ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ Balbir Singh Sidhu ਦਾ ਭਾਜਪਾ ਸਰਕਾਰ ‘ਤੇ ਤਿੱਖਾ ਸ਼ਬਦੀ ਹਮਲਾ
ਲੋਕਾਂ ਦੀ ਰਸੋਈ ‘ਤੇ ਵਾਰ ਕਰਨ ਵਾਲੀ ਹਰ ਜਨ ਵਿਰੋਧੀ ਨੀਤੀ ਦਾ ਕਾਂਗਰਸ ਡੱਟ ਕੇ ਮੁਕਾਬਲਾ ਕਰੇਗੀ
ਬਾਬੂਸ਼ਾਹੀ ਬਿਊਰੋ
ਮੋਹਾਲੀ 2 ਮਈ 2026 :
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਨੂੰ ਦੇਸ਼ ਦੀ ਆਰਥਿਕ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ।
ਸਿੱਧੂ ਨੇ ਕਿਹਾ ਕਿ ਇੱਕ ਹੀ ਦਿਨ ਵਿੱਚ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੀਤਾ ਗਿਆ ਵੱਡਾ ਵਾਧਾ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਨੂੰ ਨਾ ਤਾਂ ਛੋਟੇ ਵਪਾਰੀਆਂ ਦੀ ਚਿੰਤਾ ਹੈ ਅਤੇ ਨਾ ਹੀ ਆਮ ਘਰਾਂ ਦੀ ਰਸੋਈ ਦੀ ਪਰਵਾਹ। ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਟੈਕਸਾਂ ਦੇ ਬੋਝ ਹੇਠ ਦਬੇ ਲੋਕਾਂ ‘ਤੇ ਹੁਣ ਗੈਸ ਦੀਆਂ ਕੀਮਤਾਂ ਵਧਾ ਕੇ ਹੋਰ ਜ਼ੁਲਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਚਾਹ ਵਾਲਿਆਂ, ਢਾਬਾ ਮਾਲਕਾਂ, ਹੋਟਲ ਕਾਰੋਬਾਰੀਆਂ, ਬੇਕਰੀ ਸੰਚਾਲਕਾਂ, ਹਲਵਾਈ ਭਾਈਚਾਰੇ ਅਤੇ ਛੋਟੇ ਫੂਡ ਬਿਜ਼ਨਸ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਲਈ ਇਹ ਫੈਸਲਾ ਸਿੱਧਾ ਆਰਥਿਕ ਝਟਕਾ ਹੈ। ਇਸ ਵਾਧੇ ਦਾ ਅਸਰ ਸਿਰਫ਼ ਕਾਰੋਬਾਰੀਆਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਹਰ ਆਮ ਪਰਿਵਾਰ ਦੀ ਥਾਲੀ, ਬੱਚਿਆਂ ਦੇ ਖਰਚੇ ਅਤੇ ਘਰੇਲੂ ਬਜਟ ‘ਤੇ ਵੀ ਪਵੇਗਾ।
ਸਿੱਧੂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਭਾਜਪਾ ਸਰਕਾਰ ਚੋਣੀ ਮੰਚਾਂ ਤੋਂ ਮਹਿੰਗਾਈ ਘਟਾਉਣ ਦੇ ਵਾਅਦੇ ਕਰਦੀ ਹੈ, ਦੂਜੇ ਪਾਸੇ ਜ਼ਮੀਨੀ ਹਕੀਕਤ ਵਿੱਚ ਲੋਕਾਂ ਦੀ ਜੇਬ ‘ਤੇ ਲਗਾਤਾਰ ਡਾਕਾ ਮਾਰਿਆ ਜਾ ਰਿਹਾ ਹੈ। ਦੇਸ਼ ਦਾ ਕਿਸਾਨ, ਮਜ਼ਦੂਰ, ਵਪਾਰੀ ਅਤੇ ਮੱਧ ਵਰਗ ਅੱਜ ਹਰ ਮੋਰਚੇ ‘ਤੇ ਟੁੱਟ ਰਿਹਾ ਹੈ, ਪਰ ਕੇਂਦਰ ਸਰਕਾਰ ਸਿਰਫ਼ ਪ੍ਰਚਾਰ ਅਤੇ ਇਵੈਂਟਬਾਜ਼ੀ ਵਿੱਚ ਮਸ਼ਗੂਲ ਹੈ।
ਉਨ੍ਹਾਂ ਕਿਹਾ ਕਿ ਇਹ ਸਰਕਾਰ ਆਮ ਲੋਕਾਂ ਦੀ ਕਮਾਈ ਨਾਲ ਖੇਡਣਾ ਬੰਦ ਕਰੇ, ਨਹੀਂ ਤਾਂ ਕਾਂਗਰਸ ਪਾਰਟੀ ਦੇਸ਼ ਭਰ ਵਿੱਚ ਵਪਾਰੀਆਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਨਾਲ ਲੈ ਕੇ ਵੱਡਾ ਜਨ ਅੰਦੋਲਨ ਕਰੇਗੀ। ਲੋਕਾਂ ਦੀ ਰਸੋਈ ‘ਤੇ ਵਾਰ ਕਰਨ ਵਾਲੀ ਹਰ ਜਨ ਵਿਰੋਧੀ ਨੀਤੀ ਦਾ ਕਾਂਗਰਸ ਡੱਟ ਕੇ ਮੁਕਾਬਲਾ ਕਰੇਗੀ ਅਤੇ ਲੋਕਾਂ ਦੀ ਆਵਾਜ਼ ਨੂੰ ਦਬਣ ਨਹੀਂ ਦਿੱਤਾ ਜਾਵੇਗਾ।
Click to Follow Babushahi Facebook Page →