ਭਾਜਪਾ ਨੇ ਪ੍ਰਸਾਸ਼ਨ ਨੂੰ ਸੌਂਪਿਆ ਮੰਗ ਪੱਤਰ, ਵਧ ਰਹੇ ਅੱਤਵਾਦ ਦੇ ਖ਼ਤਰੇ ‘ਤੇ ਕੇਂਦਰ ਦੇ ਆਦੇਸ਼ਾਂ ਨੂੰ ਲਾਗੂ ਕਰਨ ਦੀ ਮੰਗ
ਰੂਪਨਗਰ ਭਾਜਪਾ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਤਿੱਖੀ ਅਤੇ ਕੜੀ ਕਾਰਵਾਈ ਦੀ ਮੰਗ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 5 ਮਈ 2025: ਭਾਜਪਾ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਅਤੇ ਨਿਰਦੇਸ਼ਾਂ ਹੇਠ ਰੂਪਨਗਰ ਭਾਜਪਾ ਟੀਮ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਸ਼ੱਕੀ ਅਤੇ ਅਣਪਛਾਤੇ ਪਾਕਿਸਤਾਨੀ ਨਾਗਰਿਕਾਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਨੂੰ ਸੂਚੀਵੱਧ ਕਰਨ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਹਾਂਸਚਿਵ ਰਮਨ ਜਿੰਦਲ ਅਤੇ ਐਡਵੋਕੇਟ ਰਮਿਤ ਕੇਹਰ ਨੇ ਦੱਸਿਆ ਕਿ ਇਹ ਪਹਿਲ ਜੰਮੂ-ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ 22 ਅਪ੍ਰੈਲ, 2025 ਨੂੰ ਹੋਏ ਆਤੰਕੀ ਹਮਲੇ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਬੇਗੁਨਾਹ ਅਤੇ ਨਿਹੱਥੇ ਭਾਰਤੀ ਨਾਗਰਿਕਾਂ ਨੂੰ ਬੇਰਹਮੀ ਨਾਲ ਮਾਰ ਦਿੱਤਾ ਗਿਆ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਸਤਰਕਤਾ ਵਜੋਂ ਸਖ਼ਤ ਕਦਮ ਚੁੱਕਦੇ ਹੋਏ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਹਨ।
ਗ੍ਰਹਿ ਮੰਤਰਾਲਾ ਵੱਲੋਂ ਜਾਰੀ ਹੁਕਮਾਂ ਅਤੇ ਵਿਦੇਸ਼ੀ ਐਕਟ 1946 ਦੀ ਧਾਰਾ 3(1) ਅਧੀਨ ਪ੍ਰਾਪਤ ਅਧਿਕਾਰਾਂ ਦੇ ਅਧਾਰ ’ਤੇ ਇਹ ਫੈਸਲਾ ਲਿਆ ਗਿਆ ਹੈ ਕਿ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਤਤਕਾਲ ਪ੍ਰਭਾਵ ਨਾਲ ਰੱਦ ਕੀਤੀਆਂ ਗਈਆਂ।
ਇਸ ਸੰਦਰਭ ਵਿੱਚ ਭਾਜਪਾ ਰੂਪਨਗਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਜ਼ਿਲ੍ਹੇ ਵਿੱਚ ਰਹਿ ਰਹੇ ਸਾਰੇ ਅਣਪਛਾਤੇ ਪਾਕਿਸਤਾਨੀ ਨਾਗਰਿਕਾਂ ਦੀ ਤੁਰੰਤ ਪਛਾਣ ਕਰਕੇ ਤਿੱਖੀ ਅਤੇ ਦ੍ਰਿੜ਼ ਕਾਰਵਾਈ ਯਕੀਨੀ ਬਣਾਈ ਜਾਵੇ।
ਭਾਜਪਾ ਆਗੂਆਂ ਨੇ ਕਿਹਾ ਕਿ ਇਹ ਇਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਜਨਸੁਰੱਖਿਆ ਦੇ ਮੱਦੇਨਜ਼ਰ ਨਾਲ ਕਿਸੇ ਵੀ ਕਿਸਮ ਦੀ ਢਿੱਲ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਸਾਬਤ ਹੋ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਨਤਾ ਦਾ ਭਰੋਸਾ ਬਣਾਈ ਰੱਖਦਿਆਂ ਸਮੇਂ ਸਿਰ ਢੁਕਵੀਂ ਕਾਰਵਾਈ ਕਰੇ।
ਇਸ ਮੌਕੇ ਤੇ ਜ਼ਿਲ੍ਹਾ ਮਹਾਮੰਤਰੀ ਰਮਨ ਜਿੰਦਲ, ਸੁਖਬੀਰ ਸਿੰਘ ਤੰਬੜ, ਰਮਿਤ ਕੇਹਰ, ਜਗਦੀਸ਼ ਚੰਦ ਕਾਜਲਾ, ਐਡਵੋਕੇਟ ਅਮਨਪ੍ਰੀਤ ਕਾਬੜਵਾਲ, ਅਰਸ਼ੀ ਆਜ਼ਮਪੁਰ, ਸੁਰਿੰਦਰਪਾਲ ਸੇਠੀ, ਜਸਪ੍ਰੀਤ ਸਿੰਘ, ਸ਼੍ਰੀ ਕ੍ਰਿਪਲਾਨੀ, ਅਭਿਸ਼ੇਕ ਅਗਨਿਹੋਤਰੀ, ਹਿੰਮਤ ਸਿੰਘ ਗਿਰਨ, ਟੋਨੀ ਵਰਮਾ, ਸਤਿੰਦਰ ਨਾਗੀ, ਸੰਜੈ ਪ੍ਰਤਾਪ ਜੈਨ, ਪਰਮਜੀਤ ਸਿੰਘ ਰੋਲੂ ਮਾਜਰਾ, ਮੋਨੂ ਵਰਮਾ ਸਮੇਤ ਕਈ ਭਾਜਪਾ ਅਧਿਕਾਰੀ ਅਤੇ ਵਰਕਰ ਹਾਜ਼ਰ ਸਨ।