Pahalgam Terror Attack: ਮਾਂ-ਪੁੱਤ ਨੇ ਕਿਹਾ- ਅਸੀਂ ਅੱਖਾਂ ਸਾਹਮਣੇ ਪਤੀ-ਪਿਤਾ ਨੂੰ ਮਰਦੇ ਵੇਖਿਆ...ਪਰ ਅਫ਼ਸੋਸ ਉੱਥੇ ਨਾ ਕੋਈ ਫ਼ੌਜੀ ਸੀ...ਨਾ ਕੋਈ ਪੁਲਿਸ ਵਾਲਾ! (ਵੇਖੋ ਵੀਡੀਓ)
ਮਾਂ-ਪੁੱਤ ਨੇ ਕਿਹਾ- ਅੱਤਵਾਦੀਆਂ ਨੇ ਮਰਦਾਂ ਨੂੰ ਕਲਮਾ ਪੜ੍ਹਨ ਲਈ ਕਿਹਾ...ਜਿਹੜਾ ਨਾ ਪੜ੍ਹ ਸਕਿਆ ਉਹ ਮਾਰ ਦਿੱਤਾ ਗਿਆ...!
ਗੁਰਪ੍ਰੀਤ
ਸੂਰਤ (ਗੁਜਰਾਤ)/ ਚੰਡੀਗੜ੍ਹ, 24 ਅਪ੍ਰੈਲ 2025 - Pahalgam Terror Attack: ਪਹਿਲਗਾਮ ਵਿੱਚ ਅੱਤਵਾਦੀਆਂ ਦੇ ਵੱਲੋਂ ਨਿਹੱਥਿਆਂ ਤੇ ਕੀਤੇ ਹਮਲੇ ਵਿੱਚ ਜਿੱਥੇ 28 ਲੋਕ ਮਾਰੇ ਜਾ ਚੁੱਕੇ ਨੇ, ਉੱਥੇ ਦੇਸ਼ ਭਰ ਦੇ ਅੰਦਰ ਅੱਤਵਾਦ ਦੇ ਖਿਲਾਫ਼ ਲੋਕਾਂ ਦੇ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੁਨੀਆ ਦੇ ਲੋਕ ਇਸ ਹਮਲੇ ਦੀ ਨਿੰਦਾ ਕਰ ਰਹੇ ਹਨ।
ਇਸ ਹਮਲੇ ਵਿੱਚ ਜਿਸ ਮਾਸੂਮ ਬੱਚੇ ਨੇ ਆਪਣੇ ਪਿਤਾ ਨੂੰ ਅਤੇ ਜਿਸ ਔਰਤ ਨੇ ਆਪਣੇ ਪਤੀ ਨੂੰ ਗਵਾਇਆ ਅਤੇ, ਉਨ੍ਹਾਂ ਨੇ ਆਪਣਾ ਦਰਦ ਪਹਿਲੀ ਵਾਰ ਕੈਮਰੇ ਸਾਹਮਣੇ ਬਿਆਨ ਕੀਤਾ ਅਤੇ ਪਹਿਲਗਾਮ ਵਿੱਚ ਕਿੰਝ ਅੱਤਵਾਦੀਆਂ ਨੇ ਹਮਲੇ ਨੂੰ ਅੰਜ਼ਾਮ ਦਿੱਤਾ, ਉਸ ਦੀ ਸਾਰੀ ਜਾਣਕਾਰੀ ਦਿੱਤੀ ਹੈ।
ਗੁਜਰਾਤ ਦੇ ਸੂਰਤ ਸ਼ਹਿਰ ਦੇ ਵਰਾਛਾ ਇਲਾਕੇ ਦੇ ਰਹਿਣ ਵਾਲੇ ਸ਼ੈਲੇਸ਼ ਕਾਲਥੀਆ ਨੂੰ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ। ਸ਼ੈਲੇਸ਼ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਪਹਿਲਗਾਮ ਛੁੱਟੀਆਂ ਬਿਤਾਉਣ ਗਿਆ ਸੀ।
ਅੱਤਵਾਦੀਆਂ ਨੇ ਮੇਰੀਆਂ ਅੱਖਾਂ ਸਾਹਮਣੇ ਮੇਰਾ ਪਤੀ ਮਾਰ ਦਿੱਤਾ... ਪਰ ਅਫ਼ਸੋਸ ਸੈਲਾਨੀਆਂ ਦੇ ਇਲਾਕੇ ਚ ਇੱਕ ਵੀ ਫ਼ੌਜੀ ਜਾਂ ਫਿਰ ਪੁਲਿਸ ਵਾਲਾ ਨਹੀਂ ਸੀ- ਸ਼ੀਤਲ ਕਾਲਥੀਆ
ਆਪਣੀ ਪਤੀ ਸ਼ੈਲੇਸ਼ ਦੀ ਦਰਦਨਾਕ ਮੌਤ ਤੇ ਸ਼ੀਤਲ ਕਾਲਥੀਆ, ਕਹਿੰਦੀ ਹੈ, "...ਅਸੀਂ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਲੁਪਣ ਲਈ ਭੱਜੇ, ਪਰ ਜਿਹੜੇ ਪਾਸੇ ਵੀ ਅਸੀਂ ਦੇਖਿਆ, ਪਾਰਕਿੰਗ ਨੂੰ ਘੇਰਾਬੰਦੀ ਕੀਤੀ ਹੋਈ ਸੀ, ਕਿਤੇ ਲੁਕਣ ਲਈ ਕੋਈ ਜਗ੍ਹਾ ਨਹੀਂ ਸੀ।
ਇਸੇ ਦੌਰਾਨ ਅਚਾਨਕ, ਇੱਕ ਅੱਤਵਾਦੀ ਸਾਡੇ ਸਾਹਮਣੇ ਖੜ੍ਹਾ ਹੋ ਗਿਆ... ਉਸਨੇ ਹਿੰਦੂਆਂ ਨੂੰ ਇੱਕ ਪਾਸੇ ਅਤੇ ਮੁਸਲਮਾਨਾਂ ਨੂੰ ਦੂਜੇ ਪਾਸੇ ਹੋਣ ਦਾ ਹੁਕਮ ਦਿੱਤਾ... ਜਦੋਂ ਅੱਤਵਾਦੀ ਨੇ ਹਰੇਕ ਵਿਅਕਤੀ ਨੂੰ 'ਕਲਮਾ' ਪੜ੍ਹਨ ਲਈ ਕਿਹਾ, ਤਾਂ ਮੁਸਲਮਾਨਾਂ ਨੇ 'ਮੁਸਲਮਾਨ' ਕਹਿ ਕੇ ਜਵਾਬ ਦਿੱਤਾ... ਫਿਰ ਉਸਨੇ ਹਿੰਦੂ ਮਰਦਾਂ ਨੂੰ ਅਲੱਗ ਕਰਕੇ ਸਾਰਿਆਂ ਨੂੰ ਗੋਲੀ ਮਾਰ ਦਿੱਤੀ।
ਸ਼ੀਤਲ ਕਾਲਥੀਆ, ਕਹਿੰਦੀ ਹੈ ਕਿ ਅੱਤਵਾਦੀ ਕੋਲ ਇੱਕ ਲੰਮੀ ਬੰਦੂਕ ਸੀ, ਜਿਸ ਦੇ ਉੱਪਰ ਕੈਮਰਾ ਲੱਗਾ ਹੋਇਆ ਸੀ... ਉਹ ਉੱਥੇ ਹੀ ਖੜ੍ਹਾ ਰਿਹਾ, ਉਨ੍ਹਾਂ ਲੋਕਾਂ ਦੇ ਮਰਨ ਦਾ ਇੰਤਜ਼ਾਰ ਕਰ ਰਿਹਾ ਸੀ ਜਿਨ੍ਹਾਂ ਨੂੰ ਉਸਨੇ ਗੋਲੀ ਮਾਰੀ ਸੀ... ਅੱਤਵਾਦੀ ਨੇ ਸਾਡੇ ਸਾਹਮਣੇ 6-7 ਮਰਦਾਂ ਨੂੰ ਗੋਲੀ ਮਾਰੀ।
ਅੱਤਵਾਦੀ ਨੇ ਉਨ੍ਹਾਂ ਨੂੰ (ਮਰਦਾਂ ਨੂੰ) ਇੰਨੇ ਕੋਲੋਂ ਗੋਲੀ ਮਾਰੀ ਕਿ ਗੋਲੀ ਲੱਗਣ ਤੋਂ ਬਾਅਦ ਵੀ ਉਹ ਮਰਦ 2-3 ਮਿੰਟ ਤੋਂ ਵੱਧ ਨਹੀਂ ਜਿਊਂ ਸਕੇ। ਮੇਰੇ ਪਤੀ ਦਾ ਸਿਰ ਮੇਰੀ ਗੋਦ ਵਿੱਚ ਸੀ, ਅਤੇ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ... ਮੈਂ ਹੈਰਾਨ ਹਾਂ ਕਿ ਉੱਥੇ ਬਹੁਤ ਸਾਰੇ ਸੈਲਾਨੀ ਹੋਣ ਦੇ ਬਾਵਜੂਦ, ਇਲਾਕੇ ਵਿੱਚ ਇੱਕ ਵੀ ਫੌਜੀ ਜਾਂ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ... ਅਸੀਂ ਕਸ਼ਮੀਰ ਵਿੱਚ ਕੋਈ ਹਿੰਦੂ-ਮੁਸਲਮਾਨ ਝਗੜਾ ਨਹੀਂ ਦੇਖਿਆ... ਉੱਥੇ ਅਜਿਹਾ ਕੋਈ ਮਾਹੌਲ ਨਹੀਂ ਹੈ।
ਸ਼ੀਤਲ ਅਨੁਸਾਰ, ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਪਾਕਿਸਤਾਨੀ ਹਨ ਜੋ ਅਜਿਹੀਆਂ ਕਾਰਵਾਈ ਕਰਕੇ ਸਾਡੇ ਦੇਸ਼ ਦੇ ਅੰਦਰ ਮਾਹੌਲ ਖ਼ਰਾਬ ਕਰ ਰਹੇ ਹਨ। ਸਰਕਾਰ ਨੂੰ ਇਸ ਤਰ੍ਹਾਂ ਦੀਆਂ ਥਾਵਾਂ 'ਤੇ ਪੂਰੀ ਸੁਰੱਖਿਆ ਦੀ ਗਾਰੰਟੀ ਦੇਣੀ ਚਾਹੀਦੀ ਹੈ ਜਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਖ਼ਤਰਨਾਕ ਇਲਾਕਿਆਂ ਵਿੱਚ ਜਾਣ ਤੋਂ ਰੋਕਣਾ ਚਾਹੀਦਾ ਹੈ। ਸ਼ੀਤਲ ਨੇ ਸਰਕਾਰ ਦੀ ਪੋਲ ਖੋਲ੍ਹਦਿਆ ਕਿਹਾ ਕਿ ਪਹਿਲਗਾਮ ਵਿੱਚ ਜਿੱਥੇ ਲੋਕ ਘੁੰਮਣ ਜਾਂਦੇ ਨੇ, ਉੱਥੇ ਕੁਝ ਵੀ ਨਹੀਂ ਸੀ, ਨਾ ਹਸਪਤਾਲ, ਨਾ ਸੁਰੱਖਿਆ, ਨਾ ਹੀ ਕੋਈ ਹੋਰ ਮਦਦ..."।
ਜਦੋਂ ਸਾਡੇ ਹਮਲਾ ਹੋਇਆ ਤਾਂ, ਉਸ ਤੋਂ ਤਕਰੀਬਨ ਇੱਕ ਘੰਟੇ ਬਾਅਦ ਫੌਜ ਉੱਥੇ ਪਹੁੰਚੀ- ਨਕਸ਼ ਕਾਲਥੀਆ
ਪਹਿਲਗਾਮ ਅੱਤਵਾਦੀ ਹਮਲੇ ਵਿੱਚ ਆਪਣੇ ਪਿਤਾ ਨੂੰ ਗਵਾਉਣ ਵਾਲੇ ਨਕਸ਼ ਕਾਲਥੀਆ ਕਹਿੰਦਾ ਹੈ ਕਿ, "ਅਸੀਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 'ਮਿੰਨੀ ਸਵਿਟਜ਼ਰਲੈਂਡ' ਪੁਆਇੰਟ 'ਤੇ ਸੀ। ਅਸੀਂ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ... ਜਦੋਂ ਸਾਨੂੰ ਪਤਾ ਲੱਗਾ ਕਿ ਅੱਤਵਾਦੀ ਇਲਾਕੇ ਵਿੱਚ ਦਾਖਲ ਹੋ ਗਏ ਹਨ, ਅਸੀਂ ਛੁਪ ਗਏ।
ਪਰ, ਉਹਨਾਂ (ਅੱਤਵਾਦੀਆਂ) ਨੇ ਸਾਨੂੰ ਲੱਭ ਲਿਆ। ਅਸੀਂ ਦੋ ਅੱਤਵਾਦੀਆਂ ਨੂੰ ਦੇਖਿਆ। ਮੈਂ ਸੁਣਿਆ ਕਿ ਉਨ੍ਹਾਂ ਵਿੱਚੋਂ ਇੱਕ ਨੇ ਸਾਰੇ ਮਰਦਾਂ ਨੂੰ ਮੁਸਲਮਾਨ ਅਤੇ ਹਿੰਦੂਆਂ ਨੂੰ ਵੱਖ ਵੱਖ ਹੋਣ ਲਈ ਕਿਹਾ ਅਤੇ ਫਿਰ ਸਾਰੇ ਹਿੰਦੂ ਮਰਦਾਂ ਨੂੰ ਗੋਲੀ ਮਾਰ ਦਿੱਤੀ।
ਨਕਸ਼ ਕਾਲਥੀਆ ਕਹਿੰਦਾ ਹੈ ਕਿ, ਅੱਤਵਾਦੀਆਂ ਨੇ ਮਰਦਾਂ ਨੂੰ 'ਕਲਮਾ' ਤਿੰਨ ਵਾਰ ਪੜ੍ਹਨ ਲਈ ਕਿਹਾ... ਜਿਹੜੇ ਵੀ ਇਸਨੂੰ ਨਹੀਂ ਪੜ੍ਹ ਸਕੇ, ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਜਦੋਂ ਅੱਤਵਾਦੀ ਚਲੇ ਗਏ, ਤਾਂ ਸਥਾਨਕ ਲੋਕਾਂ (ਕਸ਼ਮੀਰੀਆਂ) ਨੇ ਆ ਕੇ ਕਿਹਾ ਕਿ ਜਿਹੜੇ ਵੀ ਬਚ ਗਏ ਹਨ, ਉਹਨਾਂ ਨੂੰ ਤੁਰੰਤ ਪਹਾੜੀ ਥਾਂ ਤੋਂ ਹੇਠਾਂ ਉਤਰ ਜਾਣਾ ਚਾਹੀਦਾ ਹੈ।
ਨਕਸ਼ ਕਾਲਥੀਆ ਕਹਿੰਦਾ ਹੈ ਕਿ, ਜਦੋਂ ਅਸੀਂ ਪਹਾੜੀ ਤੋਂ ਉਤਰੇ, ਤਕਰੀਬਨ ਇੱਕ ਘੰਟੇ ਬਾਅਦ ਫੌਜ ਪਹੁੰਚੀ... ਅੱਤਵਾਦੀ ਮੇਰੇ ਪਿਤਾ ਨੂੰ ਬੋਲਣ ਹੀ ਨਹੀਂ ਦੇ ਰਹੇ ਸਨ... ਉਹਨਾਂ ਨੇ ਮੇਰੀ ਮਾਂ ਨੂੰ ਕੁਝ ਨਹੀਂ ਕਿਹਾ... ਇੱਕ ਅੱਤਵਾਦੀ ਗੋਰਾ ਸੀ ਅਤੇ ਦਾੜ੍ਹੀ ਵਾਲਾ ਸੀ। ਉਸਦੇ ਸਿਰ 'ਤੇ ਕੈਮਰਾ ਬੰਨ੍ਹਿਆ ਹੋਇਆ ਸੀ... ਉਹਨਾਂ ਨੇ ਔਰਤਾਂ ਅਤੇ ਬੱਚਿਆਂ ਨੂੰ ਛੱਡ ਦਿੱਤਾ ਅਤੇ ਬਾਕੀ ਸਭ ਨੂੰ ਗੋਲੀਆਂ ਨਾਲ ਭੁੰਨ ਦਿੱਤਾ..!
ਜੇ ਅੱਤਵਾਦੀਆਂ ਨੇ ਸਾਡੇ ਬੱਚਿਆਂ 'ਤੇ ਹਮਲਾ ਕੀਤਾ ਹੁੰਦਾ, ਤਾਂ ਵੀ ਅਸੀਂ ਇੰਨਾ ਦੁਖੀ ਨਾ ਹੁੰਦੇ, ਜਿਨ੍ਹਾਂ ਅਸੀਂ ਸੈਲਾਨੀਆਂ ਤੇ ਹੋਏ ਹਮਲੇ ਤੋਂ ਦੁਖੀ ਹਾਂ- ਕਸ਼ਮੀਰੀ ਘੋੜ ਸਵਾਰ
ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਕਸ਼ਮੀਰ ਦੇ ਲੋਕਾਂ ਨੂੰ ਗੁੱਸੇ ਵਿੱਚ ਹੈ। ਕਸ਼ਮੀਰੀ ਇਸਨੂੰ ਆਪਣੇ ਉੱਤੇ ਹਮਲਾ ਮੰਨ ਰਹੇ ਹਨ। ਸੈਲਾਨੀਆਂ ਨੂੰ ਘੋੜਿਆਂ 'ਤੇ ਸਵਾਰੀ ਕਰਵਾਉਣ ਵਾਲੇ ਕਸ਼ਮੀਰੀਆਂ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਜੇਕਰ ਅੱਤਵਾਦੀਆਂ ਨੇ ਸਾਡੇ ਬੱਚਿਆਂ 'ਤੇ ਹਮਲਾ ਕੀਤਾ ਹੁੰਦਾ, ਤਾਂ ਵੀ ਅਸੀਂ ਇੰਨਾ ਦੁਖੀ ਨਾ ਹੁੰਦੇ, ਜਿਨ੍ਹਾਂ ਅਸੀਂ ਸੈਲਾਨੀਆਂ ਤੇ ਹੋਏ ਹਮਲੇ ਤੋਂ ਦੁਖੀ ਹਾਂ।
ਪਹਿਲਗਾਮ ਘੁੰਮਣ ਆਉਣ ਵਾਲੇ ਲੋਕ ਚਾਹੇ ਕਿਤੋਂ ਦੇ ਵੀ ਹੋਣ, ਉਹ ਸਾਡੇ ਮਹਿਮਾਨ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਖਿਆਲ ਰੱਖੀਏ। ਪਰ ਅੱਤਵਾਦੀਆਂ ਨੇ ਸਾਡਾ ਸਭ ਕੁਝ ਤਬਾਹ ਕਰ ਦਿੱਤਾ।