ਮਾਮਲਾ ਪਿੰਡ ਮੌਜਪੁਰ ਦੇ ਤਿੰਨ ਕੀਮਤੀ ਜਾਨਾਂ ਦੇ ਅਜਾਈਂ ਜਾਣ ਦਾ; MLA ਕੁਲਵੰਤ ਸਿੰਘ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਕਿਹਾ: ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ
ਮੋਹਾਲੀ 27 ਮਈ 2026- ਮਾਂ-ਪਿਓ ਵੱਲੋਂ ਹੀ 3 ਬੱਚਿਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ, ਜਿਸ ਕਰਕੇ ਆਪਣੀ ਉਮਰ ਭੋਗਣ ਤੋਂ ਪਹਿਲਾਂ ਹੀ ਤਿੰਨ ਕੀਮਤੀ ਜਾਨਾਂ ਗੁਰੂ ਚਰਨਾਂ ਵਿੱਚ ਜਾ ਬਿਰਾਜੀਆਂ ਹਨ, ਇਹ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਹੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਬਹੁਤ ਵੱਡੀ ਘਟਨਾ ਹੈ, ਜਿਸ ਦਾ ਜਿੰਨਾ ਦੁੱਖ ਮਨਾਇਆ ਜਾਵੇ, ਉਹ ਘੱਟ ਹੈ। ਇਸ ਮਾਮਲੇ ਵਿੱਚ ਦੋਸ਼ੀਆਂ ਦੇ ਵਿਰੁੱਧ ਕਤਲ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਅਤੇ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਇਸ ਮਾਮਲੇ ਵਿੱਚ ਰਿਆਇਤ ਕੀਤੇ ਜਾਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਮਾਮਲੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਸ ਮਾਮਲੇ ਸਬੰਧੀ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਦੇ ਲਈ ਰੱਖੇ ਗਏ ਧਰਨੇ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਮੇਰੀ ਗੁਰਜੰਟ ਸਿੰਘ, ਮਨਪ੍ਰੀਤ ਸਿੰਘ ਅਤੇ ਧਰਮਪ੍ਰੀਤ ਨਾਲ ਗੱਲ ਹੋਈ ਸੀ, ਕਿ 2 ਤੋਂ 3 ਘੰਟੇ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਅੱਜ ਸਵੇਰੇ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਮਾਮਲਾ ਤਾਂ 2 ਦਿਨ ਪਹਿਲਾਂ ਹੀ ਦਰਜ ਕਰ ਲਿਆ ਗਿਆ ਸੀ। ਵਿਧਾਇਕ ਕੁਲਵੰਤ ਸਿੰਘ ਬੱਚਿਆਂ ਦੇ ਸੰਸਕਾਰ ਮੌਕੇ ਵੀ ਮੌਜੂਦ ਰਹੇ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਪਿੰਡ ਮੌਜਪੁਰ (ਮੋਹਾਲੀ) ਨਿਵਾਸੀ ਹਰਪ੍ਰਭਜੋਤ ਸਿੰਘ ਅਤੇ ਉਸਦੀ ਪਤਨੀ ਜਸਵਿੰਦਰ ਕੌਰ ਆਪਣੇ ਤਿੰਨ ਬੱਚਿਆਂ ਦਸਵੀਂ ਜਮਾਤ ਵਿੱਚ ਪੜ੍ਹਦੇ ਲੜਕੇ 14 ਸਾਲਾਂ - ਏਕਮ ਸਿੰਘ, 12 ਸਾਲਾਂ ਲੜਕੀ- ਮੁਸਕਾਨ ਕੌਰ ਅਤੇ 7 ਸਾਲਾ ਲੜਕੀ ਰਾਜਵੀਰ ਕੌਰ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਸਵੇਰੇ 7 ਵਜੇ ਘਰੋਂ ਨਿਕਲੇ ਅਤੇ ਮਡੌਲੀ ਨਿਰਵਾਣਾ, ਨਜ਼ਦੀਕ ਰਾਜਪੁਰਾ ਵਿਖੇ ਨਹਿਰ ਵਿੱਚ ਛਾਲ ਲਗਾ ਦਿੱਤੀ। ਹਰਿਪ੍ਰਭਜੋਤ ਅਤੇ ਜਸਵਿੰਦਰ ਕੌਰ ਨੇ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ, ਕਿ ਅਸੀਂ ਆਪਣੇ ਮਾਤਾ-ਪਿਤਾ ਅਤੇ ਭੈਣਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਹੇ ਹਾਂ, ਅਤੇ ਇਸ ਅਧਾਰ 'ਤੇ ਹਰਿਪ੍ਰਭਜੋਤ ਦੇ ਮ੍ਰਿਤਕ ਬੱਚਿਆਂ ਦੇ ਦਾਦਾ, ਦਾਦੀ, 3 ਭੂਆ ਸਮੇਤ ਪੰਜ ਜਣਿਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ। ਉਸੇ ਦਿਨ ਗੋਤਾਖੋਰਾਂ ਨੇ ਹਰਿਪ੍ਰਭਜੋਤ ਸਿੰਘ ਅਤੇ ਜਸਵਿੰਦਰ ਕੌਰ ਨੂੰ ਨਹਿਰ ਵਿੱਚੋਂ ਕੱਢ ਲਿਆ, ਜਦਕਿ ਤਿੰਨੇ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੋਮਵਾਰ ਤੋਂ ਹੀ ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਲਾਂਡਰਾਂ ਸਨੇਟਾ ਦੇ ਨੇੜੇ ਜਾਮ ਲਗਾਇਆ ਗਿਆ ਸੀ, ਜਿਸ ਨੂੰ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਧਰਨੇ ਵਿੱਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਸੀ ਅਤੇ ਦੇਰ ਸ਼ਾਮ 6 ਵਜੇ ਦੇ ਕਰੀਬ ਤਿੰਨੇ ਬੱਚਿਆਂ ਦਾ ਮੌਜਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
- Download Babushahi App
-
-