ਪਿੰਡ ਮੌਜਪੁਰ ਦੇ ਗੱਭਰੂ ਦੀ ਦੁਬਈ ਵਿੱਚ ਭੇਦ ਭਰੇ ਹਾਲਤਾਂ ਵਿੱਚ ਹੋਈ ਮੌਤ
ਮ੍ਰਿਤਕ ਕੁਲਵੰਤ ਸਿੰਘ ਦੇ ਮਾਪਿਆਂ ਨੇ ਮੁੰਡੇ ਦੇ ਸਹੁਰੇ ਪਰਿਵਾਰ ਤੇ ਲਗਾਏ ਗੰਭੀਰ ਦੋਸ਼
ਰੋਹਿਤ ਗੁਪਤਾ , ਗੁਰਦਾਸਪੁਰ
ਪੰਜਾਬ ਵਿੱਚੋਂ ਬਹੁਤ ਸਾਰੇ ਗੱਭਰੂ ਆਪਣੇ ਬਿਹਤਰ ਭਵਿੱਖ ਲਈ ਖਾੜੀ ਦੇਸ਼ਾਂ ਜਾਂ ਹੋਰ ਮੁਲਕਾਂ ਵਿੱਚ ਰੋਜੀ ਰੋਟੀ ਦੀ ਖਾਤਰ ਜਾਂਦੇ ਹਨ ਪਰ ਜੇਕਰ ਉਥੇ ਉਹਨਾਂ ਦੀ ਜਾਨ ਖਤਰੇ ਵਿੱਚ ਹੋਵੇ ਜਾਂ ਉਹਨਾਂ ਦਾ ਕਤਲ ਹੋ ਜਾਵੇ ਤਾਂ ਨੌਜਵਾਨਾਂ ਦੇ ਭਵਿੱਖ ਅਤੇ ਪਰਿਵਾਰ ਦੀ ਹੋਣ ਵਾਲੀ ਦੁਰਦਸ਼ਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਅਜਿਹਾ ਇਕ ਮਾਮਲਾ ਜਿਲ੍ਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਪੈਂਦੇ ਪਿੰਡ ਮੌਜਪੁਰ ਦਾ ਹੈ ਜਿੱਥੇ 25 ਸਾਲ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਹੈ।
ਮ੍ਰਿਤਕ ਦੇ ਪਿਤਾ ਅਜੀਤ ਸਿੰਘ ਭਰਾ ਬਸੰਤ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕੁਲਵੰਤ ਸਿੰਘ ਪਿਛਲੇ ਕੁਝ ਸਮੇਂ ਤੋਂ ਖਾੜੀ ਮੁਲਕਾਂ ਵਿੱਚ ਆਪਣੀ ਰੋਜੀ ਰੋਟੀ ਖਾਤਰ ਰਹਿ ਰਿਹਾ ਸੀ ਕੁਝ ਸਮਾਂ ਪਹਿਲਾਂ ਉਹ ਪਿੰਡ ਪਰਤਿਆ ਸੀ ਅਤੇ ਆਪਣੇ ਵਿਆਹ ਤੋਂ ਬਾਅਦ ਕੁਝ ਸਮਾਂ ਠਹਿਰਨ ਉਪਰੰਤ ਉਹ ਫਿਰ ਦੁਬਈ ਵਾਪਸ ਚਲਿਆ ਗਿਆ ਸੀ ।ਮ੍ਰਿਤਕ ਦੇ ਭਰਾ ਬਸੰਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਸਹੁਰੇ ਪਰਿਵਾਰ ਵਿਚੋਂ ਉਸ ਦਾ ਸਾਲਾ ਅਤੇ ਸਾਂਢੂ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਜਾਨ ਤੋਂ ਮਾਰਨੀ ਧਮਕੀਆਂ ਵੀ ਦਿੰਦੇ ਹਨ ਇਸ ਲਈ ਉਹ ਜਲਦੀ ਹੀ ਘਰ ਪਰਤ ਆਵੇਗਾ। ਉਹਨਾਂ ਦੱਸਿਆ ਕਿ ਉਹ ਦੁਬਈ ਵਿੱਚ ਆਪਣੇ ਸਾਲੇ ਅਤੇ ਸਾਂਢੂ ਵਾਲੀ ਕੰਪਨੀ ਵਿੱਚ ਹੀ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਜਦੋਂ ਕੁਲਵੰਤ ਸਿੰਘ ਆਪਣੇ ਕਮਰੇ ਤੋਂ ਬਾਹਰ ਗਿਆ ਤਾਂ ਉਹਦੀ ਕੁਝ ਦੂਰੀ ਤੇ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਕੁਲਵੰਤ ਸਿੰਘ ਦੀ ਮੌਤ ਦੀ ਖਬਰ ਮਿਲੀ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਵੀ ਆਪਣੇ ਪੇਕੇ ਪਰਿਵਾਰ ਰਹਿੰਦੀ ਹੈ ਅਤੇ ਕੁਲਵੰਤ ਸਿੰਘ ਦੇ ਜਰੂਰੀ ਦਸਤਾਵੇਜ ਵੀ ਉਹ ਆਪਣੇ ਨਾਲ ਲੈ ਗਈ ਹੈ ਅਤੇ ਹੋਰ ਆਪਣੇ ਵਿਆਹ ਦਾ ਛੋਟਾ ਮੋਟਾ ਸਮਾਨ ਵੀ ਆਪਣੇ ਨਾਲ ਹੀ ਲੈ ਕੇ ਪੇਕੇ ਪਿੰਡ ਬੈਠੀ ਹੈ। ਉਹਨਾਂ ਨੇ ਵਿਸ਼ਵਾਸ ਦੇ ਨਾਲ ਕਿਹਾ ਕਿ ਕੁਲਵੰਤ ਸਿੰਘ ਦਾ ਕਤਲ ਉਹਨਾਂ ਦੀ ਨੂੰਹ ਦੇ ਰਿਸ਼ਤੇਦਾਰਾਂ ਵੱਲੋਂ ਹੀ ਕੀਤਾ ਗਿਆ ਹੈ।
ਦੱਸ ਦਈਏ ਕੀ ਪਰਿਵਾਰ ਨੇ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਘਰ ਲਿਆਉਣ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਵੱਲੋਂ ਨੌਜਵਾਨ ਦੀ ਮ੍ਰਿਤਕ ਦੇ ਵਾਪਸ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ।