ਬਠਿੰਡਾ MC ਚੋਣਾਂ: ਭਾਜਪਾ ਦਾ ਉਭਾਰ ਬਣਿਆ ਚਰਚਾ ਦਾ ਵਿਸ਼ਾ, ਕਈ ਵਾਰਡਾਂ ’ਚ ਦਿਲਚਸਪ ਮੁਕਾਬਲੇ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਸਿੱਧੂ
ਬਠਿੰਡਾ, 23 ਮਈ 2026: ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ। ਸ਼ਹਿਰ ਦੇ ਹਰ ਕੋਨੇ ਵਿੱਚ ਚੋਣੀ ਚਰਚਾਵਾਂ ਤੇਜ਼ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀ ਪਕੜ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਸਭ ਤੋਂ ਵੱਧ ਚਰਚਾ ਭਾਰਤੀ ਜਨਤਾ ਪਾਰਟੀ (BJP) ਦੇ ਉਭਾਰ ਨੂੰ ਲੈ ਕੇ ਹੋ ਰਹੀ ਹੈ, ਜੋ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ।
ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ ਕਈ ਵਾਰਡ ਅਜਿਹੇ ਹਨ, ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ (AAP) ਵਿਚਕਾਰ ਸਿੱਧਾ ਅਤੇ ਕੜਾ ਮੁਕਾਬਲਾ ਬਣਿਆ ਹੋਇਆ ਹੈ। ਚੋਣ ਪ੍ਰਚਾਰ ਦੌਰਾਨ ਦੋਵਾਂ ਪਾਰਟੀਆਂ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ ਕੁਝ ਵਾਰਡਾਂ ਵਿੱਚ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਟੱਕਰ ਦੇ ਹਾਲਾਤ ਹਨ, ਜਦਕਿ ਕਈ ਥਾਵਾਂ ’ਤੇ ਕਾਂਗਰਸ ਵੀ ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ਵਿੱਚ ਨਜ਼ਰ ਆ ਰਹੀ ਹੈ। ਇਸ ਕਾਰਨ ਬਹੁਤ ਸਾਰੇ ਵਾਰਡਾਂ ਵਿੱਚ ਤਿਕੋਣੇ ਅਤੇ ਚੌਕੋਣੇ ਮੁਕਾਬਲੇ ਬਣ ਗਏ ਹਨ, ਜਿਸ ਨਾਲ ਚੋਣੀ ਦ੍ਰਿਸ਼ ਹੋਰ ਵੀ ਦਿਲਚਸਪ ਹੋ ਗਿਆ ਹੈ।
ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਵਾਰਡਾਂ ਵਿੱਚ ਸਿਆਸੀ ਮੁਕਾਬਲੇ ਦਿਲਚਸਪ ਮੋੜ ’ਤੇ ਪਹੁੰਚ ਗਏ ਹਨ। ਵਾਰਡ ਨੰਬਰ 47 ਵਿੱਚ ਭਾਜਪਾ ਉਮੀਦਵਾਰ ਰਜਨੀ ਜਿੰਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਚਾਲੇ ਸਿੱਧਾ ਤੇ ਕੜਾ ਮੁਕਾਬਲਾ ਬਣਿਆ ਹੋਇਆ ਹੈ। ਦੋਵੇਂ ਧਿਰਾਂ ਵੱਲੋਂ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਵਾਰਡ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਵਾਰਡ ਨੰਬਰ 41 ਵਿੱਚ ਵੀ ਭਾਜਪਾ ਮੁੱਖ ਮੁਕਾਬਲੇ ਵਿੱਚ ਨਜ਼ਰ ਆ ਰਹੀ ਹੈ ਅਤੇ ਪਾਰਟੀ ਦੇ ਹੱਕ ਵਿੱਚ ਚੰਗਾ ਮਾਹੌਲ ਬਣਦਾ ਦਿੱਸ ਰਿਹਾ ਹੈ। ਦੂਜੇ ਪਾਸੇ ਵਾਰਡ ਨੰਬਰ 21 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਮਜ਼ਬੂਤ ਸਥਿਤੀ ਵਿੱਚ ਦਿਖਾਈ ਦੇ ਰਹੀ ਹੈ ਅਤੇ ਇਲਾਕੇ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਵਧੀਆ ਸਮਰਥਨ ਮਿਲ ਰਿਹਾ ਹੈ।
ਵਾਰਡ ਨੰਬਰ 7 ਵਿੱਚ ਮਨਦੀਪ ਕੌਰ ਰਾਮਘੜ੍ਹੀਆਂ ਵੀ ਮਜ਼ਬੂਤ ਦਾਵੇਦਾਰ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ। ਸਥਾਨਕ ਲੋਕਾਂ ਨਾਲ ਉਨ੍ਹਾਂ ਦੀ ਲਗਾਤਾਰ ਨਜ਼ਦੀਕੀ ਅਤੇ ਚੋਣ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਣ ਕਾਰਨ ਉਨ੍ਹਾਂ ਦੀ ਸਥਿਤੀ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ।
ਸਿਆਸੀ ਮਾਹਿਰਾਂ ਅਨੁਸਾਰ ਇਸ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਦਾ ਵਧਦਾ ਪ੍ਰਭਾਵ ਸਾਫ਼ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਚੋਣਾਂ ਦਾ ਅੰਤਿਮ ਨਤੀਜਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਆਵੇ, ਪਰ ਭਾਜਪਾ ਨੂੰ ਇਸ ਚੋਣੀ ਜੰਗ ਤੋਂ ਸਿਆਸੀ ਪੱਧਰ ’ਤੇ ਵੱਡਾ ਲਾਭ ਮਿਲਦਾ ਨਜ਼ਰ ਆ ਰਿਹਾ ਹੈ।
ਉਨ੍ਹਾਂ ਦੇ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਨੇ ਪਿਛਲੇ ਸਮੇਂ ਦੌਰਾਨ ਆਪਣੀ ਸੰਗਠਨਾਤਮਕ ਤਾਕਤ ਨੂੰ ਕਾਫੀ ਵਧਾਇਆ ਹੈ, ਜਿਸਦਾ ਪ੍ਰਭਾਵ ਹੁਣ ਚੋਣੀ ਮੈਦਾਨ ਵਿੱਚ ਵੀ ਦਿਖਾਈ ਦੇ ਰਿਹਾ ਹੈ।
ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਵਿਕਾਸ ਦੇ ਮੁੱਦੇ, ਸੜਕਾਂ ਦੀ ਮੁਰੰਮਤ, ਸੀਵਰੇਜ ਪ੍ਰਬੰਧ, ਸਫਾਈ ਪ੍ਰਣਾਲੀ, ਪੀਣ ਵਾਲੇ ਪਾਣੀ ਦੀ ਸਮੱਸਿਆ, ਸਟਰੀਟ ਲਾਈਟਾਂ ਅਤੇ ਸ਼ਹਿਰੀ ਬੁਨਿਆਦੀ ਸਹੂਲਤਾਂ ਨੂੰ ਮੁੱਖ ਤੌਰ ’ਤੇ ਉਠਾਇਆ ਜਾ ਰਿਹਾ ਹੈ। ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਉਮੀਦਵਾਰ ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ ਸਰਗਰਮ ਦਿਖਾਈ ਦੇ ਰਹੇ ਹਨ।
ਸ਼ਹਿਰ ਦੇ ਸਿਆਸੀ ਮਾਹੌਲ ਨੂੰ ਦੇਖਦੇ ਹੋਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਨੌਜਵਾਨ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਵੀ ਚੋਣਾਂ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਚੋਣੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਪਾਰਟੀਆਂ ਆਪਣੇ ਪ੍ਰਚਾਰ ਲਈ ਡਿਜ਼ੀਟਲ ਮਾਧਿਅਮਾਂ ਦਾ ਵੱਡੇ ਪੱਧਰ ’ਤੇ ਇਸਤੇਮਾਲ ਕਰ ਰਹੀਆਂ ਹਨ।
ਚੋਣੀ ਮਾਹੌਲ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਵੀ ਲਗਾਤਾਰ ਬਠਿੰਡਾ ਦਾ ਦੌਰਾ ਕਰ ਰਹੇ ਹਨ। ਰੈਲੀਆਂ, ਕੋਰਨਰ ਮੀਟਿੰਗਾਂ ਅਤੇ ਜਨ ਸਭਾਵਾਂ ਰਾਹੀਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਜਾਰੀ ਹੈ। ਇਸ ਸਭ ਦੇ ਦਰਮਿਆਨ ਇਹ ਚੋਣਾਂ ਹੁਣ ਸਿਰਫ਼ ਨਗਰ ਨਿਗਮ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਇਨ੍ਹਾਂ ਨੂੰ ਆਉਣ ਵਾਲੀ ਪੰਜਾਬ ਦੀ ਸਿਆਸਤ ਲਈ ਵੀ ਇੱਕ ਮਹੱਤਵਪੂਰਨ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਇਸ ਚੋਣ ਵਿੱਚ ਵੱਡੀ ਗਿਣਤੀ ਵਿੱਚ ਵੋਟ ਪ੍ਰਾਪਤ ਕਰਨ ਵਿੱਚ ਕਾਮਯਾਬ ਰਹਿੰਦੀ ਹੈ ਤਾਂ ਇਹ ਪੰਜਾਬ ਦੀ ਸ਼ਹਿਰੀ ਸਿਆਸਤ ਵਿੱਚ ਪਾਰਟੀ ਲਈ ਇੱਕ ਨਵਾਂ ਮੋੜ ਸਾਬਤ ਹੋ ਸਕਦਾ ਹੈ। ਦੂਜੇ ਪਾਸੇ ਆਪ, ਕਾਂਗਰਸ ਅਤੇ ਅਕਾਲੀ ਦਲ ਵੀ ਆਪਣਾ ਪਰੰਪਰਾਗਤ ਵੋਟ ਬੈਂਕ ਬਚਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੇ ਹੋਏ ਹਨ।
ਕੁੱਲ ਮਿਲਾ ਕੇ ਬਠਿੰਡਾ ਨਗਰ ਨਿਗਮ ਚੋਣਾਂ ਇਸ ਵਾਰ ਕਾਫੀ ਰੋਚਕ ਅਤੇ ਦਿਲਚਸਪ ਬਣ ਚੁੱਕੀਆਂ ਹਨ, ਜਿੱਥੇ ਹਰ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ, ਪਰ ਅੰਤਿਮ ਫੈਸਲਾ ਹੁਣ ਵੋਟਰਾਂ ਦੇ ਹੱਥ ਵਿੱਚ ਹੈ।
- Download Babushahi App
-
-