ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀਆਂ ਨੀਤੀਆਂ ਵਿਰੁੱਧ ਮੀਟਿੰਗ ਕੀਤੀ, 9 ਮਈ ਨੂੰ ਰੋਸ ਰੈਲੀ ਕਰਨ ਦਾ ਕੀਤਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ 5 ਮਈ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ਤੇ ਅਧਿਆਪਕ ਆਗੂਆਂ ਨੇ ਮੀਟਿੰਗ ਕੀਤੀ।ਮੀਟਿੰਗ ਉਪਰੰਤ ਅਧਿਆਪਕ ਆਗੂਆਂ ਕੁਲਦੀਪ ਪੂਰੋਵਾਲ, ਅਨਿਲ ਕੁਮਾਰ ਲਾਹੌਰੀਆ,ਰਜਨੀ ਪਰਕਾਸ਼, ਅਮਨਵੀਰ ਗੋਰਾਇਆ, ਸਰਬਜੀਤ ਸਿੰਘ,ਬਲਵਿੰਦਰ ਰਾਜ, ਮਨਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਨੂੰ ਰੱਦ ਨਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਮਿਡਲ ਸਕੂਲ ਬੰਦ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ, ਤਰੱਕੀਆਂ ਵਿੱਚ ਅਧਿਆਪਕਾਂ ਨੂੰ ਦੂਰ ਦੁਰੇਡੇ ਭੇਜਿਆ ਗਿਆ ਹੈ,ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, ਪੇ ਕਮਿਸ਼ਨ ਦਾ ਬਕਾਇਆ, ਭੱਤੇ, ਡੀ ਏ ਦੀਆਂ ਕਿਸਤਾਂ ਨਹੀਂ ਦਿੱਤੀਆਂ ਜਾ ਰਹੀਆਂ,4/9/14 ਸਾਲਾਂ ਦੀ ਸੇਵਾ ਤੋਂ ਬਾਅਦ ਦਿੱਤੀ ਜਾਣ ਵਾਲੀ ਤਰੱਕੀ ਵੀ ਬੰਦ ਕੀਤੀ ਗਈ ਹੈ। ਸਕੂਲਾਂ ਵਿੱਚ ਗੈਰ ਵਿਗਿਆਨਕ ਪ੍ਰੋਜੈਕਟ ਚਲਾਏ ਜਾ ਰਹੇ ਹਨ, ਗੈਰ ਵਿਗਿਆਨਕ ਸਿਲੇਬਸ ਤਿਆਰ ਕੀਤਾ ਜਾ ਰਿਹਾ ਹੈ,ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰਤੀ ਅਤੇ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਉਦਘਾਟਨ ਸਮਾਰੋਹ ਸਮੇਂ ਆਉਣ ਵਾਲੀ ਗਰਾਂਟ ਜਾਰੀ ਨਹੀਂ ਕੀਤੀ ਜਾ ਰਹੀ, ਹਜ਼ਾਰਾਂ ਸਕੂਲਾਂ ਵਿੱਚ ਸਫਾਈ ਕਰਮਚਾਰੀ ਅਤੇ ਚੌਂਕੀਦਾਰ ਨਹੀਂ ਦਿੱਤੇ ਜਾ ਰਹੇ। ਗੈਰ ਵਿੱਦਿਅਕ ਕੰਮਾਂ ਵਿੱਚ ਅਧਿਆਪਕਾਂ ਨੂੰ ਲਗਾਇਆ ਜਾ ਰਿਹਾ ਹੈ। ਬਦਲੀਆਂ ਲਈ ਪੋਰਟਲ ਨਹੀਂ ਖੋਲ੍ਹਿਆ ਜਾ ਰਿਹਾ।
ਆਗੂਆਂ ਕਿਹਾ ਕਿ ਜੇਕਰ ਸਿੱਖਿਆ ਦੀ ਬਿਹਤਰੀ ਲਈ ਅਧਿਆਪਕ ਜੱਥੇਬੰਦੀਆਂ ਨਾਲ ਵਿਚਾਰ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਸਲ੍ਹੇ ਹੱਲ ਨਾ ਕੀਤੇ ਤਾਂ 10 ਮਈ ਤੋਂ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਲਗਾਤਾਰ ਝੰਡਾ ਮਾਰਚ ਕੀਤਾ ਜਾਵੇਗਾ।ਗੁਰਦਾਸਪੁਰ ਵਿੱਚ 9 ਮਈ ਨੂੰ ਜਿਲ੍ਹਾ ਪਧਰੀ ਧਰਨਾ ਦਿੱਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਬਲਕਾਰ ਸਿੰਘ, ਸੁਭਾਸ਼ ਧਾਰੀਵਾਲ ਰਾਮੇਸ਼ ਖੁੰਡਾ, ਸੁਭਾਸ਼ ਗੁਰਦਾਸਪੁਰ, ਸਤਿੰਦਰਜੀਤ, ਕੁਲਵੰਤ ਸਿੰਘ, ਪਰਵੀਨ ਕੁਮਾਰ, ਪਵਨ ਕੁਮਾਰ,ਸਲਵਿੰਦਰ ਕੁਮਾਰ, ਕੰਵਰਦੀਪ ਸਿੰਘ, ਜੋਤ ਪਰਕਾਸ਼ ਸਿੰਘ, ਮਦਨ ਲਾਲ ਆਦਿ ਹਾਜ਼ਰ ਸਨ।