ਚਿੜੀਆਘਰ ਛੱਤਬੀੜ ਵਿਖੇ 1.33 ਕਰੋੜ ਰੁਪਏ ਦੀ ਲਾਗਤ ਨਾਲ ਤਾਰਬੰਦੀ ਦਾ ਕੰਮ ਪੂਰਾ: ਕਟਾਰੂਚੱਕ
ਹਰਜਿੰਦਰ ਸਿੰਘ ਭੱਟੀ
- ਸੜਕੀ ਹਾਦਸਿਆਂ ਉੱਤੇ ਲੱਗੇਗੀ ਰੋਕ
ਐਸ ਏ ਐਸ ਨਗਰ , ਅਪ੍ਰੈਲ 24, 2025 - ਚਿੜੀਆਘਰ ਛੱਤਬੀੜ ਨੂੰ ਇੱਕ ਵੱਡੇ ਢਾਂਚਾਗਤ ਤੋਹਫੇ ਤਹਿਤ 1.33 ਕਰੋੜ ਰੁਪਏ ਦੀ ਲਾਗਤ ਨਾਲ ਤਾਰਬੰਦੀ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਨਾਲ ਸੜਕੀ ਹਾਦਸਿਆਂ ਨੂੰ ਕਾਫੀ ਠੱਲ੍ਹ ਪਵੇਗੀ।
ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਚਿੜੀਆਘਰ ਛੱਤਬੀੜ ਵਿਖੇ ਇਹ ਜਾਣਕਾਰੀ ਦਿੱਤੀ।
ਇਸ ਮੌਕੇ ਕੁਝ ਹੋਰ ਪ੍ਰੋਜੈਕਟਾਂ ਦੇ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਚਿੜੀਆਘਰ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਸਮੇਂ ਸਮੇਂ ਉੱਤੇ ਵਾਧਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਇੱਥੋਂ ਦੇ ਜੀਵ ਜੰਤੂਆਂ ਅਤੇ ਜਾਨਵਰਾਂ ਦੇ ਢੁਕਵੇਂ ਰੱਖ ਰਖਾਅ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਵੀ ਕੁਦਰਤ ਦੀ ਵੰਨ ਸੁਵੰਨਤਾ ਦਾ ਅਹਿਸਾਸ ਹੋ ਸਕੇ।
ਮੰਤਰੀ ਨੇ ਅੱਗੇ ਦੱਸਿਆ ਕਿ ਚਿੜੀਆਘਰ ਛੱਤਬੀੜ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਖਾਸ ਕਰਕੇ ਸਕੂਲੀ ਅਤੇ ਕਾਲਜੀ ਬੱਚਿਆਂ ਵਿੱਚ ਜੰਗਲੀ ਜੀਵਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਨੂੰ ਮੁੱਖ ਰੱਖਦੇ ਹੋਏ ਸਾਲ 2024-25 ਦੌਰਾਨ ਬਰਡ ਓਰੀਐਂਟੇਸ਼ਨ ਸੈਂਟਰ ਦੀ ਪੁਰਾਣੀ ਇਮਾਰਤ ਨੂੰ ਰੈਨੋਵੇਟ ਕਰਕੇ ਵਾਈਲਡਲਾਈਫ ਸਿਨੇਮਾ ਤਿਆਰ ਕੀਤਾ ਗਿਆ ਹੈ। ਇਸ ਸਿਨੇਮਾ ਵਿੱਚ ਦਰਸ਼ਕਾਂ ਨੂੰ ਜੰਗਲੀ ਜੀਵ ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਇੱਕ ਵਾਰ ਵਿੱਚ 25 ਤੋਂ 30 ਦਰਸ਼ਕ ਇਸ ਸੁਵਿਧਾ ਵਿੱਚ ਬੈਠ ਕੇ ਜੰਗਲੀ ਜੀਵ ਫਿਲਮ ਦੇਖ ਸਕਣਗੇ। ਇਸ ਸਿਨੇਮਾ ਵਿੱਚ ਦਿਖਾਈਆਂ ਜਾਣ ਵਾਲੀਆਂ ਜੰਗਲੀ ਜੀਵਾਂ ਦੀਆਂ ਫਿਲਮਾਂ ਉੱਤੇ ਕੋਈ ਟਿਕਟ ਨਹੀਂ ਹੋਵੇਗੀ।
ਗਰਮੀ ਦੀ ਰੁੱਤ ਵਿੱਚ ਪੀਣ ਵਾਲੇ ਪਾਣੀ ਦੀ ਸੁਵਿਧਾ ਨੂੰ ਹੋਰ ਬਿਹਤਰ ਕਰਨ ਲਈ ਸਾਲ 2024-25 ਵਿੱਚ ਦੋ ਡਰਿੰਕਿੰਗ ਵਾਟਰ ਪੁਆਇੰਟ (ਇੱਕ ਮੇਨ ਐਂਟਰੀ ਗੇਟ ਦੇ ਨੇੜੇ ਅਤੇ ਦੂਜਾ ਵਾਕ-ਇੰਨ-ਅਵੇਰੀ ਦੇ ਨੇੜੇ) ਉਸਾਰੇ ਗਏ ਹਨ ਤਾਂ ਜੋ ਆਉਣ ਵਾਲੇ ਗਰਮੀਆਂ ਦੇ ਦਿਨਾਂ ਵਿੱਚ ਦਰਸ਼ਕਾਂ ਲਈ ਪੀਣ ਵਾਲਾ ਪਾਣੀ ਮੁਹੱਈਆ ਹੋ ਸਕੇ। ਇਸ ਤੋਂ ਪਹਿਲਾਂ ਚਿੜੀਆਘਰ ਛੱਤਬੀੜ ਵਿਖੇ ਕੇਵਲ ਤਿੰਨ ਹੀ ਡਰਿੰਕਿੰਗ ਵਾਟਰ ਪੁਆਇੰਟਸ ਸਨ। ਦੋ ਨਵੇਂ ਡਰਿੰਕਿੰਗ ਵਾਟਰ ਪੁਆਇੰਟਸ ਦੀ ਉਸਾਰੀ ਕਰਨ ਨਾਲ ਕੁੱਲ ਪੰਜ ਡਰਿੰਕਿੰਗ ਵਾਟਰ ਪੁਆਇੰਟ ਹੋ ਜਾਣਗੇ।
ਇਸ ਤੋਂ ਇਲਾਵਾ ਚਿੜੀਆਘਰ ਵਿੱਚ ਮਗਰਮੱਛਾਂ ਦੇ ਪੁਰਾਣੇ ਇੰਨਕਲੋਜ਼ਰ ਨੂੰ ਸੈਂਟਰਲ ਜ਼ੂ ਅਥਾਰਿਟੀ, ਨਵੀਂ ਦਿੱਲੀ ਦੀਆਂ ਗਾਈਡਲਾਈਨਜ਼ ਅਨੁਸਾਰ ਆਧੁਨਿਕ ਕਰਨ ਦੀ ਲੋੜ ਸੀ। ਇਸ ਲਈ ਸਾਲ 2024-25 ਵਿੱਚ ਮਗਰਮੱਛ ਦੇ ਪਿੰਜਰੇ ਦਾ ਆਧੁਨਿਕੀਕਰਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਣਾ ਹੈ। ਇਸ ਪਿੰਜਰੇ ਵਿੱਚ ਸ਼ੀਸ਼ੇ ਰਾਹੀਂ ਦਰਸ਼ਕ ਮਗਰਮੱਛਾਂ ਨੂੰ ਦੇਖ ਸਕਣਗੇ।
ਚਿੜੀਆਘਰ ਵਿਖੇ ਆਉਣ ਵਾਲੇ ਦਰਸ਼ਕਾਂ ਦੀ ਮੁੱਖ ਮੰਗ ਸੀ ਕਿ ਚਿੜੀਆਘਰ ਵਿੱਚ ਇੱਕ ਗਿਫਟ ਸ਼ਾਪ / ਸੋਵੀਨੀਅਰ ਸ਼ੋਪ ਖੋਲੀ ਜਾਵੇ ਤਾਂ ਜੋ ਦਰਸ਼ਕ ਚਿੜੀਆਘਰ ਛੱਤਬੀੜ ਦੇ ਲੋਗੋ ਨਾਲ ਬਣੇ ਹੋਏ ਮੋਮੈਂਟੋਜ ਦੀ ਖਰੀਦ ਕਰ ਸਕਣ ਜੋ ਭਵਿੱਖ ਵਿੱਚ ਉਹਨਾਂ ਦੀ ਯਾਦ ਬਣ ਸਕੇ। ਇਸ ਮਕਸਦ ਨੂੰ ਲੈ ਕੇ ਸਾਲ 2024-25 ਦੌਰਾਨ ਇੱਕ ਸੌਵੀਨੀਅਰ ਸ਼ਾਪ ਸਥਾਪਿਤ ਕੀਤੀ ਗਈ ਹੈ ਜੋ ਕਿ ਲੋਕਾਂ ਨੂੰ ਸਮਰਪਿਤ ਕੀਤੀ ਜਾਣੀ ਹੈ।
ਇਸ ਵੇਲੇ ਚਿੜੀਆਘਰ ਛੱਤਬੀੜ ਵਿਖੇ ਦਰਸ਼ਕਾਂ ਦੀ ਸਹੂਲਤ ਲਈ 28 ਬੈਟਰੀ ਓਪਰੇਟਡ ਵਹੀਕਲ ਅਤੇ 2 ਟ੍ਰੈਕਲੈੱਸ ਟੋਏ ਟ੍ਰੇਨ ਚਲ ਰਹੀਆਂ ਹਨ, ਜਿਹਨਾਂ ਦੀ ਪਾਰਕਿੰਗ ਅਤੇ ਚਾਰਜਿੰਗ ਲਈ ਸ਼ੈਲਟਰ ਨਹੀਂ ਸੀ। ਸਾਲ 2024-25 ਦੌਰਾਨ ਇਹਨਾਂ ਬੈਟਰੀ ਓਪਰੇਟਡ ਵਹੀਕਲਾਂ ਨੂੰ ਚਾਰਜ ਕਰਨ ਅਤੇ ਰਾਤ ਸਮੇਂ ਪਾਰਕ ਕਰਨ ਲਈ ਇੱਕ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿੱਚ ਚਾਰਜਿੰਗ ਸਟੇਸ਼ਨ ਵੀ ਉਪਲੱਬਧ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਨੀਰਜ ਕੁਮਾਰ, ਮੁੱਖ ਵਣਪਾਲ ਜੰਗਲਾਤ (ਜੰਗਲੀ ਜੀਵ) ਸਾਗਰ ਸੇਤੀਆ ਆਦਿ ਵੀ ਹਾਜ਼ਿਰ ਸਨ।