ਐਪਸਟਾਈਨ ਫਾਈਲਾਂ 'ਤੇ ਬਿਲ ਕਲਿੰਟਨ ਦਾ ਵੱਡਾ ਖੁਲਾਸਾ: ਅਮਰੀਕੀ ਕਾਂਗਰਸ ਸਾਹਮਣੇ ਪੇਸ਼ ਹੋ ਕੇ ਕੀ ਕਿਹਾ ? ਪੜ੍ਹੋ
ਵਾਸ਼ਿੰਗਟਨ: 28 ਫਰਵਰੀ, 2026
ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਜੈਫਰੀ ਐਪਸਟਾਈਨ ਨਾਲ ਜੁੜੀਆਂ ਫਾਈਲਾਂ ਅਤੇ ਤਸਵੀਰਾਂ ਦੇ ਖੁਲਾਸੇ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਸ ਮਾਮਲੇ ਵਿੱਚ ਘਿਰੇ ਕਲਿੰਟਨ ਨੇ ਹਾਲ ਹੀ ਵਿੱਚ ਅਮਰੀਕੀ ਕਾਂਗਰਸ ਦੇ ਮੈਂਬਰਾਂ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕੀਤਾ ਹੈ। ਨਿਊਯਾਰਕ ਦੇ ਚੱਪਾਕਾ ਵਿੱਚ ਇੱਕ ਬੰਦ ਕਮਰੇ ਵਿੱਚ ਹੋਈ ਘੰਟਿਆਂਬੱਧੀ ਪੁੱਛਗਿੱਛ ਦੌਰਾਨ ਕਲਿੰਟਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਨਾ ਤਾਂ ਕੁਝ ਗਲਤ ਦੇਖਿਆ ਹੈ ਅਤੇ ਨਾ ਹੀ ਕੁਝ ਗਲਤ ਕੀਤਾ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਬੇਗੁਨਾਹੀ ਦਾ ਦਾਅਵਾ ਕੀਤਾ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਕਾਂਗਰਸ ਸਾਹਮਣੇ ਗਵਾਹੀ ਦੇਣ ਲਈ ਮਜਬੂਰ ਹੋਣਾ ਪਿਆ ਹੈ। ਕਲਿੰਟਨ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਵੀ ਕੱਲ੍ਹ ਆਪਣੀ ਗਵਾਹੀ ਦਰਜ ਕਰਵਾਈ ਸੀ। ਹਿਲੇਰੀ ਕਲਿੰਟਨ ਨੇ ਐਪਸਟਾਈਨ ਨਾਲ ਕਿਸੇ ਵੀ ਤਰ੍ਹਾਂ ਦੇ ਨਿੱਜੀ ਸਬੰਧਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਐਪਸਟਾਈਨ ਦੇ ਘਿਨਾਉਣੇ ਅਪਰਾਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਕਦੇ ਵੀ ਉਸ ਦੇ ਨਿੱਜੀ ਟਾਪੂ ਜਾਂ ਘਰ ਨਹੀਂ ਗਏ। ਹਾਲਾਂਕਿ, ਰਿਪਬਲਿਕਨ ਪਾਰਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਐਪਸਟਾਈਨ ਦੇ ਗੁਨਾਹਾਂ ਵਿੱਚ ਸਹਿਯੋਗ ਦੇਣ ਵਾਲੇ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਦੂਜੇ ਪਾਸੇ, ਜਾਰੀ ਕੀਤੀਆਂ ਗਈਆਂ ਐਪਸਟਾਈਨ ਫਾਈਲਾਂ ਵਿੱਚ ਬਿਲ ਕਲਿੰਟਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਐਪਸਟਾਈਨ ਅਤੇ ਉਸ ਦੀ ਸਹਿਯੋਗੀ ਮੈਕਸਵੈੱਲ ਨਾਲ ਦਿਖਾਈ ਦੇ ਰਹੇ ਹਨ। ਸਬੂਤਾਂ ਮੁਤਾਬਕ ਐਪਸਟਾਈਨ ਕਲਿੰਟਨ ਦੇ ਕਾਰਜਕਾਲ ਦੌਰਾਨ 17 ਵਾਰ ਵ੍ਹਾਈਟ ਹਾਊਸ ਗਿਆ ਸੀ ਅਤੇ ਬਿਲ ਕਲਿੰਟਨ ਨੇ 27 ਵਾਰ ਐਪਸਟਾਈਨ ਦੇ ਨਿੱਜੀ ਜਹਾਜ਼ ਵਿੱਚ ਯਾਤਰਾ ਕੀਤੀ ਸੀ। ਇਨ੍ਹਾਂ ਤੱਥਾਂ ਦੇ ਬਾਵਜੂਦ, ਬਿਲ ਕਲਿੰਟਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਦੀ ਐਪਸਟਾਈਨ ਨਾਲ ਜਾਣ-ਪਛਾਣ ਬੇਹੱਦ ਸੀਮਤ ਸੀ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਜਾਂ ਗਲਤ ਗਤੀਵਿਧੀਆਂ ਬਾਰੇ ਕੋਈ ਇਲਮ ਨਹੀਂ ਸੀ। ਇਸ ਮਾਮਲੇ ਨੇ ਅਮਰੀਕੀ ਰਾਜਨੀਤੀ ਵਿੱਚ ਇੱਕ ਨਵਾਂ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।