ਮਹਿਲਾ ਰਿਜ਼ਰਵੇਸ਼ਨ ਦਾ ਵਿਰੋਧ ਕਰਕੇ ਕਾਂਗਰਸ, ਆਪ 'ਤੇ ਅਕਾਲੀ ਦਲ ਵੱਲੋਂ‘ਨਾਰੀ ਸ਼ਕਤੀ’ ਦਾ ਅਪਮਾਨ – ਸ਼ਵੇਤ ਮਲਿਕ
ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2026 : ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਹਾਜ਼ਰੀ ਵਿੱਚ ਕਿਹਾ ਹੈ ਕਿ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਰਿਜ਼ਰਵੇਸ਼ਨ ਦੇਣ ਲਈ ਲਿਆਂਦੇ ਨਾਰੀ ਸ਼ਕਤੀ ਵੰਦਨ ਦਾ ਵਿਰੋਧ ਕਰਕੇ ਮੁਲਕ ਦੀ ਮਹਿਲਾ ਸ਼ਕਤੀ ਦਾ ਅਪਮਾਨ ਕੀਤਾ ਹੈ ਜਿਸ ਨੂੰ ਲੈ ਕੇ ਔਰਤਾਂ ਇਹਨਾਂ ਪਾਰਟੀਆਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਅੱਜ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਾਲਾਂ ਤੋਂ ਲੰਬਿਤ ਮਹਿਲਾਵਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਰਿਜ਼ਰਵੇਸ਼ਨ ਦੇਣ ਲਈ “ਨਾਰੀ ਸ਼ਕਤੀ ਵੰਦਨ ਅਧਿਨਿਯਮ” ਲੋਕ ਸਭਾ ਵਿੱਚ ਲਿਆਂਦਾ ਗਿਆ, ਪਰ ਅਫਸੋਸ ਕਿ ਕਾਂਗਰਸ, ਆਮ ਆਦਮੀ ਪਾਰਟੀ, ਸ਼ਿਰੋਮਣੀ ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਵਿਰੋਧ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ।
ਮਲਿਕ ਨੇ ਕਿਹਾ ਕਿ ਇਹ ਮਹਿਲਾ ਵਿਰੋਧੀ ਪਾਰਟੀਆਂ ਨੂੰ ਦੇਸ਼ ਦੀਆਂ 70 ਕਰੋੜ ਮਹਿਲਾਵਾਂ ਕਦੇ ਮਾਫ਼ ਨਹੀਂ ਕਰਨਗੀਆਂ।
ਉਨ੍ਹਾਂ ਨੇ ਦੱਸਿਆ ਕਿ 2026 ਦੇ ਮਹਿਲਾ ਰਿਜ਼ਰਵੇਸ਼ਨ ਬਿੱਲ (131ਵਾਂ ਸੰਸ਼ੋਧਨ) ਦਾ ਮੁੱਖ ਉਦੇਸ਼ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ 33% ਰਿਜ਼ਰਵੇਸ਼ਨ ਯਕੀਨੀ ਬਣਾਉਣਾ ਸੀ ਅਤੇ ਲੋਕ ਸਭਾ ਦੀਆਂ ਸੀਟਾਂ ਨੂੰ 543 ਤੋਂ ਵਧਾ ਕੇ 850 ਕਰਨ ਦਾ ਪ੍ਰਸਤਾਵ ਵੀ ਸੀ। ਇਸਨੂੰ ਡਿਲਿਮਿਟੇਸ਼ਨ ਨਾਲ ਜੋੜਿਆ ਗਿਆ ਸੀ।
ਉਨ੍ਹਾਂ ਕਿਹਾ ਕਿ 17 ਅਪ੍ਰੈਲ 2026 ਨੂੰ ਮੋਦੀ ਸਰਕਾਰ ਦੇ ਸਮਰਥਨ ਵਾਲਾ ਇਹ ਬਿੱਲ ਵਿਰੋਧੀ ਪਾਰਟੀਆਂ ਦੇ ਵਿਰੋਧ ਅਤੇ ਅਪੂਰੀ ਵੋਟਿੰਗ (ਪੱਖ ਵਿੱਚ 298, ਵਿਰੋਧ ਵਿੱਚ 230) ਕਾਰਨ ਲੋਕ ਸਭਾ ਵਿੱਚ ਪਾਸ ਨਹੀਂ ਹੋ ਸਕਿਆ। ਇਸ ਨਾਲ ਹੁਣ ਇਹ ਬਿੱਲ 2029 ਤੱਕ ਲਟਕ ਗਿਆ ਹੈ।
ਮਲਿਕ ਨੇ ਕਿਹਾ ਕਿ ਕਾਂਗਰਸ ਨੇ 70 ਸਾਲ ਰਾਜ ਕਰਨ ਦੇ ਬਾਵਜੂਦ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਅਤੇ ਹੁਣ ਵੀ ਇਸਦਾ ਵਿਰੋਧ ਕਰ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਨੇ ਬਿੱਲ ਨੂੰ ਲਾਗੂ ਹੋਣ ਤੋਂ ਰੋਕਣ ਲਈ ਸਾਜ਼ਿਸ਼ ਰਚੀ। ਮੋਦੀ ਜੀ ਨੇ ਕਿਹਾ ਹੈ ਕਿ ਭਵਿੱਖ ਵਿੱਚ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਜ਼ਰੂਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਅੱਧੀ ਆਬਾਦੀ ਨੂੰ ਸਸ਼ਕਤ ਬਣਾਉਣ ਦਾ ਇਤਿਹਾਸਕ ਮੌਕਾ ਆਇਆ ਤਾਂ ਕਾਂਗਰਸ ਨੇ ਨਾਰੀ ਸਨਮਾਨ ਦੀ ਅਣਦੇਖੀ ਕੀਤੀ। ਮਲਿਕ ਨੇ ਇਸਨੂੰ ਗੰਭੀਰ ਅਪਰਾਧ ਕਰਾਰ ਦਿੱਤਾ ਅਤੇ ਕਿਹਾ ਕਿ ਦੇਸ਼ ਦੀ ਮਾਤਾ ਸ਼ਕਤੀ ਇਸਨੂੰ ਕਦੇ ਨਹੀਂ ਭੁੱਲੇਗੀ। ਉਨ੍ਹਾਂ ਕਿਹਾ ਕਿ ਮਹਿਲਾ ਰਾਜਨੀਤਿਕ ਸਸ਼ਕਤੀਕਰਨ ਤਿੰਨ ਮੁੱਖ ਸਿਧਾਂਤਾਂ ’ਤੇ ਅਧਾਰਿਤ ਹੈ—ਪੁਰਸ਼ਾਂ ਅਤੇ ਮਹਿਲਾਵਾਂ ਵਿਚ ਸਮਾਨਤਾ, ਮਹਿਲਾਵਾਂ ਨੂੰ ਪੂਰੇ ਵਿਕਾਸ ਦਾ ਅਧਿਕਾਰ ਅਤੇ ਖੁਦ ਪ੍ਰਤਿਨਿਧਿਤਾ ਦਾ ਹੱਕ। ਪਰ ਵਿਰੋਧੀ ਪਾਰਟੀਆਂ ਨੇ ਇਸ ਵਿੱਚ ਰੁਕਾਵਟ ਪਾਈ ਹੈ।
ਮਲਿਕ ਨੇ ਕਵੀ ਦਿਨਕਰ ਦੀਆਂ ਲਾਈਨਾਂ ਦੋਹਰਾਉਂਦਿਆਂ ਕਿਹਾ, “ਹੁਣ ਯਾਚਨਾ ਨਹੀਂ, ਰਣ ਹੋਵੇਗਾ।” ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਆਪਣੇ ਹੱਕ ਲਈ ਸੜਕਾਂ ’ਤੇ ਉਤਰ ਚੁੱਕੀਆਂ ਹਨ। ਉਨ੍ਹਾਂ ਨੇ ਰਾਜਾ ਰਾਮ ਮੋਹਨ ਰਾਏ, ਡਾ. ਅੰਬੇਡਕਰ, ਅਟਲ ਬਿਹਾਰੀ ਵਾਜਪੇਈ ਅਤੇ ਨਰਿੰਦਰ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਤਿਹਾਸ ਵਿੱਚ ਹਮੇਸ਼ਾਂ ਮਹਿਲਾਵਾਂ ਦੇ ਸਨਮਾਨ ਲਈ ਸੰਘਰਸ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 11 ਸਾਲਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧੀ ਹੈ ਅਤੇ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਜਿਨਾਂ ਵਿੱਚ ਮਹਿਲਾ ਸ਼ਕਤੀ ਦੇ ਕਲਿਆਣ ਨੂੰ ਪ੍ਰਮੁਖਤਾ ਦਿੱਤੀ ਗਈ ਹੈ।ਅੰਤ ਵਿੱਚ ਮਲਿਕ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮਹਿਲਾਵਾਂ ਦੇ ਹੱਕਾਂ ਨਾਲ ਖਿਲਵਾੜ ਦੇਸ਼ ਦੀ ਨਾਰੀ ਸ਼ਕਤੀ ਹਮੇਸ਼ਾਂ ਯਾਦ ਰੱਖੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਜਵਾਬ ਦੇਵੇਗੀ।
Click to Follow Babushahi Facebook page →