Babushahi Special: ਜੱਟਾ ਵੇ ਜੱਟਾ ਤੇਰੀਆਂ ਅੱਖਾਂ ’ਚ ਹੰਝੂਆਂ ਦਾ ਸਮੁੰਦਰ ਤੇ ਸਿਰ ਦੇ ਮੜਾਸੇ ਵਿੱਚ ਧੂੜ ਘੱਟਾ
ਅਸ਼ੋਕ ਵਰਮਾ
ਬਠਿੰਡਾ,19 ਅਪ੍ਰੈਲ 2025: ਚੰਦਰੀ ਅੱਗ ਨੇ ਪੰਜਾਬ ਦੇ ਸੈਂਕੜੇ ਕਿਸਾਨਾਂ ਦੀ ਦਿਨ ਰਾਤ ਮਿਹਨਤ ਨਾਲ ਪੈਦਾ ਕੀਤੀ ਕਣਕ ਐਨ ਆਖਰੀ ਮੌਕੇ ਰਾਖ ਕਰ ਦਿੱਤੀ ਹੈ। ਜਿਣਸ ਦਾ ਕਿਸਾਨਾਂ ਲਈ ਕੀ ਮਹੱਤਵ ਹੈ ਇਹ ਕਿਸਾਨ ਜਰਨੈਲ ਸਿੰਘ ਤੋਂ ਜਿਆਦਾ ਕੌਣ ਸਮਝ ਸਕਦਾ ਹੈ ਜਿਸ ਨੇ ਫਸਲ ਆਉਣ ਤੇ ਆਪਣੀ ਧੀ ਨੂੰ ਬੂਹੇ ਤੋਂ ਉਠਾਉਣ ਦਾ ਫੈਸਲਾ ਕੀਤਾ ਸੀ। ਅਚਾਨਕ ਉੱਠੇ ਅੱਗ ਦੇ ਵਾਵਰੋਲੇ ਨੇ ਇਸ ਕਿਸਾਨ ਅਤੇ ਉਸਦੀ ਧੀ ਦੀਆਂ ਸੱਧਰਾਂ ਖਤਮ ਕਰ ਦਿੱਤੀਆਂ ਹਨ। ਇੱੱਥੇ ਹੀ ਬੱਸ ਨਹੀਂ ਇੱਕ ਪ੍ਰੀਵਾਰ ਲਈ ਤਾਂ ਇਹ ਅੱਗ ਕਰਜਾ ਵਧਣ ਅਤੇ ਦੋ ਧੀਆਂ ਲਈ ਝੋਰਿਆਂ ਦੀ ਪੰਡ ਲਿਆਈ ਹੈ । ਇਹ ਇਕੱਲੇ ਇਨ੍ਹਾਂ ਕਿਸਾਨ ਪ੍ਰੀਵਾਰਾਂ ਦਾ ਮਾਮਲਾ ਨਹੀਂ ਬਲਕਿ ਦਰਜਨਾਂ ਕਿਸਾਨ ਪ੍ਰੀਵਾਰ ਹਨ ਜਿਨ੍ਹਾਂ ਨੇ ਫਸਲ ਆਉਣ ਤੇ ਆਪਣੀ ਕਬੀਲਦਾਰੀ ਨਾਲ ਨਜਿੱਠਣ ਦੀ ਵਿਉਂਤਬੰਦੀ ਕੀਤੀ ਸੀ ਜੋ ਹੁਣ ਧਰੀ ਧਰਾਈ ਰਹਿ ਗਈ ਹੈ।
ਇੰਨ੍ਹਾਂ ਦਿਨਾਂ ਦੌਰਾਨ ਪੰਜਾਬ ਵਿੱਚ ਵਾਪਰੀਆਂ ਕਣਕ ਨੂੰ ਅੱਗ ਲੱਗਣ ਦੀਆਂ ਦਰਜਨਾਂ ਦਰਦਨਾਕ ਘਟਨਾਵਾਂ ਚਿੰਤਾ ਅਤੇ ਚਿੰਤਨ ਕਰਨ ਵਾਲੀਆਂ ਹਨ। ਸਭ ਤੋਂ ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦਾ ਹੈ ਜਿੱਥੇ ਅਚਾਨਕ ਲੱਗੀ ਅੱਗ ਨੇ 50 ਏਕੜ ਕਣਕ ਅਤੇ ਨਾੜ ਨੂੰ ਰਾਖ ਬਣਾ ਦਿੱਤਾ ਹੈ। ਦੋ ਦਿਨ ਪਹਿਲਾਂ ਤਲਵੰਡੀ ਸਾਬੋ ਅਤੇ ਨੱਤ ਪਿੰਡ ਦੀ ਹੱਦ ’ਤੇ ਅੱਗ ਲੱਗਣ ਨਾਲ 16 ਏਕੜ ਦੇ ਕਰੀਬ ਕਣਕ ਸੜ ਕੇ ਸਵਾਹ ਹੋ ਗਈ। ਇਸ ਘਟਨਾ ਦੌਰਾਨ ਰਣਜੀਤ ਸਿੰਘ ਮਾਟਾ ਵਾਸੀ ਨੱਤ ਦੀ ਛੇ ਏਕੜ, ਕੁਲਦੀਪ ਸਿੰਘ ਚਾਹਲ ਵਾਸੀ ਤਲਵੰਡੀ ਸਾਬੋ ਦੀ ਛੇ ਏਕੜ ਅਤੇ ਠੇਕੇ ਤੇ ਜਮੀਨ ਲੈਣ ਵਾਲੇ ਰਣਜੀਤ ਸਿੰਘ ਵਾਸੀ ਲੇਲੇਵਾਲਾ ਦੀ ਚਾਰ ਏਕੜ ਫਸਲ ਸੜ ਕੇ ਸਵਾਹ ਹੋਈ ਹੈ। ਅੱਗ ਨੇ ਪੰਜਾਬ ਦੇ ਇੱਕ ਪਿੰਡ ਵਿੱਚ ਤਾਂ ਸੈਂਕੜੇ ਏਕੜ ਕਣਕ ਫਸਲ ਨੂੰ ਰਾਖ ਵਿੱਚ ਤਬਦੀਲ ਕਰ ਦਿੱਤਾ ਹੈ।
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਇਹ ਸਿਰਫ ਮਿਸਾਲਾਂ ਹਨ ਅਤੇ ਜਿਆਦਾਤਰ ਜਿਲ੍ਹੇ ਅਜਿਹੇ ਹਨ ਜਿੰਨ੍ਹਾਂ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਣਕ ਨੂੰ ਹਰ ਸਾਲ ਲੱਗਦੀ ਅੱਗ ਦੇ ਬਾਵਜੂਦ ਇਹ ਵਰਤਾਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਾਂ ਫਿਰ ਰੋਕਣ ਦੀ ਕੋਸ਼ਿਸ਼ ਹੀ ਨਹੀਂ ਹੋ ਰਹੀ ਹੈ। ਕਿਸਾਨ ਆਖਦੇ ਹਨ ਕਿ ਇੰਜ ਅੱਖਾਂ ਦੇ ਸਾਹਮਣੇ ਸੱਪਾਂ ਦੀਆਂ ਸਿਰੀਆਂ ਮਿਧਕੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਸੁਆਹ ਹੋ ਜਾਣਾ ਕੋਈ ਸਹਿਜ ਨਹੀਂ ਹੁੰਦਾ ਹੈ। ਜਿੰਨ੍ਹਾਂ ਦੀ ਸੜ ਗਈ ਉਨ੍ਹਾਂ ਦੇ ਘਰੀਂ ਤਾਂ ਦੁੱਖਾਂ ਦੀ ਪੰਡ ਟਿਕੀ ਹੈ ਬਲਕਿ ਭਰਪੂਰ ਫਸਲ ਹੋਣ ਦੇ ਬਾਵਜੂਦ ਵੀ ਸਿਰ ਟਿਕੀ ਕਰਜੇ ਦੀ ਪੰਡ ਕਾਰਨ ਜਿਆਦਾਤਰ ਕਿਸਾਨ ਪ੍ਰੀਵਾਰਾਂ ਦੇ ਹਿੱਸੇ ਪਲ ਦੋ ਪਲ ਦੀ ਖੁਸ਼ੀ ਵੀ ਨਹੀਂ ਆਈ ਹੈ।
ਉੱਪਰੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਖਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਲਿਆ ਦਿੱਤੀਆਂ ਹਨ। ਕੋਈ ਵੇਲਾ ਸੀ ਜਦੋਂ ਪੰਜਾਬ ਦਾ ਦੁੱਲਾ ਜੱਟ ਹਾੜ੍ਹੀ ਸਾਉਣੀ ਦਮਾਮੇ ਮਾਰਦਾ ਸੀ ਪਰ ਸਰਕਾਰਾਂ ਅਤੇ ਲਗਾਤਾਰ ਪਈਆਂ ਮਾਰਾਂ ਨੇ ਉਸ ਨੂੰ ਦਮੋ ਕੱਢ ਦਿੱਤਾ ਹੈ।, ਤਾਹੀਓਂ ਤਾਂ ਜਿਣਸ ਦੇ ਢੇਰਾਂ ਚੋਂ ਆਪਣੇ ਨਸੀਬ ਫਰੋਲਣ ਵਾਲਾ ਦੋਰਾਹੇ ਤੇ ਖੜ੍ਹਾ ਹੈ । ਜਿੰਨ੍ਹਾਂ ਕਿਸਾਨਾਂ ਦੇ ਘਰੀਂ ਦਮਾਮੇ ਵੱਜਣੇ ਸਨ ਹੁਣ ਉਨ੍ਹਾਂ ਦੇ ਬੂਹਿਆਂ ਤੇ ਉਦਾਸੀ ਦਾ ਪਹਿਰਾ ਹੈ । ਹਕੂਮਤਾਂ ਬੇਵਸ ਖੇਤਾਂ ਦੀ ਨਜ਼ਾਕਤ ਸਮਝਦੀਆਂ ਤਾਂ ਕਿਸਾਨਾਂ ਦੇ ਘਰੀ ਖੁਸ਼ੀਆਂ ਖੇੜਿਆਂ ਦਾ ਮਹੌਲ ਬਣਨਾ ਸੀ ਪਰ ਅੱਗ ਨੇ ਘਰੇਲੂ ਅਰਥਚਾਰਾ ਪੂਰੀ ਤਰ੍ਹਾਂ ਨਿਸਲ ਕਰਕੇ ਰੱਖ ਦਿੱਤਾ ਹੈ। ਦੁੱਖ ਦੀ ਗੱਲ ਹੈ ਕਿ ਖੇਤੀ ਸੰਕਟ ਸਿਆਸੀ ਧਿਰਾਂ ਲਈ ਵੋਟਾਂ ਦਾ ਰਾਹ ਤਾਂ ਬਣਿਆ ਪਰ ਉਨ੍ਹਾਂ ਕਿਸਾਨਾਂ ਦੀ ਸਾਰ ਨਹੀਂ ਲਈ ਹੈ।
ਪੀੜਤਾਂ ਲਈ ਤੁਰੰਤ ਮੁਆਵਜਾ: ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਫਸਲ ਨੂੰ ਹਰ ਸਾਲ ਅਜਿਹੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਸਰਕਾਰ ਅੱਗ ਬੁਝਾਉਣ ਦੇ ਢੁੱਕਵੇਂ ਪ੍ਰਬੰਧ ਕਰਨ ’ਚ ਫੇਲ੍ਹ ਰਹੀ ਹੈ ਜੋ ਕਿਸਾਨਾਂ ਲਈ ਹਰ ਸਾਲ ਆਰਥਿਕ ਰਗੜੇ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਫਸਲਾਂ ਤਬਾਹ ਹੋਣ ਦੇ ਸਿੱਟੇ ਵਜੋਂ ਘਟਦੀ ਆਮਦਨ ਕਾਰਨ ਵਧ ਰਿਹਾ ਕਰਜ਼ਾ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਧੱਕ ਰਿਹਾ ਹੈ ਪਰ ਸਰਕਾਰ ਸਥਿਤੀ ਦੀ ਨਜ਼ਾਕਤ ਨੂੰ ਸਮਝ ਨਹੀਂ ਰਹੀ ਹੈ। ਕਿਸਾਨ ਆਗੂ ਨੇ ਸਰਕਾਰ ਤੋਂ ਕਣਕ ਨੂੰ ਅੱਗ ਲੱਗਣ ਤੋਂ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜਾ ਤੁਰੰਤ ਦੇਣ ਦੀ ਮੰਗ ਕੀਤੀ ਹੈ।
ਕਿਸਾਨ ਪੱਖੀ ਨੀਤੀਆਂ ਦੀ ਲੋੜ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰਾਂ ਫਸਲ ਸੜਨ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਦੀ ਢੁੱਕਵੀਂ ਸਹਾਇਤਾ ਕਰਨ ਤੋਂ ਕੰਨੀ ਕਤਰਾਉਂਦੀਆਂ ਆ ਰਹੀਆਂ ਹਨ ਜਦੋਂਕਿ ਇਹ ਸਹਾਇਤਾ ਤੁਰੰਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤਾਂ ਨਾਲ ਮੇਲ ਨਾ ਖਾਣ ਕਰਕੇ ਫ਼ਸਲੀ ਬੀਮਾ ਯੋਜਨਾ ਵੀ ਕਿਸਾਨਾਂ ਲਈ ਰਾਹਤ ਦਾ ਸਬੱਬ ਨਹੀਂ ਬਣ ਸਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਹੁਣ ਤੱਕ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕੋਈ ਵੀ ਠੋਸ ਕਾਰਜ ਯੋਜਨਾ ਨਹੀਂ ਉਲੀਕੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਖੇਤੀ ਪੱਖੀ ਨੀਤੀ ਨਾਂ ਲਿਆਂਦੀ ਤਾਂ ਆਉਣ ਵਾਲੇ ਸਾਲਾਂ ਦੌਰਾਨ ਅਨਾਜ ਲਈ ਦੂਜੇ ਮੁਲਕਾਂ ਮੂਹਰੇ ਹੱਥ ਅੱਡਣੇ ਪੈਣਗੇ।