ਗਿਆਨਦੀਪ ਮੰਚ ਵੱਲੋਂ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 17 ਫ਼ਰਵਰੀ 2026:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਮਹੀਨਾਵਾਰ ਇੱਕ ਸਾਹਿਤਕ ਸਮਾਗਮ ਮਿਤੀ 15/02/2026 ਨੂੰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਕਵੀਆਂ ਨੂੰ ਆਪਣੀ ਕਵਿਤਾ ਪੇਸ਼ ਕਰਨ ਦਾ ਸੱਦਾ ਦਿੱਤਾ।ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੀ ਐੱਸ ਆਨੰਦ ਨੇ ਕਿਹਾ ਕਿ ਅੱਜ ਸ਼ਿਵਰਾਤਰੀ ਦਾ ਸ਼ੁਭ ਦਿਹਾੜਾ ਹੈ।
ਸ਼ਿਵ ਜੀ ਨੇ ਦੁਸ਼ਮਣੀ ਅਤੇ ਭੇਦ ਭਾਵੀਂ ਰੂਪੀ ਜ਼ਹਿਰ ਪੀ ਕੇ ਵਿਸ਼ਵ ਨੂੰ ਅਮਨ ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਲੇਖਕਾਂ ਨੂੰ ਵੀ ਨੂੰ ਇਹ ਸੰਦੇਸ਼ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਨੂੰ ਦੇਣਾ ਚਾਹੀਦਾ ਹੈ।ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਕਿਹਾ ਕਿ ਲੇਖਕ ਅਜਿਹਾ ਲਿਖਣ ਜਿਸ ਨਾਲ ਉਹਨਾਂ ਦੀਆਂ ਰਚਨਾਵਾਂ ਅਮਰ ਹੋ ਜਾਣ। ਸਮਾਗਮ ਦੌਰਾਨ ਸਰਬਸੰਮਤੀ ਨਾਲ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੂੰ ਗਿਆਨਦੀਪ ਸਾਹਿਤ ਸਾਧਨਾ ਮੰਚ(ਰਜਿ) ਪਟਿਆਲ਼ਾ ਦਾ ਜਨਰਲ ਸਕੱਤਰ, ਦਰਸ਼ਨ ਸਿੰਘ ਦਰਸ਼ ਪਸਿਆਣਾ ਨੂੰ ਸਕੱਤਰ, ਗੁਰਪ੍ਰੀਤ ਢਿੱਲੋਂ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਦਰਸ਼ਨ ਸਿੰਘ ਦਰਸ਼ ਪਸਿਆਣਾ, ਗੁਰਪ੍ਰੀਤ ਸਿੰਘ ਢਿੱਲੋਂ,ਰਾਜਬੀਰ ਸਿੰਘ ਮੱਲ੍ਹੀ,ਹਰਿਸੁਬੇਗ ਸਿੰਘ, ਇੰਜ. ਮੇਜਰ ਸਿੰਘ,ਇੰਦਰਪਾਲ ਸਿੰਘ,ਗੁਰਮੇਲ ਸਿੰਘ ਐੱਸ ਡੀ ਓ,ਜਸਵਿੰਦਰ ਕੌਰ, ਹਰਜੀਤ ਕੌਰ,ਜੱਗਾ ਰੰਗੂਵਾਲ,ਰਾਜੇਸ਼ਵਰ ਕੁਮਾਰ, ਗੁਰਪ੍ਰੀਤ ਲੰਗ, ਬਲਵੰਤ ਬੱਲੀ ਅਤੇ ਹਰਵਿੰਦਰ ਸਿੰਘ ਗੁਲਾਮ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅਭੈ ਰਾਵਤ,ਅਵਤਾਰ ਸਿੰਘ ਅਤੇ ਯੋਗਿੰਦਰ ਕੁਮਾਰ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਫੋਟੋਗ੍ਰਾਫੀ ਦੇ ਫਰਜ਼ ਦਰਸ਼ਨ ਸਿੰਘ ਦਰਸ਼ ਪਸਿਆਣਾ ਵੱਲੋਂ ਬਾਖੂਬੀ ਨਿਭਾਏ ਗਏ।