ਗੀਤਕਾਰ ਜਾਵੇਦ ਅਖ਼ਤਰ ਵੱਲੋਂ ਡਾ ਦਰਸ਼ਨ ਸਿੰਘ ‘ਆਸ਼ਟ' ਦੀ ਸੰਪਾਦਿਤ ਬਾਲ ਗੀਤ ਪੁਸਤਕ ‘ਆਓ ਗੀਤ ਗਾਏਂ' ਦਾ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 22 ਸਤੰਬਰ 2023:- ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ ਅਰਵਿੰਦ ਅਤੇ ਯੂਨੀਵਰਸਿਟੀ ਵਿਖੇ ਸਥਾਪਿਤ ਪ੍ਰੋ ਗੁਰਦਿਆਲ ਸਿੰਘ ਚੇਅਰ ਦੇ ਕੋਆਰਡੀਨੇਟਰ ਡਾ ਗੁਰਮੁਖ ਸਿੰਘ ਵੱਲੋਂ ਵਿਸ਼ੇਸ਼ ਸੱਦੇ ਤੇ ਯੂਨੀਵਰਸਿਟੀ ਵਿਖੇ ਉਘੇ ਫ਼ਿਲਮੀ ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖ਼ਤਰ ਪਧਾਰੇ ਜਿਨ੍ਹਾਂ ਨੇ ਸੈਨੇਟ ਹਾਲ ਅਤੇ ਗੁਰੂ ਤੇਗ ਬਹਾਦਰ ਹਾਲ ਵਿਖੇ ਆਯੋਜਿਤ ਕੀਤੇ ਗਏ ਅਹਿਮ ਸਮਾਗਮਾਂ ਵਿਚ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਗੈਸਟ ਹਾਊਸ ਵਿਖੇ ਉਹਨਾਂ ਨਾਲ ਮੁਲਾਕਾਤ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ* ਦੁਆਰਾ ਭਾਰਤ ਦੇ ਵੱਖ ਵੱਖ ਗੀਤਕਾਰਾਂ ਵੱਲੋਂ ਲਿਖੇ ਗਏ ਨਰਸਰੀ ਬਾਲ ਗੀਤਾਂ ਦੀ ਸੰਪਾਦਿਤ ਪੁਸਤਕ ‘ਆਓ ਗੀਤ ਗਾਏਂ* ਦਾ ਵੀ ਲੋਕ ਅਰਪਣ ਕੀਤਾ ਗਿਆ।ਜਾਵੇਦ ਅਖ਼ਤਰ ਨੇ ਕਿਹਾ ਕਿ ਬੱਚਿਆਂ ਲਈ ਉਰਦੂ ਅਤੇ ਹਿੰਦੀ ਵਿਚ ਕਾਫੀ ਬਾਲ ਸਾਹਿਤ ਰਚਨਾ ਹੋਈ ਹੈ ਪਰੰਤੂ ਖੇਤਰੀ ਜ਼ੁਬਾਨਾਂ ਵਿਚ ਇਸ ਪਾਸੇ ਵੱਲ ਹੋਰ ਹੰਭਲੇ ਮਾਰਨ ਦੀ ਜ਼ਰੂਰਤ ਹੈ। ਪੁਸਤਕ ਦੇ ਸੰਪਾਦਕ ਡਾ ਦਰਸ਼ਨ ਸਿੰਘ ‘ਆਸ਼ਟ* ਨੇ ਕਿਹਾ ਕਿ ਨਿਊ ਬੁੱਕ ਕੰਪਨੀ,ਜਲੰਧਰ ਵੱਲੋਂ ਛਾਪੀ ਉਹਨਾਂ ਦੀ ਇਸ ਰੰਗਦਾਰ ਪੁਸਤਕ ਵਿਚ ਪੰਜ ਤੋਂ ਅੱਠ ਸਾਲਾਂ ਦੀ ਉਮਰ ਦੇ ਬੱਚਿਆਂ ਲਈ ਲਿਖੇ ਗੀਤਾਂ ਨੂੰ ਸੰਪਾਦਿਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਬੱਚੇ ਜ਼ੁਬਾਨੀ ਕੰਠ ਕਰਕੇ ਸਮਾਗਮਾਂ ਵਿਚ ਗਾ ਸਕਦੇ ਹਨ।ਉਹਨਾਂ ਕਿਹਾ ਕਿ ਬਾਲ ਸਾਹਿਤ ਦੇ ਵਿਕਾਸ ਲਈ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦਾ ਸੰਕਲਨ ਇਕ ਪੁੱਲ ਵਾਂਗ ਹੈ ਜਿੱਥੇ ਵੱਖ ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ,ਭਾਸ਼ਾ ਅਤੇ ਸਾਹਿਤ ਦੀ ਸਾਂਝੀ ਵਿਰਾਸਤ ਵਿਖਾਈ ਦਿੰਦੀ ਹੈ।