ਅਮਨ ਅਰੋੜਾ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਦੀ ਸਖਤ ਨਿਖੇਧੀ
• ਹਮਲੇ ਦੇ ਮ੍ਰਿਤਕਾਂ ਦੀ ਯਾਦ ’ਚ ਸ਼ਰਧਾ ਦੇ ਫੁੱਲ ਭੇਟ ਕੀਤੇ, ਪਰਿਵਾਰਾਂ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕੀਤਾ
• ਹਮਲਾਵਰਾਂ ਨੂੰ ਘਰਾਂ ’ਚ ਵੜਕੇ ਮਾਰਨ ਦਾ ਸਮਾਂ, ਗੁਆਂਢੀ ਮੁਲਕ ਦੇ ਸਪਾਂਸਰਡ ਹਮਲਿਆਂ ਲਈ ਸਬਕ ਸਿਖਾਉਣਾ ਸਮੇਂ ਦੀ ਲੋੜ
• 140 ਕਰੋੜ ਜਨਤਾ ਦੀ ਸੁਰੱਖਿਆ ਲਈ ਦੇਸ਼ ਨੂੰ ਫੁੱਲ ਟਾਈਮ ਗ੍ਰਹਿ ਮੰਤਰੀ ਦੀ ਲੋੜ
ਚੰਡੀਗੜ੍ਹ/ ਹੁਸ਼ਿਆਰਪੁਰ, 24 ਅਪ੍ਰੈਲ 2025 - ਪੰਜਾਬ ਦੇ ਸੁਚੱਜਾ ਪ੍ਰਸ਼ਾਸਨ, ਸੂਚਨਾ ਤਕਨਾਲੋਜੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਾਹਰ ਕਰਦਿਆਂ ਉਨ੍ਹਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲੇ ਪਏ ਘਾਟੇ ਲਈ ਦੁੱਖ ਸਾਂਝਾ ਕੀਤਾ।
ਹੁਸ਼ਿਆਰਪੁਰ ਵਿਖੇ ਸ੍ਰੀ ਬੜੇ ਹਨੂੰਮਾਨ ਜੀ ਮੰਦਰ ਅਤੇ ਸ੍ਰੀ ਕੇਸ਼ੋ ਮੰਦਰ ਵਿਖੇ ਮ੍ਰਿਤਕਾਂ ਦੀ ਯਾਦ ਵਿਚ ਪ੍ਰਾਰਥਨਾ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਚਰਨਾਂ ਵਿਚ ਨਿਵਾਸ ਅਤੇ ਪਰਿਵਾਰਾਂ ਨੂੰ ਏਡਾ ਵੱਡਾ ਦੁੱਖ ਸਹਿਣ ਕਰਨ ਲਈ ਬਲ ਬਖਸ਼ਣ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੱਤਵਾਦੀ ਗਤੀਵਿਧੀਆਂ ਅਤੇ ਪਹਿਲਗਾਮ ਦੇ ਹਮਲਾਵਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵੜਕੇ ਮਾਰਿਆ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਪਾਂਸਰਡ ਇਸ ਹਮਲੇ ਅਤੇ ਇਸ ਦੇ ਸਾਜਿਸ਼ਘਾੜਿਆਂ ਨੂੰ ਖਤਮ ਕਰਨਾ ਸਮੇਂ ਦੀ ਮੁੱਖ ਮੰਗ ਹੈ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਹੋਰਨਾਂ ਸ਼ਖਸੀਅਤਾਂ ਸਮੇਤ ਪਹਿਲਗਾਮ ਹਮਲੇ ਦੇ 26 ਮ੍ਰਿਤਕਾਂ ਨੂੰ ਯਾਦ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਵਾਸੀਆਂ ਲਈ ਇਹ ਬਹੁਤ ਹੀ ਦੁੱਖਦਾਈ ਅਤੇ ਅਸਹਿ ਘਟਨਾ ਹੈ ਜਿਸ ਲਈ ਸਾਰਾ ਦੇਸ਼ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾਵਾਂ ਅਤੇ ਹਮਲਾਵਰਾਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ । ਉਨ੍ਹਾਂ ਕਿਹਾ ਕਿ ਕਸ਼ਮੀਰ ਘੁੰਮਣ-ਫਿਰਨ ਗਏ ਸੈਲਾਨੀਆਂ ’ਤੇ ਬਹੁਤ ਮਾੜਾ ਹਮਲਾ ਹੋਇਆ ਹੈ ਜਿਸ ਦੀ ਦੇਸ਼-ਵਿਦੇਸ਼ ਵਿਚ ਸਖਤ ਨਿਖੇਧੀ ਹੋ ਰਹੀ ਹੈ।
ਮੰਦਰਾਂ ਵਿਚ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਹਮਲੇ ਸਬੰਧੀ ਸਾਡੀਆਂ ਖੁਫੀਆ ਏਜੰਸੀਆਂ ਕੋਲ ਜਾਣਕਾਰੀ ਦੀ ਘਾਟ ਅਤੇ ਘਾਟੀ ਵਿਚ ਲੋੜੀਂਦੀ ਗਿਣਤੀ ਵਿਚ ਫੋਰਸ ਦੀ ਤਾਇਨਾਤੀ ਨਹੀਂ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਵਿਚ 1,80,000 ਆਸਾਮੀਆਂ ਖਾਲੀ ਹਨ ਜਿਹੜੀਆਂ ਕਿ ਸੁਰੱਖਿਆ ਦੇ ਮੱਦੇਨਜ਼ਰ ਭਰੀਆਂ ਜਾਣੀਆਂ ਚਾਹੀਦੀਆਂ ਸਨ ਤਾਂ ਜੋ ਦੇਸ਼ ਅਤੇ ਨਾਗਰਿਕਾਂ ਨੂੰ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਬਚਾਇਆ ਜ ਸਕੇ।
ਉਨ੍ਹਾਂ ਕਿਹਾ ਕਿ ਸਿਰਫ਼ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲਣਾ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕੇ ਹਨ ਕਿ ਹਮਲੇ ਉਪਰੰਤ ਸੁਰੱਖਿਆ ਫੋਰਸਾਂ ਵਲੋਂ ਤੁਰੰਤ ਪਹੁੰਚ ਨਹੀਂ ਯਕੀਨੀ ਬਣਾਈ ਗਈ ਜਦਕਿ ਸੈਲਾਨੀਆਂ ਦੀ ਭਾਰੀ ਗਿਣਤੀ ਵਾਲੀ ਏਹੋ ਜਿਹੀ ਥਾਂ ’ਤੇ ਲੋੜੀਂਦੀ ਗਿਣਤੀ ਵਿਚ ਨਫਰੀ ਤਾਇਨਾਤ ਹੋਣੀ ਚਾਹੀਦੀ ਸੀ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕ ਲੈਂਦੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਫੁੱਲ ਟਾਈਮ ਗ੍ਰਹਿ ਮੰਤਰੀ ਦੀ ਲੋੜ ਹੈ ਕਿਉਂਕਿ ਮੌਜੂਦਾ ਗ੍ਰਹਿ ਮੰਤਰੀ ਸਰਕਾਰਾਂ ਦੇ ਜੋੜ-ਤੋੜ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੀ 140 ਕਰੋੜ ਦੀ ਆਬਾਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਏ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਵਾਈਸ ਚੇਅਰਮੈਨ ਐਚ.ਐਸ. ਬਖਸ਼ੀ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਅਤੇ ਹੋਰ ਮੌਜੂਦ ਸਨ।