ਸਿਹਤ ਵਿਭਾਗ ਵੱਲੋਂ “ਵਿਸ਼ਵ ਟੀਕਾਕਰਨ ਹਫ਼ਤਾ” 24 ਅਪ੍ਰੈਲ ਤੋਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 21 ਅਪ੍ਰੈਲ 2026
ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਅੰਦਰ 24 ਅਪ੍ਰੈਲ ਤੋਂ 30 ਅਪ੍ਰੈਲ 2026 ਤੱਕ “ਵਿਸ਼ਵ ਟੀਕਾਕਰਨ ਹਫ਼ਤਾ” ਮਨਾਇਆ ਜਾਵੇਗਾ। ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਟੀਕਿਆਂ ਰਾਹੀਂ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਮੂਹਕ ਯਤਨਾਂ ਨੂੰ ਮਜ਼ਬੂਤ ਕਰਨਾ ਹੈ।
ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਸਾਰੇ ਖੇਤਰਾਂ ਖਾਸ ਕਰਕੇ ਉੱਚ ਜ਼ੋਖਮ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਸ਼ਹਿਰੀ ਖੇਤਰਾਂ ਅਤੇ ਮਾਈਗ੍ਰੇਟਰੀ ਆਬਾਦੀ ਵਾਲੇ ਇਲਾਕਿਆਂ ਵਿੱਚ ਟੀਕਾਕਰਨ ਕਵਰੇਜ ਵਧਾਉਣ ਲਈ ਖਾਸ ਕੈਂਪ ਲਗਾਏ ਜਾਣਗੇ, ਤਾਂ ਜੋ ਕੋਈ ਵੀ ਬੱਚਾ ਜਾਂ ਗਰਭਵਤੀ ਮਹਿਲਾ ਟੀਕਾਕਰਨ ਤੋਂ ਵਾਂਝੀ ਨਾ ਰਹੇ। ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਆਈ.ਈ.ਸੀ. ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ, ਖਾਸ ਕਰਕੇ ਸ਼ਹਿਰੀ ਅਤੇ ਮਾਈਗ੍ਰੇਟਰੀ ਅਬਾਦੀ ਵਾਲੇ ਖੇਤਰਾਂ ਵਿੱਚ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਵੀ ਲੋਕਾਂ ਨੂੰ ਟੀਕਾਕਰਨ ਬਾਰੇ ਪ੍ਰੇਰਿਤ ਕਰਨਗੇ।
ਸਿਵਲ ਸਰਜਨ ਵੱਲੋਂ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਸਾਰੀਆਂ ਗਤੀਵਿਧੀਆਂ ਸੁਚੱਜੇ ਢੰਗ ਨਾਲ ਕਰਵਾਈਆਂ ਜਾਣ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸਮੇਂ-ਸਿਰ ਟੀਕਾਕਰਨ ਕਰਵਾਉਣ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ। ਟੀਕਾਕਰਨ ਨਾ ਸਿਰਫ਼ ਵਿਅਕਤੀਗਤ ਸੁਰੱਖਿਆ ਪ੍ਰਦਾਨ ਕਰਦਾ ਹੈ, ਸਗੋਂ ਸਮੂਹਕ ਸਿਹਤ ਨੂੰ ਵੀ ਮਜ਼ਬੂਤ ਕਰਦਾ ਹੈ।
Click to Follow Babushahi Facebook Page →