨ ਪੱਤਰ ਸਭਾ ਦੇ ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਨੇ ਪੜ੍ਹੇ। ਸਭਾ ਦੇ ਸੀਨੀਅਰ ਮੈਂਬਰ ਅਜਮੇਰ ਸਿੰਘ ਮਾਨ ਦੀ ਅਗਵਾਈ ਵਿੱਚ ਸਮਾਗਮ ਦੇ ਪ੍ਰਬੰਧਾਂ ਦੀ ਸੁਚੱਜੀ ਦੇਖ ਰੇਖ ਦੀ ਜ਼ਿੰਮੇਵਾਰੀ ਬਲਤੇਜ ਸਿੰਘ ਬਠਿੰਡਾ, ਅਮਰਬੀਰ ਸਿੰਘ ਚੀਮਾ, ਸਿਮਰਨਜੀਤ ਸਿੰਘ, ਬਲਵਿੰਦਰ ਢੀਂਡਸਾ ,ਬੀਬਾ ਜਸ਼ਨ ਮੱਟੂ ਤੇ ਪੂਨਮ ਪ੍ਰਤੀਕ ਸਿੰਘ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦਾ ਆਗਾਜ਼ ਮੈਨੇਜਰ ਊਧਮ ਸਿੰਘ ਦੇ ਵੱਡੇ ਭਰਾ ਸੇਵਾ ਮੁਕਤ ਐਕਸੀਅਨ ਗੁਰਦੇਵ ਸਿੰਘ ਨੇ ਕੀਤਾ ਤੇ ਸਭਾ ਦੇ ਸਰਪ੍ਰਸਤ ਲਾਲ ਮਿਸਤਰੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਮੇਹਰ ਸਿੰਘ ਰਾਈਏਵਾਲ, ਸਨੇਹਇੰਦਰ ਮੀਲੂ, ਪ੍ਰੋ. ਸਾਧੂ ਸਿੰਘ ਪਨਾਗ, ਨੇਹਾ ਗੁਪਤਾ, ਪ੍ਰੇਮ ਲਤਾ ਤੇ ਰਣਜੀਤ ਸਿੰਘ ਵੀ ਸ਼ਾਮਲ ਹੋਏ।
ਸਾਹਿਤਕ ਖੇਤਰ ਵਿੱਚ ਸਾਹਿਤਕ ਜਾਂ ਸਰਕਾਰੀ ਸੰਸਥਾਵਾਂ ਵੱਲੋਂ ਕਿਸੇ ਕਲਮਕਾਰ ਦੇ ਸਨਮਾਨ ਦੇ ਚਰਚੇ ਆਮ ਪੜ੍ਹਨ ਨੂੰ ਮਿਲਦੇ ਹਨ ਪਰ ਕਿਸੇ ਵੱਲੋਂ ਪਿੰਡ ਦੀ ਨੂੰਹ-ਧੀ ਦਾ ਮਾਣ-ਸਨਮਾਨ ਕੀਤਾ ਜਾਣਾ ਇੱਕ ਨਵੀਂ ਤੇ ਮਾਣਮੱਤੀ ਪਿਰਤ ਹੈ।ਇਹ ਪਿਰਤ ਪਰਮਜੀਤ ਕੌਰ ਸਰਹਿੰਦ ਦੇ ਪੇਕੇ ਪਿੰਡ ਦੇ ਸਾਹਿਤ ਪ੍ਰੇਮੀਆਂ ਤੇ ਰਿਸ਼ਤਿਆਂ ਦੀ ਅਹਿਮੀਅਤ ਸਮਝਣ ਵਾਲੇ ਉਨ੍ਹਾਂ ਦਿਲਦਾਰ ਜਿਊੜਿਆਂ ਨੇ ਪਾਈ ਹੈ ਜਿਨ੍ਹਾਂ ਨਾਲ ਭਾਵੇਂ ਲੇਖਕਾ ਦਾ ਖੂਨ ਦਾ ਨਹੀਂ ਬਲਕਿ ਰੂਹ ਦਾ ਰਿਸ਼ਤਾ ਹੈ। ਇਸ ਸਨਮਾਨ ਨੇ ਜਿੱਥੇ ਸਾਹਿਤਕ ਖੇਤਰ ਵਿੱਚ ਨਵਾਂ ਕਾਰਜ ਕੀਤਾ ਹੈ ਉੱਥੇ ਅੱਜ ਦੇ ਯੁੱਗ ਵਿੱਚ ਰਿਸ਼ਤਿਆਂ ਨੂੰ ਲੱਗੇ ਖੋਰੇ ਨੂੰ ਠੱਲ੍ਹ ਪਾਉਣ ਤੇ ਪਿੰਡ ਦੇ ਇੱਕ ਪਰਿਵਾਰ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਹੈ ਦੀ ਪੁਰਾਤਨ ਰੀਤ ਨੂੰ ਅੱਗੇ ਤੋਰਿਆ ਹੈ।
ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਪਰਮਜੀਤ ਕੌਰ ਸਰਹਿੰਦ ਦੇ ਪਰਿਵਾਰ ਵੱਲੋਂ ਚਾਰ ਸਾਹਿਤਕਾਰਾਂ ਨੂੰ ਉਨ੍ਹਾਂ ਦੇ ਪਤੀ ਸ. ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਦੇਣ ਮੌਕੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਲੇਖਕਾ ਨੂੰ ਇੱਕ ਵੱਡ ਆਕਾਰੀ ਸਨਮਾਨ ਪੱਤਰ, ਸਾ਼ਲ ਤੇ ਨਕਦ ਰਾਸ਼ੀ ਦੇ ਕੇ ਮਾਣ ਕੀਤਾ ਗਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੋਤਰੇ ਪੂਨਮ ਪ੍ਰਤੀਕ ਸਿੰਘ ਨੂੰ ਦਸਤਾਰ, ਨੂੰਹ ਰੁਪਿੰਦਰਜੀਤ ਕੌਰ ਰਵੀ, ਪੋਤਰੀ ਸਾਹਿਬ ਸਵਾਬ ਕੌਰ ਤੇ ਧੀਆਂ ਸਨਦੀਪ ਕੌਰ ਤੇ ਮਨਦੀਪ ਕੌਰ ਨੂੰ ਵੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਪਰਮਜੀਤ ਕੌਰ ਸਰਹਿੰਦ ਨੇ ਆਪਣੇ ਪੇਕੇ ਪਿੰਡ ਸੈਂਪਲੀ ਬਾਰੇ ਇੱਕ ਪੁਸਤਕ "ਬਾਬਲ ਤੇਰਾ ਪਿੰਡ ਲੰਘ ਕੇ" ਲਿਖੀ ਹੈ ਜਿਸ ਵਿੱਚ ਪਿੰਡ ਦਾ ਪਿਛੋਕੜ ਤੇ ਪ੍ਰਾਪਤੀਆਂ ਦਾ ਵਿਸਥਾਰ ਰੂਪ ਵਿੱਚ ਵਰਣਨ ਕੀਤਾ ਗਿਆ ਹੈ।
ਸਨਮਾਨ ਕਰਨ ਵਾਲ਼ੀ ਸਮੁੱਚੀ ਟੀਮ ਦੇ ਮੋਹਰੀ ਕਰਮਿੰਦਰ ਸਿੰਘ ਧਾਲੀਵਾਲ ਉਨ੍ਹਾਂ ਦੀ ਸੁਪਤਨੀ ਤਰਲੋਚਨ ਕੌਰ ਪੋਤਰੀ ਹਰਸਹਿਜ ਕੌਰ ਤੇ ਸਮੂਹ ਪਰਿਵਾਰ ਨੇ ਇਹ ਨਿਵੇਕਲਾ ਕਾਰਜ ਕਰਨ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਉਨ੍ਹਾਂ ਨਾਲ ਮੇਜਰ ਕੁਰੈਸ਼ੀ,ਪ੍ਰਵੀਨ ਕੁਰੈਸ਼ੀ, ਰਵਿੰਦਰ ਕੌਰ ਤੇ ਕਈ ਸੋਨ ਤਮਗੇ ਜਿੱਤਣ ਵਾਲੀ ਬੇਟੀ ਪਰਮਿੰਦਰ ਕੌਰ ਪਰਿੰਸੀ ਤੇ ਹੋਰ ਸਖੀਆਂ ਸਹੇਲੀਆਂ ਵੀ ਸਮਾਗਮ ਵਿੱਚ ਪੁੱਜੀਆਂ। ਲੇਖਿਕਾ ਦੀ ਬਚਪਨ ਦੀ ਸਹੇਲੀ ਅਮਰਜੀਤ ਕੌਰ ਤੇ ਪ੍ਰੇਮਜੀਤ ਕੌਰ ਪਟਿਆਲਾ ਤੋਂ ਅਤੇ ਗੁਰਮੀਤ ਕੌਰ ਖੇੜਾ ਹੰਸਾਲੀ ਤੋਂ ਪੁੱਜੀਆਂ।
ਸ਼ਰੀਕੇ-ਭਾਈਚਾਰੇ ਵਿੱਚੋਂ ਦੂਰ ਦੁਰਾਡੇ ਵਿਹਾਈਆਂ-ਵਰੀਆਂ ਭੈਣਾਂ-ਭਤੀਜੀਆਂ ਬਲਬੀਰ ਕੌਰ, ਰਮਮਜੀਤ ਕੌਰ ਨੇ ਆਪਣੇ ਪਰਿਵਾਰ ਸਮੇਤ ਹਾਜ਼ਰ ਹੋ ਕੇ ਇਹ ਸਾਬਤ ਕੀਤਾ ਕਿ ਰਿਸ਼ਤਿਆਂ ਵਿੱਚ ਅਜੇ ਵੀ ਨਿੱਘ ਬਰਕਰਾਰ ਹੈ। ਪਿੰਡ ਰੁੜਕੀ ਤੋਂ ਤਰਲੋਚਨ ਸਿੰਘ, ਸੁਰਿੰਦਰ ਕੌਰ, ਪ੍ਰੀਤ ਤੇ ਲੇਖਕਾ ਦੇ ਸੰਧੂ ਪਰਿਵਾਰ ਦੇ ਜੀਆਂ ਨੇ ਵੀ ਸ਼ਿਰਕਤ ਕੀਤੀ। ਨਿੱਜੀ ਪਰਿਵਾਰ ਦੇ ਇਸ ਭਰਵੇਂ ਇਕੱਠ ਨੇ ਪਰਮਜੀਤ ਕੌਰ ਸਰਹਿੰਦ ਦੇ ਸਾਹਿਤਕ ਭਾਈਚਾਰੇ ਵਿੱਚ ਸ਼ਾਮਲ ਹੋ ਕੇ ਇਸ ਸ. ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਸਮਾਰੋਹ ਦੀ ਸ਼ਾਨ ਵਧਾਈ। ਲੇਖਿਕਾ ਦੇ ਮੂੰਹ ਬੋਲੇ ਪਾਠਕ ਭਰਾ ਭਾਈ ਰਜਿੰਦਰ ਸਿੰਘ ਪਾਤੜਾਂ ਤੋਂ ਪੁੱਜੇ ਅਤੇ ਮੂੰਹ ਬੋਲੇ ਭਰਾ ਉੱਘੇ ਲੇਖਕ ਦਰਸ਼ਨ ਸਿੰਘ ਸ਼ਾਹਬਾਦ ਹਰਿਆਣਾ ਤੋਂ ਪੁੱਜੇ।
ਉਨ੍ਹਾਂ ਦੀਆਂ ਨੂੰਹਾਂ ਰਿਪੂਦਮਨ ਕੌਰ ਰਿੰਪੀ ਆਪਣੇ ਬੇਟੇ ਪ੍ਰੀਤ ਅਤੇ ਅਮਨ ਆਪਣੀ ਸਹੇਲੀ ਨਾਲ ਜਲੰਧਰ ਤੋਂ ਪੁੱਜ ਕੇ ਰੂਹਾਂ ਅਤੇ ਸ਼ਬਦਾਂ ਦੀਆਂ ਸਿਰਜੀਆਂ ਗੂੜ੍ਹੀਆਂ ਸਕੀਰੀਆਂ ਦੀ ਮਿਸਾਲ ਪੇਸ਼ ਕਰ ਗਈਆਂ। ਇਸੇ ਤਰ੍ਹਾਂ ਉਨ੍ਹਾਂ ਦੇ ਧਰਮ ਭਰਾ ਸਵ. ਭਾਈ ਜੋਗਾ ਸਿੰਘ ਹੈੱਡ ਰਾਗੀ ਫ਼ਤਹਿਗੜ੍ਹ ਸਾਹਿਬ ਦਾ ਪੁੱਤਰ ਸੁਖਵਿੰਦਰ ਸਿੰਘ ਤੇ ਨੂੰਹ ਤਰਲੋਚਨ ਕੌਰ ਸੁਪਤਨੀ ਸਵ. ਤਹਿਸੀਲਦਾਰ ਹਰਮਨੋਹਰ ਸਿੰਘ ਨੇ ਲੇਖਕਾ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ। ਮੈਨੇਜਰ ਉਧਮ ਸਿੰਘ ਦੇ ਵੱਡੇ ਭਰਾ ਸੇਵਾ ਮੁਕਤ ਐਕਸੀਅਨ ਗੁਰਦੇਵ ਸਿੰਘ ਉਨ੍ਹਾਂ ਦੀ ਸੁਪਤਨੀ ਜਸਪਾਲ ਕੌਰ ਤੇ ਛੋਟੇ ਭਰਾ ਸਵ. ਕੁਲਦੀਪ ਸਿੰਘ ਦੀ ਸੁਪਤਨੀ ਜਸਵੰਤ ਕੌਰ ਨੇ ਵੀ ਸ਼ਿਰਕਤ ਕੀਤੀ। ਭੈਣ ਗੁਰਦੀਪ ਕੌਰ ਆਪਣੇ ਪਤੀ ਗੁਰਨੇਕ ਸਿੰਘ ਕੰਗ ਨਾਲ ਭਰਾ ਦੇ ਯਾਦਗਾਰੀ ਸਮਾਰੋਹ ਵਿੱਚ ਸ਼ਾਮਲ ਹੋਈ। ਉਨ੍ਹਾਂ ਦੇ ਪਿੰਡ ਸਾਨੀਪੁਰ ਤੋਂ ਜਰਨੈਲ ਸਿੰਘ ਖ਼ਾਲਸਾ, ਜਸਵੀਰ ਕੌਰ ਜੱਸੀ ਤੇ ਮਿੱਤਰ ਪਿਆਰੇ ਪੁੱਜੇ।
ਸੈਂਪਲੀ ਤੋਂ ਪੁੱਜੀ ਪਿੰਡ ਦੀ ਸਚਿਆਰੀ ਨੂੰਹ ਤਰਲੋਚਨ ਕੌਰ ਨੇ ਸਨਮਾਨ ਪੱਤਰ ਵਿੱਚ ਲਿਖੀ ਭਾਵਪੂਰਤ ਨਜ਼ਮ ਪੜ੍ਹ ਕੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ ਤੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਉਨ੍ਹਾਂ ਕਿਹਾ :-
ਜਿਸ ਪਿੰਡ ਦੀ ਜੰਮੀ ਜਾਈ ਤੂੰ
ਮੈਂ ਉਸ ਪਿੰਡ ਦੀ ਜੂਹ ਬੋਲਦੀ ਹਾਂ,
ਸੁਘੜ ਸਿਅਣੀਏਂ ਧੀਏ
ਮੈਂ ਤੇਰੇ ਪੇਕੇ ਪਿੰਡ ਦੀ ਰੂਹ ਬੋਲਦੀ ਹਾਂ....!
ਇਸ ਸਾਂਝੇ ਸਮਾਗਮ ਮੌਕੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਦਿਲਮੇਘ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਮੁੱਖ ਵਕਤਾ ਕਰਨੈਲ ਸਿੰਘ ਪੀਰਮੁਹੰਮਦ ਤੇ ਵਿਸ਼ੇਸ਼ ਮਹਿਮਾਨ ਪ੍ਰਿਤਪਾਲ ਸਿੰਘ ਜੱਸੀ ਨੇ ਲਿਖਾਰੀ ਸਭਾ ਤੇ ਪਰਿਵਾਰ ਦਾ ਮਾਣ ਵਧਾਇਆ । ਚਾਰੇ ਸਾਹਿਤਕਾਰਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ ਚਾਰ ਮਹਿਮਾਨਾਂ ਦਾ ਵੀ ਦਸਤਾਰਾਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ। ਪਰਮਜੀਤ ਕੌਰ ਸਰਹਿੰਦ ਨੇ ਸੈਂਪਲੀ ਨਗਰ ਨਿਵਾਸੀਆਂ , ਆਏ ਸਾਹਿਤਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਜੋ ਪ੍ਰੇਮ-ਪਿਆਰ ਤੁਹਾਡੇ ਵੱਲੋਂ ਮੈਨੂੰ ਮਿਲਦਾ ਹੈ ਇਹ ਮੈਨੂੰ ਕਲਮ ਚਲਾਉਣ ਲਈ ਤਾਕਤ ਬਖ਼ਸ਼ਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵਿੱਛੜੇ ਸਾਥੀ ਸ. ਊਧਮ ਸਿੰਘ ਜੀ ਮੈਨੂੰ ਸਹਿਯੋਗ ਨਾ ਦਿੰਦੇ ਤਾਂ ਸਾਹਿਤ ਦੇ ਖੇਤਰ ਵਿੱਚ ਮੇਰੀ ਕੋਈ ਪਛਾਣ ਨਹੀਂ ਸੀ ਹੋਣੀ। ਇਸ ਮੌਕੇ ਉਬਰਾਏ ਹਸਪਤਾਲ ਦੇ ਮੁਖੀ ਡਾ. ਦਿਨੇਸ਼ ਸਿੰਘ ਉਬਰਾਏ, ਡਾ. ਰੂਬਇੰਦਰ ਕੌਰ ਰੂਬੀ ਉਨ੍ਹਾਂ ਦਾ ਬੇਟਾ ਅੰਗਦ ਸਿੰਘ,ਪਰਮਜੀਤ ਕੌਰ, ਹਰਸਿਮਰਨ ਸਿੰਘ ਸੋਢੀ ਤੇ ਸਾਥੀ ਵੀ ਵਿਸ਼ੇਸ਼ ਤੌਰ 'ਤੇ ਪੁੱਜੇ। ਸਰਹਿੰਦ ਦੇ ਨਾਮੀਂ ਚੱਢਾ ਪਰਿਵਾਰ ਨੇ ਪੁੱਜ ਕੇ ਸਮਾਗਮ ਨੂੰ ਮਾਣਮੱਤਾ ਬਣਾਇਆ।ਭਰਵੇਂ ਇਕੱਠ ਵਾਲੇ ਇਸ ਸ. ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਸਮਾਰੋਹ ਨੇ ਸਾਹਿਤਕ ਤੇ ਪਰਿਵਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ।