ਆਸਟ੍ਰੇਲੀਆ: ਵੀਜ਼ਾ ਖ਼ਤਮ ਹੋਣ ਮਗਰੋਂ ਪੰਜਾਬੀ ਨੌਜਵਾਨ ਬਣਿਆ 'ਸੁਪਰਮਾਰਕੀਟ ਚੋਰ'; 68 ਵਾਰ ਕੀਤੀ ਚੋਰੀ, 1 ਕਰੋੜ ਦਾ ਸਮਾਨ ਬਰਾਮਦ
ਮੈਲਬੋਰਨ, 20 ਅਪ੍ਰੈਲ 2026- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਅਪਰਾਧ ਦੀ ਦੁਨੀਆ ਵਿੱਚ ਪੈਰ ਰੱਖ ਲਿਆ। ਦੋਸ਼ ਹੈ ਕਿ ਇਸ ਨੌਜਵਾਨ ਨੇ ਵੱਖ-ਵੱਖ ਸੁਪਰਮਾਰਕੀਟਾਂ ਨੂੰ ਨਿਸ਼ਾਨਾ ਬਣਾ ਕੇ 68 ਵਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਕਰੀਬ ਇੱਕ ਕਰੋੜ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਵਿਕਟੋਰੀਆ ਪੁਲਿਸ ਨੇ ਲੰਬੀ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 39 ਸਾਲਾ ਇਹ ਪੰਜਾਬੀ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਸਰਗਰਮ ਸੀ ਅਤੇ ਉਸ ਵਿਰੁੱਧ ਕੁੱਲ 87 ਕੇਸ ਦਰਜ ਹਨ। ਉਹ ਸੁਪਰਮਾਰਕੀਟਾਂ ਵਿੱਚੋਂ ਮਹਿੰਗੇ ਇਲੈਕਟ੍ਰਿਕ ਟੂਥਬਰੱਸ਼, ਰੇਜ਼ਰ, ਵਿਟਾਮਿਨ ਅਤੇ ਸਕਿਨ-ਕੇਅਰ ਦੇ ਪ੍ਰੋਡਕਟ ਚੋਰੀ ਕਰਦਾ ਸੀ। ਬਾਅਦ ਵਿੱਚ ਇਹ ਸਾਮਾਨ ਗੈਰ-ਕਾਨੂੰਨੀ ਬਾਜ਼ਾਰ ਵਿੱਚ ਮਹਿੰਗੇ ਭਾਅ 'ਤੇ ਵੇਚ ਦਿੱਤਾ ਜਾਂਦਾ ਸੀ।
ਵਿਕਟੋਰੀਆ ਪੁਲਿਸ ਅਨੁਸਾਰ, ਇਹ ਨੌਜਵਾਨ ਇੱਕ ਸੰਗਠਿਤ ਗਿਰੋਹ ਦਾ ਹਿੱਸਾ ਸੀ। ਪੁਲਿਸ ਨੇ 'ਆਪ੍ਰੇਸ਼ਨ ਸੁਪਰਨੋਵਾ' ਤਹਿਤ ਕਾਰਵਾਈ ਕਰਦਿਆਂ ਇਸ ਗਿਰੋਹ ਦੇ 31 ਮੈਂਬਰਾਂ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮੁਹਿੰਮ ਨੂੰ ਸੂਬੇ ਵਿੱਚ ਚੋਰੀ ਦੇ ਮਾਮਲਿਆਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਸਟੱਡੀ ਵੀਜ਼ਾ 'ਤੇ ਗਿਆ ਸੀ ਆਸਟ੍ਰੇਲੀਆ
ਜਾਣਕਾਰੀ ਅਨੁਸਾਰ, ਉਕਤ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਸਟੱਡੀ ਵੀਜ਼ਾ 'ਤੇ ਆਸਟ੍ਰੇਲੀਆ ਗਿਆ ਸੀ। ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਸ ਨੇ ਭਾਰਤ ਪਰਤਣ ਦੀ ਬਜਾਏ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਹ ਦਿਨ ਵੇਲੇ ਲੁਕ ਕੇ ਰਹਿੰਦਾ ਸੀ ਅਤੇ ਰਾਤ ਦੇ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਪੁਲਿਸ ਪਿਛਲੇ ਇੱਕ ਸਾਲ ਤੋਂ ਇਸ ਨੈੱਟਵਰਕ 'ਤੇ ਨਜ਼ਰ ਰੱਖ ਰਹੀ ਸੀ। ਪਤਾ ਲੱਗਾ ਹੈ ਕਿ ਇਹ ਗਿਰੋਹ ਚੋਰੀ ਦਾ ਸਾਮਾਨ ਇਕੱਠਾ ਕਰਕੇ ਉਸ ਨੂੰ ਅੱਗੇ ਵੇਚਦਾ ਸੀ ਅਤੇ ਇਸ ਤੋਂ ਭਾਰੀ ਮੁਨਾਫ਼ਾ ਕਮਾਉਂਦਾ ਸੀ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
Click to Follow Babushahi Facebook page →