ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ‘ਚ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ ਨਾਲ ਰੂਬਰੂ
ਹਰਦਮ ਮਾਨ
ਸਰੀ, 26 ਫਰਵਰੀ 2026-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਪ੍ਰੋਗਰਾਮ “ਸਿਰਜਨਾ ਦੇ ਆਰ ਪਾਰ” 23 ਫਰਵਰੀ ਦਿਨ ਸੋਮਵਾਰ ਨੂੰ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬੀ ਰੰਗਮੰਚ ਦੇ ਸਿਰਮੌਰ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਵਿਸ਼ੇਸ਼ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੰਗਮੰਚੀ ਹਸਤੀ ਦਲਬੀਰ ਸੋਨਾ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਕੇਵਲ ਧਾਲੀਵਾਲ ਦੇ ਜੀਵਨ, ਨਾਟਕ ਸਫ਼ਰ ਅਤੇ ਮਾਰਗਦਰਸ਼ਕ ਸ਼ਖ਼ਸੀਅਤ ਬਾਰੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਸੰਸਥਾ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮਾਡਰੇਟਰ ਪ੍ਰੋ. ਕੁਲਜੀਤ ਕੌਰ ਨੇ ਬੜੇ ਹੀ ਦਿਲਚਸਪ ਅਤੇ ਸੰਵਾਦਾਤਮਕ ਅੰਦਾਜ਼ ਵਿੱਚ ਕੇਵਲ ਧਾਲੀਵਾਲ ਦੀ ਜੀਵਨ ਯਾਤਰਾ, ਸੰਘਰਸ਼ ਅਤੇ ਰੰਗਮੰਚੀ ਪ੍ਰਾਪਤੀਆਂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਕੇਵਲ ਧਾਲੀਵਾਲ ਨੇ ਆਪਣੇ ਪਰਿਵਾਰਕ ਪਿਛੋਕੜ ਅਤੇ ਪਤਨੀ ਅਰਵਿੰਦਰ ਕੌਰ ਧਾਲੀਵਾਲ ਦੇ ਵੱਡਮੁੱਲੇ ਸਹਿਯੋਗ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਰੰਗਮੰਚ ਉਨ੍ਹਾਂ ਦੇ ਸਾਹਾਂ ਵਿੱਚ ਵਸਿਆ ਹੋਇਆ ਹੈ। ਉਨ੍ਹਾਂ ਨੇ ਆਪਣੇ ਅਮੀਰ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਹੁਣ ਤੱਕ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ, 150 ਤੋਂ ਵੱਧ ਵਿੱਚ ਅਭਿਨਯ ਅਤੇ 6000 ਤੋਂ ਵੱਧ ਸਟੇਜ ਪ੍ਰਦਰਸ਼ਨਾਂ ਦਾ ਕੀਰਤੀਮਾਨ ਸਥਾਪਿਤ ਕਰ ਚੁੱਕੇ ਹਨ। ਇਸ ਦੇ ਨਾਲ ਹੀ 25 ਲਾਈਟ ਐਂਡ ਸਾਊਂਡ ਸ਼ੋਅ ਅਤੇ ਅਨੇਕਾਂ ਸਟੇਜ ਡਿਜ਼ਾਈਨਾਂ ਰਾਹੀਂ ਉਨ੍ਹਾਂ ਨੇ ਪੰਜਾਬੀ ਰੰਗਮੰਚ ਨੂੰ ਵਿਸ਼ਵ ਪੱਧਰ 'ਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।
ਸੰਸਥਾ ਦੀ ਚੇਅਰਪਰਸਨ ਡਾ. ਸਰਬਜੀਤ ਕੌਰ ਸੋਹਲ ਨੇ ਕੇਵਲ ਧਾਲੀਵਾਲ ਦੇ ਯੋਗਦਾਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਾਟਕ ਸਮਾਜਿਕ ਸਰੋਕਾਰਾਂ ਅਤੇ ਅਗਾਂਹਵਧੂ ਵਿਚਾਰਾਂ ਦਾ ਪ੍ਰਤੀਕ ਹਨ। ਇਸ ਮੌਕੇ ਕੈਨੇਡੀਅਨ ਪੰਜਾਬੀ ਸਭਾ ਦੇ ਮਲੂਕ ਸਿੰਘ ਕਾਹਲੋਂ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਅਤੇ ਸਿਫ਼ਰ ਸਤਬੀਰ ਨੇ ਵੀ ਕੇਵਲ ਧਾਲੀਵਾਲ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸੰਸਥਾ ਦੇ ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰੋਗਰਾਮ ਨੂੰ ਸਮੇਟਦਿਆਂ ਕਿਹਾ ਕਿ ਨਾਟਕੀ ਜ਼ਿੰਮੇਵਾਰੀਆਂ ਨੂੰ ਕੇਵਲ ਧਾਲੀਵਾਲ ਬਹੁਤ ਹੀ ਸੰਜੀਦਗੀ ਨਾਲ ਨਿਭਾ ਰਹੇ ਹਨ ਅਤੇ ਇਹ ਸਮਾਗਮ ਦੇਸ਼-ਵਿਦੇਸ਼ ਦੇ ਦਰਸ਼ਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਇਆ ਹੈ।
ਸਮਾਗਮ ਦੇ ਅਖੀਰ ਵਿੱਚ ਸੰਸਥਾ ਦਾ ਫਰਵਰੀ ਮਹੀਨੇ ਦਾ ਈ-ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਜੇਤਾ ਰਾਜ, ਹਰਜੀਤ ਬਮਰਾ, ਗੁਰਚਰਨ ਸਿੰਘ ਜੋਗੀ, ਡਾ. ਜੋਤੀ ਮਾਂਗਟ, ਰਾਜਬੀਰ ਕੌਰ ਗਰੇਵਾਲ, ਸੁਨੀਲ ਚੰਦਿਆਣਵੀ, ਸਤਿੰਦਰ ਸਿੰਘ ਓਛੀ ਅਤੇ ਅਮਰ ਕੌਰ ਬੇਦੀ ਸਮੇਤ ਕਈ ਸਾਹਿਤਕ ਤੇ ਸੱਭਿਆਚਾਰਕ ਹਸਤੀਆਂ ਨੇ ਸ਼ਿਰਕਤ ਕੀਤੀ। ਪ੍ਰਬੰਧਕ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕਰਦਿਆਂ ਭਾਵੁਕ ਲਹਿਜੇ ਵਿੱਚ ਕਿਹਾ, “ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ।”