ਖਿਡਾਰਨ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲਣ ’ਤੇ ਪਿੰਡ ’ਚ ਖੁਸ਼ੀਆਂ ਦਾ ਮਹੌਲ
ਅਸ਼ੋਕ ਵਰਮਾ
ਬਠਿੰਡਾ, 27 ਮਈ 2026 : ਪੰਜਾਬ ਪੁਲਿਸ ਵਿੱਚ ਬਠਿੰਡਾ ਵਿਖੇ ਸਹਾਇਕ ਥਾਣੇਦਾਰ ਵਜੋਂ ਸੇਵਾ ਨਿਭਾ ਰਹੀ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਨਿਵਾਜਣ ਤੇ ਪਿੰਡ ਬਾਂਡੀ ’ਚ ਖੁਸ਼ੀਆਂ ਦਾ ਮਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਆਖਦੇ ਹਨ ‘ਸ਼ਾਬਾਸ਼ੇ ਧੀਏ ਰਾਣੀਏ’ ਤੂੰ ਸਾਡਾ ਹੀ ਨਹੀਂ ਸਗੋਂ ਪੰਜਾਬ ਦਾ ਮਾਣ ਵਧਾਇਆ ਹੈ। ਪਿੰਡ ਵਾਸੀਆਂ ਨੇ ਮਨਪ੍ਰੀਤ ਕੌਰ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਅਤੇ ਸਭ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਬਠਿੰਡਾ ਦੇ ਪਿੰਡ ਬਾਂਡੀ ਦੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ ਨੂੰ ਇਸ ਐਵਾਰਡ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ ਸਨਮਾਨਿਤ ਕੀਤਾ ਸੀ।
ਮਨਪ੍ਰੀਤ ਕੌਰ ਲਈ ਇਹ ਕੋਈ ਪਹਿਲੀ ਉਪਲਬਧੀ ਨਹੀਂ ਸੀ ਬਲਕਿ ਇਸ ਤੋਂ ਪਹਿਲਾਂ ਉਸ ਨੇ ਆਪਣੇ ਖੇਡ ਸਫਰ ਦੌਰਾਨ ਕਈ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ 2011 ਅਤੇ 2016 ਦੇ ਕਬੱਡੀ ਵਰਲਡ ਕੱਪ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਇਸ ਤੋਂ ਇਲਾਵਾ 2014 ਦੀ ਇੰਡੋ-ਪਾਕ ਕਬੱਡੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਅਤੇ 2018 ਦੀ ਏਸ਼ੀਆਨ ਕਬੱਡੀ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤਿਆ। ਮਨਪ੍ਰੀਤ ਕੌਰ ਸੀਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ ਨੇ 2 ਗੋਲਡ, 3 ਸਿਲਵਰ ਅਤੇ 2 ਬਰੌਂਜ਼ ਮੈਡਲ ਆਪਣੇ ਨਾਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪੁਲਿਸ ਗੇਮਾਂ ਵਿੱਚ ਮਨਪ੍ਰੀਤ ਕੌਰ ਨੇ 3 ਗੋਲਡ ਅਤੇ 1 ਸਿਲਵਰ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਐਵਾਰਡ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹੈ, ਜਿਨ੍ਹਾਂ ਨੇ ਉਸ ਨੂੰ ਖੇਡ ਵਿੱਚ ਅੱਗੇ ਵਧਣ ਲਈ ਬਹੁਤ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੜਕੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਉੱਥੇ ਹੀ ਉਸ ਦੇ ਪਤੀ ਵੀ ਐਵਾਰਡ ’ਚ ਬਰਾਬਰ ਦੇ ਹੀ ਨਹੀਂ ਬਲਕਿ ਵਧਕੇ ਹੱਕਦਾਰ ਹਨ ਜਿੰਨ੍ਹਾਂ ਨੇ ਵਿਆਹੁਤਾ ਜਿੰਦਗੀ ਦੇ ਬਾਵਜੂਦ ਖੇਡ ਮੁਕਾਬਲੇ ਜਾਰੀ ਰੱਖਣ ਲਈ ਹੌਸਲਾ ਦਿੱਤਾ। ਮਨਪ੍ਰੀਤ ਕੌਰ ਦੇ ਪਤੀ ਵੀ ਪੰਜਾਬ ਪੁਲਿਸ ’ਚ ਸੇਵਾ ਨਿਭਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਖੇਡਾਂ ਵਿੱਚ ਲੰਬੇ ਸਮੇਂ ਤੋਂ ਦਿੱਤੇ ਯੋਗਦਾਨ, ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਮਨਪ੍ਰੀਤ ਕੌਰ ਨੂੰ ਮਿਲਿਆ ਇਹ ਸਨਮਾਨ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੂੰ ਖੇਡ ਜਗਤ ਅਤੇ ਇਲਾਕੇ ਦੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
- Download Babushahi App
-
-