ਆਸਟਰੇਲੀਆ ਦੇ MP ਡਾਇਲਨ ਵਾਈਟ ਨੇ ਸਪੀਕਰ ਕੁਲਤਾਰ ਸੰਧਵਾਂ ਨਾਲ ਕੀਤੀ ਮੁਲਾਕਾਤ
- ਦੋਵਾਂ ਦੇਸ਼ਾਂ ਨੂੰ ਸਿੱਖਿਆ, ਸਿਹਤ, ਖੇਡਾਂ ਅਤੇ ਖੇਤੀਬਾੜੀ ਵਿੱਚ ਸਹਿਯੋਗ ਕਰਨ ਦੀ ਲੋੜ ਅਤੇ ਪੰਜਾਬ ਵਿੱਚ ਲਿਆਉਣੀਆਂ ਚਾਹੀਦੀਆਂ ਅਤਿ-ਆਧੁਨਿਕ ਤਕਨਾਲੋਜੀਆਂ : ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ, 24 ਅਪ੍ਰੈਲ 2025: ਆਸਟਰੇਲੀਆ ਦੇ ਟਾਰਨੀਟ ਹਲਕੇ ਤੋਂ ਸੰਸਦ ਮੈਂਬਰ ਡਾਇਲਨ ਵਾਈਟ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ, ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕੀਤੀ।
ਸਪੀਕਰ ਸੰਧਵਾਂ ਨੇ ਆਸਟਰੇਲੀਆ ਅਤੇ ਭਾਰਤ ਵਿਚਕਾਰ ਸਿੱਖਿਆ, ਸਿਹਤ, ਖੇਡਾਂ ਅਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਹੋਰ ਵਧੇਰੇ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਂਝੇਦਾਰੀਆਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਪਹੁੰਚਾਉਣਗੀਆਂ।
ਉਨ੍ਹਾਂ ਨੇ ਆਸਟਰੇਲੀਆਈ ਯੂਨੀਵਰਸਿਟੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀਆਂ ਸਾਂਝੀਆਂ ਕਰਨ ਲਈ ਪੰਜਾਬ-ਅਧਾਰਤ ਸੰਸਥਾਵਾਂ ਨਾਲ ਭਾਈਵਾਲੀ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੇ, ਵਿਸ਼ੇਸ਼ ਤੌਰ ਤੇ ਆਸਟਰੇਲੀਆਈ ਯੂਨੀਵਰਸਿਟੀਆਂ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਚਕਾਰ ਸਹਿਯੋਗ ਦਾ ਪ੍ਰਸਤਾਵ ਰੱਖਿਆ ਤਾਂ ਜੋ ਨਵੀਨਤਾ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਆਪਸੀ ਲਾਭ ਲਿਆ ਜਾ ਸਕੇ।
ਸਪੀਕਰ ਸੰਧਵਾਂ ਨੇ ,ਹਰੀ ਊਰਜਾ ਦੀ ਵਿਕਾਸ ਵਿੱਚ ਪੰਜਾਬ ਦੀਆਂ ਮਹੱਤਵਪੂਰਨ ਸੰਭਾਵਨਾਵਾਂ ’ਤੇ ਚਾਨਣਾ ਪਾਇਆ ਅਤੇ ਡਾਇਲਨ ਵਾਈਟ ਨੂੰ ਇਸ ਖੇਤਰ ਵਿੱਚ ਤਕਨਾਲੋਜੀ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ।
ਸਪੀਕਰ ਨੇ, ਖੇਤੀਬਾੜੀ ਖੇਤਰ ਵਿੱਚ, ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਸਟਰੇਲੀਆ ਤੋਂ ਨਵੇਂ ਢੰਗ ਅਪਣਾ ਕੇ, ਪੰਜਾਬ ਦੇ ਕਿਸਾਨ ਉਤਪਾਦਨ ਨੂੰ ਵਧਾ ਸਕਦੇ ਹਨ ਅਤੇ ਰਾਜ ਦੀ ਖੇਤੀਬਾੜੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੇ ਹਨ।
ਇਸ ਮੌਕੇ ’ਤੇ, ਸਪੀਕਰ ਸੰਧਵਾਂ ਨੇ ਡਾਇਲਨ ਵਾਈਟ ਨੂੰ ਇੱਕ ਰਵਾਇਤੀ ਲੋਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਕੱਚ ਦੀ ਮੂਰਤ ਭੇਟ ਕੀਤੀ। ਸੰਧਵਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਮੀਟਿੰਗ ਦੌਰਾਨ ਐਮ.ਐਲ.ਏ. ਨਰਿੰਦਰ ਕੌਰ ਭਾਰਜ, ਮੈਲਬੌਰਨ ਤੋਂ ਸੁਖਮੀਤ ਸਿੰਘ, ਸਮਾਜਿਕ ਉੱਦਮੀ ਮਨੂ ਸਿੰਘ, ਅਤੇ ਡਾ. ਤਜਿੰਦਰ ਪਾਲ ਸਿੰਘ ਨਲਵਾ ਮੌਜੂਦ ਸਨ।