‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਨੇ ਵਰ੍ਹਦੇ ਮੀਂਹ 'ਚ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਕੋਠੀ ਢਾਹੀ
- ਨਸ਼ਾ ਤਸਕਰਾਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ-ਐਸ.ਐਸ.ਪੀ, ਸੁਹੇਲ ਕਾਸਿਮ ਮੀਰ
ਰੋਹਿਤ ਗੁਪਤਾ
ਕਾਦੀਆਂ (ਬਟਾਲਾ), 4 ਮਈ 2025 - ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਬਟਾਲਾ ਪੁਲਿਸ ਨੇ ਕਾਦੀਆਂ ਵਿਖੇ ਵਰ੍ਹਦੇ ਮੀਂਹ 'ਚ ਨਸ਼ਾ ਤਸਕਰ ਨਵਸ਼ਰਨ ਦਾਸ ਉਰਫ ਕਾਕਾ ਦੀ ਨਾਜਾਇਜ਼ ਉਸਾਰੀ ਕੋਠੀ ਜੇ.ਸੀ.ਬੀ ਮਸ਼ੀਨ ਲਗਾ ਕੇ ਢਾਹ ਦਿੱਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਟਾਲਾ ਦੇ ਐਸ.ਐਸ.ਪੀ, ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਦੇ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ 06 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਚਾਰ ਪਰਚੇ ਐਨ.ਡੀ.ਪੀ.ਐਸ ਐਕਟ ਤਹਿਤ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ’ਤੇ ਪੁਲਿਸ ਸਟੇਸ਼ਨ ਕਾਦੀਆਂ ਵਿਖੇ 3 ਪਰਚੇ, ਕਾਹਨੂੰਵਾਨ, ਦੀਨਾਨਗਰ ਅਤੇ ਐਸ.ਏ.ਐਸ ਨਗਰ ਵਿਖੇ ਇੱਕ-ਇੱਕ ਪਰਚਾ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਉੱਤੇ ਲੱਗੀਆਂ ਧਰਾਵਾਂ ਅਤੇ ਇਸ ਦੀ ਕੇਸ ਹਿਸਟਰੀ ਤੋਂ ਸਪਸ਼ਟ ਹੈ ਕਿ ਇਹ ਨਸ਼ਾ ਤਸਕਰੀ ਦੇ ਧੰਦੇ ਵਿੱਚ ਲੰਮੇ ਸਮੇਂ ਤੋਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਵਲੋਂ ਨਾਜਾਇਜ਼ ਕਮਾਈ ਨਾਲ ਇਹ ਉਸਾਰੀ ਕੀਤੀ ਗਈ ਸੀ, ਜਿਸਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਢਾਹਿਆ ਗਿਆ ਹੈ।
ਐਸ.ਐਸ.ਪੀ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੈ, ਉੁਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨਾਂ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਮੁੱਖ ਧਾਰਾ ਵਿੱਚ ਆ ਨਹੀਂ ਜਾਂਦੇ ਜਾਂ ਉਹ ਪੰਜਾਬ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਨਹੀਂ ਜਾਂਦੇ।
ਐਸ.ਐਸ.ਪੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ੍ਰੀ ਗੌਰਵ ਯਾਦਵ ਵੱਲੋਂ ਇਸ ਬਾਬਤ ਬੜੀਆਂ ਸਪੱਸ਼ਟ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਐਸ.ਐਸ.ਪੀ ਬਟਾਲਾ ਨੇ ਅੱਗੇ ਕਿਹਾ ਕਿ ਬਟਾਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਬਟਾਲਾ ਪੁਲਿਸ ਵਲੋਂ ਪਿਛਲੇ ਦੋ ਮਹੀਨਿਆਂ ਵਿੱਚ 250 ਪਰਚੇ ਦਰਜ ਕੀਤੇ ਗਏ ਹਨ। ਨਸ਼ਾ ਤਸਕਰਾਂ ਦੀਆਂ 52 ਸੰਪੰਤੀ ਕਾਨੂੰਨੀ ਕਾਰਵਾਈ ਕਰਦਿਆਂ ਅਟੈਚ ਕੀਤੀ ਗਈ ਹੈ, ਜਿਸ ਦੀ ਕੀਮਤ ਕਰੀਬ 28 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਤੇ ਵਾਰਡ ਪੱਧਰ 'ਤੇ ਸੁਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਰਹੀ ਹੈ ਅਤੇ 110 ਪਿੰਡਾਂ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਮਤੇ ਪਾਏ ਗਏ ਹਨ, ਜਿਸ ਨਾਲ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇਗਾ।
ਐਸ.ਐਸ.ਪੀ ਨੇ ਅੱਗੇ ਕਿਹਾ ਕਿ ਸਾਡੇ ਲਈ ਸਾਡੇ ਬੱਚੇ , ਸਾਡੀ ਜਵਾਨੀ ਨੂੰ ਸੰਭਾਲਣਾ ਬੇਹੱਦ ਜਰੂਰੀ ਹੈ , ਜੋ ਕਿ ਇਨਾਂ ਤਸਕਰਾਂ ਦੇ ਘਟੀਆ ਕੰਮਾਂ ਕਾਰਨ ਨਸ਼ੇ ਦੀ ਚੇਟਕ ਨਾਲ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ।
ਉਨਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਲਈ ਦੀਵਾਰ ਬਣ ਕੇ ਖੜੇ ਹਾਂ ਅਤੇ ਜੋ ਵਿਅਕਤੀ ਨਸ਼ਾ ਪੀਂਦੇ ਹਨ ਉਨਾਂ ਨੂੰ ਇਸ ਦਾ ਰੋਗੀ ਜਾਣ ਕੇ ਇਲਾਜ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਰਾਜੇਸ਼ ਕੱਕੜ, ਡੀ.ਐਸ.ਪੀ ਕਾਦੀਆਂ, ਭੁਪਿੰਦਰ ਸਿੰਘ ਈ.ਓ ਕਾਦੀਆਂ, ਨਿਰਮਲ ਸਿੰਘ ਐਸ.ਐਚ.ਓ ਕਾਦੀਆਂ, ਐਸ.ਐਚ.ਓਜ਼ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ।