ਪੰਜਾਬ 550 ਨਵੇਂ ਬੈੱਡ ਅਤੇ ਵਾਧੂ ਓਟ ਕੇਂਦਰਾਂ ਨਾਲ ਨਸ਼ਾ ਛੁਡਾਊ ਸਮਰੱਥਾ ਨੂੰ ਵਧਾਏਗਾ: ਡਾ. ਬਲਬੀਰ ਸਿੰਘ
- ਓਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਅਧੀਨ ਵਿਅਕਤੀਆਂ ਲਈ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ
ਸੁਖਮਿੰਦਰ ਭੰਗੂ
ਲੁਧਿਆਣਾ, 19 ਅਪ੍ਰੈਲ, 2025 - ਨਸ਼ੇ ਦੀ ਲਤ ਨੂੰ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਨੀਵਾਰ ਨੂੰ ਨਸ਼ਾ ਛੁਡਾਊ ਬੁਨਿਆਦੀ ਢਾਂਚੇ ਦੇ ਮਹੱਤਵਪੂਰਨ ਵਿਸਥਾਰ ਦਾ ਐਲਾਨ ਕੀਤਾ ਜਿਸ ਵਿੱਚ 550 ਨਵੇਂ ਬੈਡ ਅਤੇ ਵਾਧੂ ਆਊਟ-ਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ (ਓਟ) ਕੇਂਦਰਾਂ ਦੀ ਸਥਾਪਨਾ ਸ਼ਾਮਲ ਹੈ।
ਵਿਧਾਇਕ ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਐਸ.ਐਸ.ਪੀ ਡਾ. ਜੋਤੀ ਯਾਦਵ ਬੈਂਸ ਅਤੇ ਡਾ. ਅੰਕੁਰ ਗੁਪਤਾ ਦੇ ਨਾਲ ਨਸ਼ਾ ਵਿਰੋਧੀ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਬਹੁ-ਪੱਖੀ ਰਣਨੀਤੀ ਦੀ ਰੂਪ-ਰੇਖਾ ਦਿੱਤੀ। ਇਸ ਵਿੱਚ ਮੌਜੂਦਾ ਸਹੂਲਤਾਂ ਨੂੰ ਅਪਗ੍ਰੇਡ ਕਰਨਾ, ਨਵੇਂ ਓਟ ਕੇਂਦਰ ਖੋਲ੍ਹਣਾ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਨਸ਼ੇੜੀਆਂ ਲਈ ਹਮਦਰਦੀ ਭਰੇ ਇਲਾਜ ਨਾਲ ਜੋੜਨਾ ਸ਼ਾਮਲ ਹੈ।
ਡਾ. ਸਿੰਘ ਨੇ ਵਿਸਥਾਰ ਵਿੱਚ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਨਸ਼ਾ ਛੁਡਾਊ ਕੇਂਦਰਾਂ ਵਿੱਚ 480 ਬੈਂਡ ਦੀ ਸਮਰੱਥਾ ਹੈ ਅਤੇ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ 550 ਬੈੱਡ ਜੋੜੇ ਜਾਣਗੇ, ਜਿਸ ਵਿੱਚ ਡੀ.ਐਮ.ਸੀ ਹਸਪਤਾਲ ਵਿੱਚ 100 ਬੈੱਡ, ਸੀ.ਐਮ.ਸੀ ਵਿੱਚ 50, ਆਉਣ ਵਾਲੇ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਵਿੱਚ 100, ਨਰਸਿੰਗ ਕਾਲਜ ਵਿੱਚ 190 ਅਤੇ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ 200 ਬੈਂਡ ਸ਼ਾਮਲ ਹਨ। ਇਸ ਦੇ ਨਾਲ ਹੀ ਦੋ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਬੈੱਡ ਵੀ ਸ਼ਾਮਲ ਹਨ। ਨਸ਼ੇੜੀਆਂ ਲਈ ਪਹੁੰਚਯੋਗ, ਉੱਚ-ਗੁਣਵੱਤਾ ਵਾਲੇ ਇਲਾਜ ਨੂੰ ਯਕੀਨੀ ਬਣਾਉਣ ਲਈ ਲੋੜ ਦੇ ਆਧਾਰ 'ਤੇ ਨਵੇਂ ਓਟ ਕੇਂਦਰ ਵੀ ਖੋਲ੍ਹੇ ਜਾਣਗੇ। ਰਿਕਵਰੀ ਨੂੰ ਹੋਰ ਸਹਾਇਤਾ ਕਰਨ ਲਈ ਸਰਕਾਰ ਖੇਤੀਬਾੜੀ ਪਿਛੋਕੜ ਵਾਲੇ ਨਸ਼ੇੜੀਆਂ ਲਈ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੁਨਰ ਸਿਖਲਾਈ ਅਤੇ ਉੱਚ-ਮੁੱਲ ਵਾਲੀਆਂ ਫਸਲਾਂ ਵਿੱਚ ਖੇਤੀਬਾੜੀ ਸਿਖਲਾਈ ਵੀ ਪ੍ਰਦਾਨ ਕਰੇਗੀ। ਇਹ ਪਹਿਲਕਦਮੀਆਂ ਸਵੈ-ਰੁਜ਼ਗਾਰ ਅਤੇ ਲੰਬੇ ਸਮੇਂ ਦੇ ਪੁਨਰਵਾਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ, ਇਹ ਯਕੀਨੀ ਬਣਾਉਣ ਲਈ ਕਿ ਠੀਕ ਹੋਣ ਵਾਲੇ ਵਿਅਕਤੀ ਉਤਪਾਦਕ ਜੀਵਨ ਜੀ ਸਕਦੇ ਹਨ।
ਡਾ. ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ 'ਤੇ ਵੀ ਚਾਨਣਾ ਪਾਇਆ, ਇਹ ਦੱਸਦੇ ਹੋਏ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈੱਟਵਰਕ ਨੂੰ ਕਾਫ਼ੀ ਹੱਦ ਤੱਕ ਤੋੜ ਦਿੱਤਾ ਗਿਆ ਹੈ ਜਿਸਦੇ ਨਾਲ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।