ਫਰਿਜ਼ਨੋ ਵਿੱਚ ਸੁਧਾਰ ਲਹਿਰ ਦਾ ਵਿਸ਼ੇਸ਼ ਸਮਾਗਮ, ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਰੱਖੇ ਵਿਚਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫ਼ੋਰਨੀਆ) — ਪੰਜਾਬ ਦੀ ਰਾਜਨੀਤੀ ਵਿੱਚ ਸੁਧਾਰ ਲਹਿਰ ਨੂੰ ਅੱਗੇ ਵਧਾਉਂਦੇ ਹੋਏ ਸਾਬਕਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਆਪਣੇ ਫਰਿਜ਼ਨੋ ਦੌਰੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਥਾਨਕ ਪੰਜਾਬੀ ਭਾਈਚਾਰੇ ਨਾਲ ਰੂਬਰੂ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਸਮਾਗਮ ਤੰਦੂਰੀ ਪੀਜ਼ੇ ‘ਤੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਫਰਿਜ਼ਨੋ ਨਿਵਾਸੀਆਂ ਨੇ ਹਾਜ਼ਰੀ ਭਰੀ।
ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਸਰਪੰਚ ਜੁਗਰਾਜ ਸਿੰਘ ਦੌਧਰ (ਸ਼੍ਰੋਮਣੀ ਕਮੇਟੀ ਮੈਂਬਰ), ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੌਧਰ ਅਤੇ ਗੁਰਜਪਾਲ ਸਿੰਘ ਸਿੱਧੂ ਸਮੇਤ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਵਿੱਚ ਪੰਜਾਬ ਪੁਲਿਸ ਦੇ ਰਿਟਾਇਰਡ ਆਹਲਾ ਅਫਸਰਾਂ ਸ. ਬਲਰਾਜ ਸਿੰਘ ਤੇ ਸ. ਮੇਜਰ ਸਿੰਘ ਢਿੱਲੋਂ ਨੇ ਵੀ ਖਾਸ ਤੌਰ ‘ਤੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਸ. ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਤਾਜ਼ਾ ਰਾਜਨੀਤਿਕ ਹਾਲਾਤਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸੁਧਾਰ ਲਹਿਰ ਦਾ ਮਕਸਦ ਸਿਰਫ਼ ਸੱਤਾ ਪ੍ਰਾਪਤ ਕਰਨਾ ਨਹੀਂ, ਸਗੋਂ ਪੰਥ ਅਤੇ ਪੰਜਾਬ ਦੀ ਭਲਾਈ ਲਈ ਸਿਆਸੀ ਸਿਸਟਮ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਅਸੀਂ ਬਿਨਾਂ ਕਿਸੇ ਸੱਤਾ ਦੇ ਲਾਲਚ ਦੇ ਆਪਣੀ ਵਚਨਬੱਧਤਾ ‘ਤੇ ਕਾਇਮ ਹਾਂ ਅਤੇ ਅਕਾਲੀ ਦਲ ਵਿੱਚ ਹੋਈਆਂ ਗਲਤੀਆਂ ਨੂੰ ਠੀਕ ਕਰਨ ਲਈ ਇਹ ਲਹਿਰ ਚਲਾਈ ਜਾ ਰਹੀ ਹੈ। ਜਦ ਤੱਕ ਲੀਡਰਸ਼ਿਪ ਸੁਧਾਰ ਦੇ ਰਸਤੇ ‘ਤੇ ਨਹੀਂ ਆਉਂਦੀ, ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ।”
ਇਸ ਮੌਕੇ ਮਲਕੀਤ ਸਿੰਘ ਕਿੰਗਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਢੀਂਡਸਾ ਪਰਿਵਾਰ ਦੀ ਸਿਆਸੀ ਛਵੀ ਹਮੇਸ਼ਾ ਸਾਫ-ਸੁਥਰੀ ਅਤੇ ਇਮਾਨਦਾਰ ਵਾਲੀ ਰਹੀ ਹੈ। ਉਨ੍ਹਾਂ ਨੇ ਸਵਰਗਵਾਸੀ ਸ. ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਨਰਮ ਦਿਲ ਅਤੇ ਸਾਫ ਸੁਥਰੇ ਅਕਸ਼ ਵਾਲੇ ਨੇਤਾ ਸਨ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਕਈ ਵਾਰ ਵਿਧਾਇਕ ਚੁਣਿਆ। ਉਨ੍ਹਾਂ ਨੇ ਅਕਾਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਅਤੇ ਬਾਅਦ ਵਿੱਚ ਕੇਂਦਰੀ ਮੰਤਰੀ ਵਜੋਂ ਵੀ ਪੰਜਾਬ ਲਈ ਕਈ ਮਹੱਤਵਪੂਰਨ ਯੋਗਦਾਨ ਪਾਏ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਵ. ਸੁਖਦੇਵ ਸਿੰਘ ਢੀਂਡਸਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਸਪੁੱਤਰ ਸ. ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅਕਾਲੀ ਸਰਕਾਰ ਵਿੱਚ ਪੀ.ਡਬਲਯੂ.ਡੀ. ਮੰਤਰੀ ਅਤੇ ਵਿੱਤ ਮੰਤਰੀ ਵਜੋਂ ਕੰਮ ਕਰਦਿਆਂ ਪੰਜਾਬ ਪੱਖੀ ਫ਼ੈਸਲੇ ਕੀਤੇ ਅਤੇ ਲੋਕ-ਹਿਤ ਵਿੱਚ ਕਈ ਪ੍ਰੋਜੈਕਟ ਲਾਗੂ ਕੀਤੇ।
ਸਮਾਗਮ ਦਾ ਮੰਚ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਵੱਲੋਂ ਬੜੀ ਸੁਚੱਜੇ ਢੰਗ ਨਾਲ ਕੀਤਾ ਗਿਆ। ਉਨ੍ਹਾਂ ਨੇ ਦੌਧਰ ਪਰਿਵਾਰ ਵੱਲੋਂ ਪਹੁੰਚੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਪ੍ਰੋਗਰਾਮ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਅੱਗੇ ਵਧਾਇਆ।
ਇਸ ਸਮਾਗਮ ਵਿੱਚ ਫਰਿਜ਼ਨੋ ਦੀਆਂ ਕਈ ਮਾਣਯੋਗ ਅਤੇ ਸਿਰਕੱਢ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਹਾਜ਼ਰ ਲੋਕਾਂ ਨੇ ਸੁਧਾਰ ਲਹਿਰ ਦੇ ਮਕਸਦਾਂ ਅਤੇ ਭਵਿੱਖੀ ਯੋਜਨਾਵਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਅੰਤ ਵਿੱਚ ਤੰਦੂਰੀ ਪੀਜ਼ੇ ਦੇ ਸੁਆਦਿਸ਼ਟ ਭੋਜਨ ਨਾਲ ਸਮਾਗਮ ਦਾ ਸੰਪਨ ਹੋਇਆ। ਇਹ ਪ੍ਰੋਗਰਾਮ ਆਪਣੇ ਸੁਚੱਜੇ ਪ੍ਰਬੰਧ ਅਤੇ ਵਿਚਾਰਧਾਰਕ ਚਰਚਾ ਕਰਕੇ ਹਾਜ਼ਰੀਨਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡ ਗਿਆ ਅਤੇ ਇੱਕ ਯਾਦਗਾਰੀ ਸਮਾਗਮ ਵਜੋਂ ਸਮਾਪਤ ਹੋਇਆ।