ਨੰਗਲ ਡੈਮ ਦਾ ਮੰਤਰੀ ਹਰਜੋਤ ਬੈਂਸ ਨੇ ਕੀਤਾ ਦੌਰਾ, AAP ਵਰਕਰ ਵੀ ਡਟੇ ਪਹਿਰੇ 'ਤੇ...!
ਪ੍ਰਮੋਦ ਭਾਰਤੀ
ਨੰਗਲ 04 ਮਈ 2025- ਪੰਜਾਬ ਦੇ ਕਿਸਾਨਾਂ ਲਈ ਪਾਣੀ ਜੀਵਨ ਧਾਰਾ ਹੈ, ਸਮੁੱਚੇ ਪੰਜਾਬ ਦੀ ਆਰਥਿਕਤਾ ਕਿਰਸਾਨੀ ਤੇ ਨਿਰਭਰ ਹੈ ਅਤੇ ਕਿਸਾਨਾਂ ਲਈ ਪਾਣੀ ਦਾ ਮਹੱਤਵ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਖੂਬੀ ਸਮਝਦੇ ਹਨ। ਪੰਜਾਬ ਸਰਕਾਰ ਪਾਣੀਆਂ ਬਾਰੇ ਲਏ ਫੈਸਲੇ ਤੇ ਅਡੋਲ ਖੜੀ ਹੈ। ਸਾਡੇ ਹੱਕਾਂ ਤੇ ਹਿੱਤਾਂ ਤੇ ਡਾਕਾ ਨਹੀ ਮਾਰਿਆ ਜਾ ਸਕਦਾ, ਇਸ ਲਈ ਪਾਣੀਆਂ ਦੀ ਪਹਿਰੇਦਾਰੀ ਨਿਰੰਤਰ ਜਾਰੀ ਰਹੇਗੀ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਨੰਗਲ ਡੈਮ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੇ ਹਾਂ। ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁੱਦ ਨੰਗਲ ਡੈਮ ਦਾ ਦੌਰਾ ਕਰ ਚੁੱਕੇ ਹਨ, ਭਲਕੇ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਇਆ ਗਿਆ ਹੈ। ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਪੰਜਾਬ ਸਰਕਾਰ ਲੜ ਰਹੀ ਹੈ। ਭਾਜਪਾ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਨਹੀ ਮਾਰ ਸਕਦੇ।
ਉਨ੍ਹਾਂ ਨੇ ਕਿਹਾ ਕਿ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨਿਰੰਤਰ ਨੰਗਲ ਡੈਮ ਤੇ ਪਹਿਰਾ ਦੇ ਰਹੇ ਹਨ, ਗੈਰ ਕਾਨੂੰਨੀ ਤਰੀਕੇ ਨਾਲ ਪਾਣੀ ਦੀ ਵਾਧੂ ਮਾਤਰਾ ਅਸੀ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ। ਸਾਡਾ ਝੋਨੇ ਦੀ ਲਵਾਈ ਦਾ ਸੀਜ਼ਨ ਨੇੜੇ ਹੈ ਤੇ ਸਾਡੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਜਰੂਰਤ ਹੈ।
ਇਸ ਲਈ ਅਸੀ ਆਪਣੀ ਜੀਵਨ ਧਾਰਾਂ ਦੀ ਰਾਖੀ ਕਰ ਰਹੇ ਹਾਂ। ਉਨ੍ਹਾਂ ਨੇ ਨੰਗਲ ਡੈਮ ਤੋ ਛੱਡੇ ਜਾ ਰਹੇ ਪਾਣੀ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਕਿਹਾ ਕਿ ਪੰਜਾਬ ਦੇ ਲੋਕ ਭਰੋਸਾ ਰੱਖਣ ਹੁਣ ਉਨ੍ਹਾਂ ਦੇ ਹਿੱਤ ਭਗਵੰਤ ਮਾਨ ਸਰਕਾਰ ਦੇ ਹੱਥਾਂ ਵਿਚ ਪੂਰੀ ਤਰਾਂ ਸੁਰੱਖਿਅਤ ਹਨ।
ਬੈਂਸ ਨੇ ਦੱਸਿਆ ਕਿ ਭਾਰੀ ਬਰਸਾਤਾਂ ਦੌਰਾਨ ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਂਦੇ ਹਨ, ਭਾਖੜਾ ਡੈਮ ਦਾ ਪੱਧਰ ਵੱਧ ਜਾਦਾ ਹੈ ਅਤੇ ਸਵਾਂ ਨਦੀ ਵਿੱਚ ਵੀ ਫਲੱਡ ਫਲੈਸ਼ ਹੁੰਦਾ ਹੈ ਤੇ ਵਾਧੂ ਪਾਣੀ ਆਉਣ ਨਾਲ ਸਾਡੇ ਇਸ ਇਲਾਕੇ ਦੇ ਪਿੰਡ ਪ੍ਰਭਾਵਿਤ ਹੁੰਦੇ ਹਨ ਉਸ ਸਮੇਂ ਇਹ ਵਾਧੂ ਪਾਣੀ ਲੈਣ ਲਈ ਕੋਈ ਵੀ ਰਾਜ ਸਰਕਾਰ ਹਾਮੀ ਨਹੀ ਭਰਦੀ, ਹੁਣ ਜਦੋਂ ਸਾਡੇ ਸੂਬੇ ਦੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਜਰੂਰਤ ਹੈ ਅਜਿਹੇ ਵਿਚ ਅਸੀ ਕਿਸ ਤਰਾਂ ਹੋਰ ਸੂਬਿਆਂ ਨੂੰ ਵਾਧੂ ਪਾਣੀ ਗੈਰ ਕਾਨੂੰਨੀ ਤਰੀਕੇ ਨਾਲ ਦੇ ਸਕਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਸਾਡੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨਾਲ ਅਸੀ ਇਸ ਸਾਲ 10 ਹਜ਼ਾਰ ਏਕੜ ਵਾਧੂ ਰਕਬੇ ਵਿੱਚ ਸਿੰਚਾਈ ਲਈ ਪ੍ਰਬੰਧ ਕਰ ਸਕੇ ਹਾਂ।
ਸਾਡੀ ਯੋਜਨਾ ਭਵਿੱਖ ਵਿੱਚ ਚੰਗਰ ਦੇ ਚੱਪੇ ਚੱਪੇ ਤੱਕ ਨੀਮ ਪਹਾੜੀ ਇਲਾਕੇ ਦੇ ਖੇਤਾਂ ਨੂੰ ਪਾਈਪ ਲਾਈਨ ਰਾਹੀ ਲਿਫਟ ਸਿੰਚਾਈ ਯੋਜਨਾ ਤਿਆਰ ਕਰਕੇ ਪਾਣੀ ਪਹੁੰਚਾਉਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਨਹਿਰਾਂ, ਦਰਿਆਵਾ ਦੇ ਨਜ਼਼ਰ ਰੱਖ ਰਹੇ ਹਾਂ, ਕਮਜੋਰ ਬੰਨ ਮਜਬੂਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਮਾਨ ਸਰਕਾਰ ਉਨ੍ਹਾਂ ਦੇ ਹੱਕਾਂ ਤੇ ਹਿੱਤਾ ਦੀ ਲੜਾਈ ਭਲੀ ਭਾਂਤ ਲੜ ਸਕਦੀ ਹੈ। ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਭੰਗਲ, ਦਲਜੀਤ ਕਾਕਾ, ਬਲਰਾਮ ਨਿੱਕੂ ਨੰਗਲ ਵੀ ਮੋਜੂਦ ਸਨ।